ਸਾਨੂੰ ਅਰਥਵਿਵਸਥਾ ਅਤੇ ਵਾਤਾਵਰਣ ਦੇ ਵਿਕਾਸ ਨੂੰ ਇਕੱਠੇ ਲੈ ਕੇ ਜਾਣਾ ਪਵੇਗਾ, ਕਿਉਂਕਿ ਇਨ੍ਹਾਂ ਵਿਚੋਂ ਕਿਸੇ ਇੱਕ ਨੂੰ ਨਜ਼ਰਅੰਦਾਜ਼ ਕਰਦਿਆਂ ਅਸੀਂ ਸਥਿਰ ਵਿਕਾਸ ਟੀਚਿਆਂ ਦੀ ਪ੍ਰਾਪਤੀ ਨਹੀਂ ਕਰ ਸਕਦੇ।ਮੰਗ ਅਨੁਸਾਰ ਕੁਦਰਤੀ ਸਰੋਤਾਂ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਤੋਂ ਬਾਅਦ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਦੀ ਘਾਟ ਵਾਤਾਵਰਣ ਸਮੱਸਿਆਵਾਂ ਦਾ ਕਾਰਨ ਹੈ।ਕੁਦਰਤੀ ਸਰੋਤਾਂ ਦੀ ਵਰਤੋਂ ਜ਼ਰੂਰੀ ਹੈ ਪਰ ਸਾਨੂੰ ਸਰੋਤਾਂ ਦਾ ਪੁਨਰਨਿਰਮਾਣ ਕਰਕੇ ਕੁਦਰਤ ਦੀ ਪੁਰਾਣੀ ਅਵਸਥਾ ’ਚ ਵਾਪਸ ਜਾਣਾ ਪਵੇਗਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੰਗਲਾਤ ਵਿਭਾਗ ਕਰਨਾਟਕ ਦੇ ਪੀ.ਸੀ.ਸੀ.ਐਫ਼ ਡਾ. ਜਗਮੋਹਨ ਸ਼ਰਮਾ (ਆਈ.ਐਫ਼.ਐਸ) ਨੇ ਵਾਤਾਵਰਣ ਦਿਵਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੀਤਾ।ਆਨਲਾਈਨ ਸੰਮੇਲਨ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਾਤਾਵਰਣ ਪ੍ਰੇਮੀਆਂ, ਮਾਹਿਰਾਂ ਨੇ ਵਾਤਾਵਰਣ ਪ੍ਰਣਾਲੀ ਨੂੰ ਮੁੜ ਸਥਾਪਿਤ ਕਰਨ ਅਤੇ ਸੁਰੱਖਿਅਤ ਰੱਖਣ ਸਬੰਧੀ ਵਿਸ਼ੇ ’ਤੇ ਵਿਚਾਰਾਂ ਦੀ ਸਾਂਝ ਪਾਈ।
ਚੰਡੀਗੜ੍ਹ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਵਿਸ਼ਵਵਿਆਪੀ ਪੱਧਰ ’ਤੇ ਵਾਤਾਵਰਣ ਪ੍ਰਣਾਲੀਆਂ ਅਤੇ ਸਰੋਤਾਂ ਦੇ ਨਿਘਾਰ ਨੂੰ ਰੋਕਣ ਸਬੰਧੀ ਨਾਜ਼ੁਕ ਮੁੱਦਿਆਂ ’ਤੇ ਅਹਿਮ ਵਿਚਾਰ ਚਰਚਾ ਹੋਈ।ਵਿਚਾਰ ਚਰਚਾ ਤੋਂ ਪਹਿਲਾਂ ’ਵਰਸਿਟੀ ਦੇ ਵਾਈਸ ਚਾਂਸਲਰ ਡਾ. ਐਚ.