ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਸਰਕਾਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ ਤਿੰਨ ਦਿਨਾਂ ਵਿੱਚ ਲੱਗਭਗ 600 ਪ੍ਰਵਾਸੀਆਂ ਨੇ ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਗ੍ਰਹਿ ਦਫਤਰ ਅਨੁਸਾਰ ਯੂਕੇ ਬਾਰਡਰ ਫੋਰਸ ਨੇ ਸ਼ੁੱਕਰਵਾਰ ਨੂੰ ਚਾਰ ਕਿਸ਼ਤੀਆਂ ‘ਤੇ 83 ਅਤੇ ਵੀਰਵਾਰ ਨੂੰ ਅੱਠ ਕਿਸ਼ਤੀਆਂ ‘ਤੇ 201 ਲੋਕਾਂ ਨੂੰ ਗ੍ਰਿਫਤਾਰ ਕੀਤਾ। ਗੈਰਕਾਨੂੰਨੀ ਪ੍ਰਵਾਸੀਆਂ ਦੀ ਇਸ ਆਮਦ ਦੌਰਾਨ ਫ੍ਰੈਂਚ ਅਧਿਕਾਰੀਆਂ ਨੇ ਵੀ ਬੁੱਧਵਾਰ ਅਤੇ ਵੀਰਵਾਰ ਨੂੰ 171 ਲੋਕਾਂ ਨਾਲ ਸਬੰਧਤ 9 ਕਰਾਸਿੰਗਾਂ ਨਾਲ ਨਜਿੱਠਣ ਤੋਂ ਬਾਅਦ ਸ਼ੁੱਕਰਵਾਰ ਨੂੰ ਅੱਠ ਕਰਾਸਿੰਗਾਂ ਵਿੱਚ 130 ਲੋਕਾਂ ਨੂੰ ਰੋਕਿਆ। ਯੂਕੇ ਵਿੱਚ ਪਿਛਲੇ ਸਾਲ ਦੀ ਇਸੇ ਸਮੇਂ ਦੇ ਮੁਕਾਬਲੇ ਇਸ ਸਾਲ ਚੈਨਲ ਨੂੰ ਪਾਰ ਕਰਨ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਦੁੱਗਣਾ ਵਾਧਾ ਹੋਇਆ ਹੈ। ਇਸ ਗਿਣਤੀ ਨੂੰ ਵੇਖਦਿਆਂ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਫਰਾਂਸ ਤੋਂ ਮੰਗ ਕੀਤੀ ਹੈ ਕਿ ਉਹ ਉਹਨਾਂ ਪਰਵਾਸੀਆਂ ਨੂੰ ਵਾਪਸ ਲੈਣ ਜਿਨ੍ਹਾਂ ਨੂੰ ਇੰਗਲਿਸ਼ ਚੈਨਲ ਨੂੰ ਛੋਟੀਆਂ ਕਿਸ਼ਤੀਆਂ ਨਾਲ ਪਾਰ ਕਰਦਿਆਂ ਰੋਕਿਆ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਸ ਸਾਲ ਹੁਣ ਤੱਕ 3500 ਤੋਂ ਵੱਧ ਲੋਕਾਂ ਨੂੰ ਖ਼ਤਰਨਾਕ ਢੰਗ ਨਾਲ ਇੰਗਲਿਸ਼ ਚੈਨਲ ਪਾਰ ਕਰਨ ਤੋਂ ਰੋਕਿਆ ਗਿਆ ਹੈ।
ਯੂਕੇ ਵਿੱਚ ਲੱਗਭਗ 600 ਪ੍ਰਵਾਸੀਆਂ ਨੇ ਤਿੰਨ ਦਿਨਾਂ ‘ਚ ਕੀਤੀ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼
This entry was posted in ਅੰਤਰਰਾਸ਼ਟਰੀ.