ਅੰਮ੍ਰਿਤਸਰ – ਜੂਨ 1984 ਤੀਜੇ ਘੱਲੂਘਾਰੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸਮੂਹ ਸ਼ਹੀਦ ਸਿੰਘ/ਸਿੰਘਣੀਆਂ ਭੁਝੰਗੀਆ ਦੀ ਯਾਦ ਅੰਦਰ ਸ਼ਹੀਦ ਭਾਈ ਬਲਦੇਵ ਸਿੰਘ ਜੀ ਦੀ 37ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਜੇਠੂਵਾਲ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਸਦਕਾ ਮਨਾਈ ਗਈ।
ਪ੍ਰੋ; ਸਰਚਾਂਦ ਸਿੰਘ ਅਨੁਸਾਰ ਇਸ ਮੌਕੇ ਜਥੇਦਾਰ ਬਲਵਿੰਦਰ ਸਿੰਘ ਜੋਧਪੁਰੀ ਵੱਲੋਂ ਜੂਨ ’84 ਦੇ ਹਮਲੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਆਪਣੇ ਪਿੰਡੇ ਹੰਢਾਈ ਜ਼ੁਲਮ ਦੀ ਦਾਸਤਾਨ ਸੁਣਾਈ ਗਈ। ਸੀਨੀਅਰ ਅਕਾਲੀ ਆਗੂ ਸਰਦਾਰ ਗੱਜਣ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਲਈ ਤਤਕਾਲੀ ਹਕੂਮਤ ਨੂੰ ਕਸੂਰਵਾਰ ਗਰਦਾਨਦਿਆਂ ਕਿਹਾ ਕਿ ਜੇਕਰ ਕੇਂਦਰੀ ਹਕੂਮਤ ਪੰਜਾਬ ਦੀਆਂ ਹੱਕੀ ਮੰਗਾਂ ਪ੍ਰਤੀ ਸੁਹਿਰਦ ਹੁੰਦੀ ਤਾਂ ਐਸੇ ਹਾਲਾਤ ਕਦੇ ਪੈਦਾ ਹੀ ਨਾ ਹੁੰਦੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਤਿੰਨ ਤਰ੍ਹਾਂ ਦੇ ਲੋਕਾਂ ਦੀਆਂ ਸ਼ਹਾਦਤਾਂ ਹੋਈਆਂ। ਪਹਿਲੇ ਉਹ ਮਰਜੀਵੜੇ ਸਿੰਘ ਜਿੰਨਾ ਪੰਜਾਬ ਦੀਆਂ ਹੱਕੀ ਮੰਗਾਂ ਲਈ ਧਰਮ ਯੁੱਧ ਮੋਰਚੇ ਤੋਂ ਲੈ ਕੇ ਸ਼ਹਾਦਤਾਂ ਤੱਕ ਸਿੱਖੀ-ਸਿਦਕ ਨਿਭਾ ਕੇ ਅਠਾਰ੍ਹਵੀਂ ਸਦੀ ਦਾ ਇਤਿਹਾਸ ਦੁਹਰਾਉਂਦਿਆਂ ਇਤਿਹਾਸ ਦੀ ਅਨੋਖੀ ਕੁਰਬਾਨੀ ਦਿੱਤੀ। ਦੂਸਰੇ ਉਹ ਬੇਕਸੂਰ ਸਿੱਖ ਸ਼ਰਧਾਲੂ ਜੋ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ ਸਨ ਪਰ ਕਰਫ਼ਿਊ ਲੱਗਣ ਕਾਰਨ ਉਹ ਬਾਹਰ ਨਾ ਆ ਸਕੇ ਜਿੰਨਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੇ ਫੌਜ਼ ਵੱਲੋਂ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ। ਤੀਸਰੀ ਸ਼੍ਰੇਣੀ ਵਿਚ ਇਹ ਸਿੱਖ ਸਨ ਜਿੰਨਾ ਵਿਚ ਭਾਈ ਬਲਦੇਵ ਸਿੰਘ ਜੀ ਆਉਂਦੇ ਹਨ। ਜੋ ਹਮਲੇ ਦੀ ਖ਼ਬਰ ਸੁਣ ਕੇ ਆਪਣੇ/ਆਪਣੇ ਪਿੰਡਾਂ ਚੋਂ ਜਥੇ ਲੈ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ। ਜਥੇਦਾਰ ਬਲਦੇਵ ਸਿੰਘ ਨੂੰ ਜਦੋਂ ਹਮਲੇ ਦੀ ਖ਼ਬਰ ਮਿਲੀ ਉਸ ਵਕਤ ਉਹ ਆਪਣੇ ਖੇਤਾਂ ਵਿੱਚ ਹਲ੍ਹ ਵਾਹ ਰਹੇ ਸਨ। ਹਮਲੇ ਦੀ ਖ਼ਬਰ ਉਨ੍ਹਾਂ ਲਈ ਏਨਾ ਡੂੰਘਾ ਸਦਮਾ ਸੀ ਕਿ ਭਾਈ ਸਾਹਿਬ ਆਪਣੇ ਬਲਦ ਵੀ ਖੇਤਾਂ ’ਚ ਛੱਡ ਕੇ ਭੱਜ ਆਏ। ਸਭ ਤੋਂ ਪਹਿਲਾਂ ਉਨ੍ਹਾਂ ਪਿੰਡ ਦੇ ਗੁਰਦੁਆਰਾ ਸਾਹਿਬ ਪਹੁੰਚ ਕੇ ਮਾਈਕ ਰਾਹੀਂ ਅਨਾਊਂਸਮੈਂਟ ਕਰਕੇ ਕਿਹਾ ਚਲੋ ਸਿੰਘੋ ਅੱਜ ਗੁਰੂ ਪਾਤਸ਼ਾਹ ਦੇ ਦਰ ’ਤੇ ਭੀੜ ਬਣੀ ਹੈ। ਸ਼ਹਾਦਤਾਂ ਦਾ ਵਕਤ ਆ ਗਿਆ ਹੈ 13 ਸਿੱਖਾਂ ਦਾ ਜਥਾ ਲੈ ਕੇ 3 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਵਰ੍ਹਦੀਆਂ ਗੋਲੀਆਂ ’ਚ ਪਹੁੰਚੇ, 5 ਜੂਨ ਨੂੰ ਗੁਰੂ ਰਾਮਦਾਸ ਸਰਾਂ ਅੰਦਰ ਸ਼ਹੀਦੀ ਪ੍ਰਾਪਤ ਕਰ ਗਏ। ਭਾਈ ਸਾਹਿਬ ਜੀ ਦੀ ਮ੍ਰਿਤਕ ਦੇਹ ਵੀ ਪ੍ਰਾਪਤ ਨਹੀਂ ਹੋਈ ਸੀ । ਜਥੇਦਾਰ ਬਲਦੇਵ ਸਿੰਘ ਨਾਲ ਪਹੁੰਚੇ ਸਾਥੀਆਂ ਚੋਂ ਜਥੇਦਾਰ ਬਲਵਿੰਦਰ ਸਿੰਘ, ਸ੍ਰ ਬਲਰਾਜ ਸਿੰਘ ਬੁੱਟਰ, ਹਰਪਾਲ ਸਿੰਘ ਬੁੱਟਰ, ਨਿਰਭੈਲ ਸਿੰਘ ਬੁੱਟਰ ਲੰਮਾ ਸਮਾਂ ਜੋਧਪੁਰ ਜੇਲ੍ਹ ਵਿਚ ਨਜ਼ਰਬੰਦ ਰਹੇ। ਜਥੇ ਦੇ ਬਾਕੀ ਮੈਂਬਰ ਗ੍ਰਿਫ਼ਤਾਰੀ ਤੋਂ ਬਾਅਦ ਨਾਭਾ ਜੇਲ੍ਹ ਚੋਂ ਰਿਹਾ ਹੋਏ ਸਨ। ਸ਼ਹੀਦੀ ਸਮਾਗਮ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਬਲਦੇਵ ਸਿੰਘ ਜੀ ਦੀ ਸਪੁੱਤਰੀ ਬੀਬੀ ਜਸਬੀਰ ਕੌਰ ਅਤੇ ਭਾਜੀ ਪਰਮਜੀਤ ਸਿੰਘ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਨੌਜਵਾਨ ਆਗੂ ਤੇ ਸਿੱਖ ਚਿੰਤਕ ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਕੁਲਦੀਪ ਸਿੰਘ ਨੰਬਰਦਾਰ, ਜਗਵਿੰਦਰ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਜੇ,ਈ , ਉਸਤਾਦ ਮੰਗਲ ਸਿੰਘ, ਸ੍ਰ ਬੂਟਾ ਸਿੰਘ, ਭਾਈ ਮਨਜੀਤ ਸਿੰਘ ਮਿਸ਼ਨਰੀ, ਬਾਬਾ ਕੁਲਜੀਤ ਸਿੰਘ, ਬਾਬਾ ਮੰਗਲ ਸਿੰਘ, ਬਾਬਾ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।