ਬੀ ਰਾਘਵੇਂਦਰ ਵੱਲੋਂ ਕੈਂਪਸ ਪਰੀਸਰ ਵਿਖੇ ਪੌਦੇ ਲਗਾ ਕੇ ਸਭਨਾਂ ਨੂੰ ਵਾਤਾਵਰਣ ਸੰਭਾਲ ਸਬੰਧੀ ਸੁਨੇਹਾ ਦਿੱਤਾ ਗਿਆ।ਇਸ ਦੌਰਾਨ ’ਵਰਸਿਟੀ ਵੱਲੋਂ 500 ਦੇ ਕਰੀਬ ਪੌਦਿਆਂ ਦੀ ਵੰਡ ਕੀਤੀ ਗਈ।ਉਪਰੰਤ, ਅੰਤਰਰਾਸ਼ਟਰੀ ਸੰਮੇਲਨ ਦੌਰਾਨ ਉੱਘੇ ਵਾਤਾਵਰਣ ਪ੍ਰੇਮੀ ਅਤੇ ਸਰਕਾਰੀ ਡੰਕਰ ਕਾਲਜ (ਬੀਕਾਨੇਰ) ਦੇ ਸਹਿਯੋਗੀ ਪ੍ਰੋਫੈਸਰ ਸ਼੍ਰੀ ਸ਼ਿਆਮ ਸੁੰਦਰ ਜਿਆਣੀ, ਵਾਤਾਵਰਣ ਖੋਜਕਰਤਾ ਤੇਂਗੁਆਨ ਕਿਮ ਅਤੇ ਯੂ.ਆਰ.ਆਈ (ਦੱਖਣੀ ਅਫ਼ਰੀਕਾ) ਦੀ ਗਲੋਬਲ ਯੂਥ ਕੋਆਰਡੀਨੇਟਰ ਸ਼੍ਰੀਮਤੀ ਸਾਰਾ ਓਲੀਵਰ ਨੇ ਵਿਸ਼ੇ ਸਬੰਧੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
ਸੰਮੇਲਨ ਨੂੰ ਸੰਬੋਧਨ ਕਰਦਿਆਂ ਡਾ. ਜਗਮੋਹਨ ਸ਼ਰਮਾ ਨੇ ਕਿਹਾ ਕਿ ਮਨੁੱਖ ਧਰਤੀ ਦਾ ਸੱਭ ਤੋਂ ਸ਼ਕਤੀਸ਼ਾਲੀ ਪ੍ਰਾਣੀ ਹੈ ਅਤੇ ਮਨੁੱਖੀ ਆਬਾਦੀ ਵਧਣ ਕਾਰਨ ਲੋੜਾਂ ਵੀ ਵਧਦੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਵਾਤਾਵਰਣ ਸੰਭਾਲ ਸਬੰਧੀ ਗਤੀਵਿਧੀਆਂ ਨੂੰ ਵਧਾਉਣਾ ਅਤੇ ਕਾਰੋਬਾਰੀ ਉਦੇਸ਼ਾਂ ਨੂੰ ਬਦਲ ਕੇ ਕੁਦਰਤੀ ਸਰੋਤਾਂ ’ਚ ਨਿਵੇਸ਼ ਕਰਨਾ ਸਮੇਂ ਦੀ ਮੁੱਖ ਲੋੜ ਹੈ।ਜਿਸ ਲਈ ਸਾਨੂੰ ਵਿਸ਼ਵਵਿਆਪੀ ਪੱਧਰ ’ਤੇ ਇੱਕਜੁੱਟ ਹੋ ਕੇ ਸਥਿਰ ਵਿਕਾਸ ਟੀਚਿਆਂ, ਬੰਜ਼ਰ ਜ਼ਮੀਨਾਂ ਨੂੰ ਉਪਜਾਊ ਬਣਾਉਣਾ, ਰੁੱਖ ਲਗਾਉਣ ਅਤੇ ਵਾਤਾਵਰਣ ਸਬੰਧੀ ਖੋਜਾਂ ਨੂੰ ਉਤਸ਼ਾਹਿਤ ਕਰਨਾ ਪਵੇਗਾ।ਸਾਡੀ ਕਾਰਜ ਪ੍ਰਣਾਲੀ ਜਾਂ ਜੀਵਨ ਸੱਭਿਆਚਾਰ ਵਾਤਾਵਰਣ ਸਮੱਸਿਆਵਾਂ ਦਾ ਕਾਰਨ ਬਣ ਕੇ ਉਭਰਿਆ ਹੈ।ਉਨ੍ਹਾਂ ਕਿਹਾ ਕਿ ਮਨੁੱਖੀ ਵਿਕਾਸ ਬੇਨਿਯਮਿਤ ਅਤੇ ਬੇਤਰਤੀਬ ਢੰਗ ਨਾਲ ਹੋ ਰਿਹਾ ਹੈ ਅਤੇ ਜਿਸ ਦਿਸ਼ਾ ’ਚ ਅਜੋਕਾ ਸਮਾਜ ਅੱਗੇ ਵੱਧ ਰਿਹਾ ਹੈ ਉਥੋਂ ਵਾਪਸ ਮੁੜਨਾ ਬਹੁਤ ਕਠਿਨ ਹੋ ਜਾਵੇਗਾ।ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਪੁਰਾਣੇ ਸਮਿਆਂ ’ਚ ਮਨੁੱਖ ਕੁਦਰਤੀ ਸਰੋਤਾਂ ਦੀ ਵਰਤੋਂ ਸਿਰਫ਼ ਰੋਜ਼ੀ ਰੋਟੀ ਲਈ ਲਈ ਕਰਦਾ ਸੀ ਪਰ ਵਰਤਮਾਨ ’ਚ ਸਾਡੀਆਂ ਗਤੀਵਿਧੀਆਂ, ਰਾਜਨੀਤੀ ਅਤੇ ਤਕਨੀਕੀ ਵਿਕਾਸ ਦੇ ਸਿੱਟੇ ਵਜੋਂ ਕੁਦਰਤ ਦਾ ਅੰਨ੍ਹੇਵਾਹ ਸ਼ੋਸ਼ਣ ਕਰਨ ਦੀ ਸ਼ੁਰੂਆਤ ਹੋਈ ਹੈ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਵਾਤਾਵਰਣ ਚੇਤਨਾ ਅਤੇ ਵਾਤਾਵਰਣ ਲਹਿਰ ਦੇ ਰੂਪ ’ਚ ਪਹਿਲੀ ਵਾਤਾਵਰਣ ਕਾਨਫ਼ਰੰਸ 1972 ਵਿੱਚ ਆਯੋਜਿਤ ਕੀਤੀ ਗਈ ਸੀ, ਜਿਸ ਦੌਰਾਨ ਧਰਤੀ ਦੇ ਸਿਧਾਂਤ ਨੂੰ ਵਿਸ਼ਵਵਿਆਪੀ ਢੰਗ ਨਾਲ ਮਾਨਤਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹਵਾ ਪ੍ਰਦੂਸ਼ਣ ਅਤੇ ਨਿਯੰਤਰਣ ਐਕਟ 1981, ਜੰਗਲਾਤ ਸੰਭਾਲ ਐਕਟ 1980 ਅਤੇ ਵਾਤਾਵਰਣ ਸੁਰੱਖਿਆ ਐਟ 1986 ਵਰਗੀਆਂ ਕਈ ਸਕਾਰਾਤਮ ਪਹਿਲੀਕਦਮੀਆਂ ਕੀਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਇਸ ਸਾਲ ਓਵਰਸ਼ੂਟ ਡੇਅ 29 ਜੁਲਾਈ ਨੂੰ ਮਨਾਇਆ ਜਾਵੇਗਾ, ਜਿਸ ਦਾ ਅਰਥ ਹੈ ਕਿ ਅਸੀਂ ਪਹਿਲਾਂ ਹੀ ਕੁਦਰਤੀ ਸਰੋਤਾਂ ਦੀ ਵਰਤੋਂ ਕਰ ਚੁੱਕੇ ਹਾਂ ਅਤੇ ਉਸ ਤੋਂ ਬਾਅਦ ਸਾਡੀ ਜ਼ਰੂਰਤ ਵਾਤਾਵਰਣ ਵੱਲੋਂ ਹਮਲਾਵਰ ਮੰਗ ਨੂੰ ਦਰਸਾਉਂਦੀ ਹੈ।
ਇਸ ਮੌਕੇ ਸ਼੍ਰੀਮਤੀ ਸਾਰਾ ਓਲੀਵਰ ਨੇ ਨੌਜਵਾਨ ਪੀੜ੍ਹੀ ਨੂੰ ਵਾਤਾਵਰਣ ਪ੍ਰਣਾਲੀ ਦੀ ਸੁਰੱਖਿਆ ਲਈ ਅੱਗੇ ਆਉਣ ਸਬੰਧੀ ਪ੍ਰੇਰਦਿਆਂ ਕਿਹਾ ਕਿ ਨੌਜਵਾਨਾਂ ਵਿੱਚ ਸਕਰਾਤਮਕ ਤਬਦੀਲੀ ਲਿਆਉਣ ਦੀ ਸ਼ਕਤੀ ਹੈ ਜਿਸ ਦੀ ਅਸੀਂ ਉਮੀਦ ਕਰਦੇ ਹਾਂ।ਯੂ.ਆਰ.ਆਈ ਸੰਸਥਾ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਦੇ ਹਜ਼ਾਰ ਤੋਂ ਵੱਧ ਮੈਂਬਰ ਕੌਮਾਤਰੀ ਪੱਧਰ ’ਤੇ ਸਮਾਜਿਕ ਅਤੇ ਵਾਤਾਵਰਣ ਸਬੰਧੀ ਮੁਦਿਆਂ ’ਤੇ ਕੰਮ ਕਰ ਰਹੇ ਹਨ।ਮਨੁੱਖਾਂ ਵੱਲੋਂ ਤਕਨੀਕੀ ਯੁੱਗ ਦੇ ਹਾਣੀ ਬਣਨ ਦੀ ਹੋੜ ’ਚ ਕੁਦਰਤ ਨੂੰ ਅੱਖੋਂ ਪਰੋਖੇ ਕਰਨਾ ਵਾਤਾਵਰਣ ਸਬੰਧੀ ਸਮੱਸਿਆਵਾਂ ਦਾ ਕਾਰਨ ਹੈ।ਇੱਕ ਸਿਹਤਮੰਦ ਜ਼ਿੰਦਗੀ ਬਸਰ ਕਰਨ ਲਈ ਸੰਸਾਰਿਕ ਪੱਧਰ ’ਤੇ ਵਾਤਾਵਰਣਿਕ ਸੁਧਾਰਾਂ ਲਈ ਨੌਜਵਾਨਾਂ ਦਾ ਅੱਗੇ ਆਉਣਾ ਸਮੇਂ ਦੀ ਲੋੜ ਹੈੇ।ਉਨ੍ਹਾਂ ਕਿਹਾ ਕਿ ਵੱਡੇ ਪੱਧਰ ’ਤੇ ਪੈਦਾ ਹੋ ਰਹੇ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਆਪਣੇ ਪੱਧਰ ’ਤੇ ਯੋਗਦਾਨ ਪਾ ਕੇ ਕੁਦਰਤੀ ਅਧਿਕਾਰਾਂ ਦੀ ਰਾਖੀ ਕਰਨੀ ਪਵੇਗੀ, ਤਾਂ ਜੋ ਧਰਤੀ ਨੂੰ ਰਹਿਣਯੋਗ ਬਣਾਇਆ ਜਾ ਸਕੇ।
ਵਾਤਾਵਰਣ ਪ੍ਰਣਾਲੀ ਦੀ ਸੰਭਾਲ ਸਬੰਧੀ ਚਿੰਤਾ ਪ੍ਰਗਟ ਕਰਦਿਆਂ ਸ਼੍ਰੀ ਸ਼ਿਆਮ ਸੁੰਦਰ ਜਿਆਣੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵਾਤਾਵਰਣ ਸਬੰਧੀ ਮਸਲਿਆਂ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ।ਉਨ੍ਹਾਂ ਹਰ ਵਿਦਿਅਕ ਸੰਸਥਾ ’ਚ ’ਵਾਤਾਵਰਣ ਪਾਠਸ਼ਾਲਾ’ ਬਣਾਏ ਜਾਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਯੁਵਾ ਸ਼ਕਤੀ ਦਾ ਯੂ.ਐਨ ਦੇ ਵਾਤਾਵਰਣ ਸਬੰਧੀ ਸਥਿਰਵਿਕਾਸ ਟੀਚਿਆਂ ਪ੍ਰਤੀ ਜਾਣੂ ਹੋਣਾ ਅਤਿਅੰਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਖੇਤਬਾੜੀ ਅਤੇ ਉਦਯੋਗਿਕ ਵਿਕਾਸ ਲਈ ਜੰਗਲਾਤ ਅਤੇ ਦਰੱਖ਼ਤਾਂ ਦੀ ਕਟਾਈ ਕਾਰਨ ਅੱਜ ਸਮੁੱਚਾ ਵਿਸ਼ਵ ਮੌਸਮੀ ਤਬਦੀਲੀਆਂ ਅਤੇ ਬੇਅੰਤ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ।ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਉਦਯੋਗਿਕ ਪੱਧਰ ’ਤੇ ਜਾਗਰੂਕਤਾ ਪੈਦਾ ਕਰਨ ਲਈ ਸਮੁੱਚੀਆਂ ਐਨ.ਜੀਉਜ਼ ਅਤੇ ਸਮਾਜਿਕ ਸੰਸਥਾਵਾਂ ਨੂੰ ਇੱਕ ਮੰਚ ਸਥਾਪਿਤ ਕਰਨ ਦੀ ਲੋੜ ਹੈ, ਜਿਸ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਸੜਕ ਕਿਨਾਰੇ, ਖਾਲੀ ਸਥਾਨਾਂ ’ਚ ਬੂਟੇ ਲਗਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ।ਉਨ੍ਹਾਂ ਖੇਤੀਬਾੜੀ ’ਚ ਘੱਟ ਪਾਣੀ ਦੀ ਲੋੜ ਵਾਲੀਆਂ ਫ਼ਸਲਾਂ ਦੀ ਪੈਦਾਵਾਰ ਲਈ ਕਿਸਾਨਾਂ ਦਾ ਜਾਗਰੂਕ ਹੋਣਾ ਲਾਜ਼ਮੀ ਦੱਸਿਆ।
ਇਸ ਮੌਕੇ ਦੱਖਣੀ ਕੋਰੀਆ ਦੇ ਵਾਤਾਵਰਣ ਖੋਜਕਰਤਾ ਸ਼੍ਰੀ ਤੇਂਗੁਆਨ ਕਿਮ ਨੇ ਕਿਹਾ ਕਿ ਸਾਨੂੰ ਸੁਨਾਮੀ, ਭੂਚਾਨ, ਮੌਸਮ ਤਬਦੀਲੀ ਵਰਗੇ ਸੰਵੇਦਨਸ਼ੀਲ ਮੁੱਦਿਆਂ ਲਈ ਵਿਸ਼ਵਵਿਆਪੀ ਯਤਨਾਂ ਨੂੰ ਉਤਸ਼ਾਹਿਤ ਕਰਨ ਪਵੇਗਾ ਅਤੇ ਲੋਕਾਂ ਨੂੰ ਸਵੱਛ ਵਾਤਾਵਰਣ ਬਣਾਉਣ ਲਈ ਕੁਦਰਤੀ ਆਫ਼ਤਾਂ ਬਾਰੇ ਜਾਗਰੂਕ ਕਰਨਾ ਪਵੇਗਾ।ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਆਉਣ ਵਾਲੀਆਂ ਪੀੜ੍ਹੀਆਂ ਲਈ ਲਈ ਸਿਹਤਮੰਦ ਵਾਤਾਵਰਣ ਦੇ ਨਿਰਮਾਣ ਦੀ ਆਸ ਉਦੋਂ ਹੀ ਕਰ ਸਕਦੇ ਹਾਂ ਜਦੋਂ ਮਨੁੱਖ ਨੂੰ ਵਾਤਾਵਰਣ ਪ੍ਰਣਾਲੀ, ਪੁਨਰ-ਨਿਰਮਾਣ ਅਤੇ ਕੁਦਰਤੀ ਸੰਭਾਲ ਦੀ ਮਹੱਤਤਾ ਦੀ ਸਮਝ ਆ ਜਾਵੇ, ਕਿਉਂਕਿ ਜਾਗਰੂਕਤਾ ਅਤੇ ਗਿਆਨ ਦੀ ਘਾਟ ਵਾਤਾਵਰਣ ਨੂੰ ਨਿਘਾਰ ਵੱਲ ਲੈ ਜਾਂਦੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਚ.ਬੀ. ਰਾਘਵੇਂਦਰਾ ਨੇ ਕਿਹਾ ਵਾਤਾਵਰਣ ਸੰਭਾਲ ਦਾ ਮੁੱਦਾ ਅੱਜ ਵਿਸ਼ਵਵਿਆਪੀ ਪੱਧਰ ’ਤੇ ਵੱਡੀ ਚਣੌਤੀ ਬਣਕੇ ਉਭਰਿਆ ਹੈ।ਵਾਤਾਵਰਣ ਸੁਰੱਖਿਆ ’ਚ ਨੌਜਵਾਨ ਪੀੜ੍ਹੀ ਅਹਿਮ ਭੂਮਿਕਾ ਨਿਭਾ ਸਕਦੀ ਹੈ, ਜਿਸ ਲਈ ਵਾਤਾਵਰਣ ਸੰਭਾਲ ਸਬੰਧੀ ਜਾਗਰੂਕਤਾ ਲਈ ਮੰਚ ਸਥਾਪਿਤ ਕਰਨੇ ਜ਼ਰੂਰੀ ਹਨ।ਉਨ੍ਹਾਂ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਵਾਤਾਵਰਣ ਸੰਭਾਲ ਅਤੇ ਸਵੱਛਤਾ ਨੂੰ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ ਵੱਲੋਂ ਜਾਰੀ ਕੀਤੀ ਤੀਜੀ ਸਵੱਛਤਾ ਰੈਕਿੰਗ ਦੌਰਾਨ ਕਲੀਨ ਐਂਡ ਸਮਾਰਟ ਕੈਂਪਸ ਰੈਕਿੰਗ-2019 ਤਹਿਤ ਵੱਖ-ਵੱਖ ਸੰਸਥਾਵਾਂ ਦੇ ਮੁਕਾਬਲੇ ਪਹਿਲਾ ਸਥਾਨ ਪ੍ਰਾਪਤ ਹੈ।ਉਨ੍ਹਾਂ ਕਿਹਾ ਕਿ ਕੈਂਪਸ ’ਚ ਹਰਿਆਵਾਲ ਨੂੰ ਵਧਾਉਣ ਦੇ ਉਦੇਸ਼ ਨਾਲ 350 ਪ੍ਰਕਾਰ ਦੇ ਫੁੱਲ ਅਤੇ 150 ਕਿਸਮਾਂ ਦੇ ਪੌਦੇ ਲ ਗਾਏ ਗਏ ਹਨ।ਉਨ੍ਹਾਂ ਦੱਸਿਆ ਕਿ ਮੈਡੀਸੀਨ ਯੁਕਤ ਪੌਦਿਆਂ ਦੀ ਮਹੱਤਤਾ ਨੂੰ ਸਮਝਦਿਆਂ ਜਿੱਥੇ ’ਵਰਸਿਟੀ ਵਿਖੇ ਹਰਬਲ ਗਾਰਡਨ ਬਣਾਇਆ ਗਿਆ ਹੈ ਉਥੇ ਹੀ ਦਰੱਖਤਾਂ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ਕੈਂਪਸ ’ਚ ’ਗੁਰੂ ਨਾਨਕ ਬਗ਼ੀਚੀ ਦੀ ਸਥਾਪਿਤ ਕੀਤੀ ਗਈ ਹੈ।ਬਗ਼ੀਚੀ ਨੂੰ ਵਿਦੇਸ਼ੀ ਤਕਨਾਲੋਜੀ ਅਨੁਸਾਰ ਤਿਆਰ ਕੀਤਾ ਗਿਆ ਹੈ, ਜਿਸ ਨਾਲ ਪੌਦਿਆਂ ਦਾ ਵਿਕਾਸ ਕਈ ਗੁਣਾ ਤੇੇਜ਼ ਹੁੰਦਾ ਹੈ ਜੋ ਗ੍ਰੀਨ ਹਾਊਸ ਗੈਸਾਂ ਅਤੇ ਜਲਵਾਯੂ ਵਿੱਚ ਆ ਰਹੀਆਂ ਤਬਦੀਲੀਆਂ ਕਾਰਨ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰਨ ’ਚ ਸਹਾਈ ਸਿੱਧ ਹੋਵੇਗਾ।