ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਉਨ੍ਹਾਂ ਸਭ ਪੰਥ ਦਰਦੀਆਂ, ਸਮੁੱਚੀ ਸਿੱਖ ਕੌਮ ਤੇ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ, ਟਕਸਾਲਾ, ਸਿੱਖ ਸਟੂਡੈਟ ਫੈਡਰੇਸ਼ਨਾਂ ਅਤੇ ਕੌਮ ਨਾਲ ਸੰਬੰਧਤ ਸਭ ਜਥੇਬੰਦੀਆਂ ਦਾ ਤਹਿ ਦਿਲੋਂ ਇਸ ਗੱਲੋ ਧੰਨਵਾਦ ਕੀਤਾ ਜਾਂਦਾ ਹੈ ਕਿ ਬੀਤੇ ਕੱਲ੍ਹ ਸੀ੍ਰ ਅਕਾਲ ਤਖ਼ਤ ਸਾਹਿਬ ਵਿਖੇ 1984 ਦੇ ਘੱਲੂਘਾਰੇ ਦਿਹਾੜੇ ਦੀ ਸ਼ਹੀਦੀ ਅਰਦਾਸ ਸਮੇਂ ਸਭਨਾਂ ਨੇ ਬਹੁਤ ਹੀ ਜਾਬਤੇ, ਸਹਿਣਸੀਲਤਾ, ਵੱਡੇ ਕੌਮੀ ਦਰਦ ਨੂੰ ਮੁੱਖ ਰੱਖਕੇ ਜੋ ਹੋਣ ਵਾਲੀ ਸ਼ਹੀਦੀ ਅਰਦਾਸ ਵਿਚ ਜਿਥੇ ਵੱਡੀ ਗਿਣਤੀ ਵਿਚ ਪਹੁੰਚੇ ਹਨ, ਉਥੇ ਇਨ੍ਹਾਂ ਸਭਨਾਂ ਨੇ ਹਰ ਤਰ੍ਹਾਂ ਸਹਿਯੋਗ ਕਰਕੇ ਕੌਮ ਦੇ ਇਸ ਵੱਡੇ ਮਕਸਦ ਹੋਣ ਵਾਲੀ ਅਰਦਾਸ ਨੂੰ ਬਹੁਤ ਹੀ ਸ਼ਾਂਤੀਪੂਰਵਕ ਅਤੇ ਸਰਧਾ ਪੂਰਵਕ ਕਰਨ ਵਿਚ ਸਹਿਯੋਗ ਕੀਤਾ ਹੈ । ਬੇਸ਼ੱਕ ਸੈਂਟਰ ਦੇ ਹੁਕਮਰਾਨ, ਏਜੰਸੀਆ ਅਤੇ ਉਨ੍ਹਾਂ ਨੂੰ ਸਹਿਯੋਗ ਕਰਨ ਵਾਲੀ ਪੀਲੀ ਪੱਤਰਕਾਰੀ ਦੇ ਮਾਲਕ ਕਈ ਅਖਬਾਰ ਅਤੇ ਨਾਮਾਨਿਗਾਰ ਰਿਪੋਰਟਾਂ ਕਰਦੇ ਸਮੇਂ ਅੱਜ ਵੀ ਗੁੱਝੇ ਰੂਪ ਵਿਚ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਭੜਕਾਊ ਅਤੇ ਬਦਨਾਮ ਕਰਨ ਦੀਆਂ ਕੋਸ਼ਿਸ਼ ਕਰਦੇ ਨਜ਼ਰ ਆਉਦੇ ਹਨ, ਪਰ ਖ਼ਾਲਸਾ ਪੰਥ ਨਾਲ ਸੰਬੰਧਤ ਵੱਡੇ ਤੋਂ ਵੱਡੇ ਧਾਰਮਿਕ, ਸਿਆਸੀ ਅਹੁਦਿਆ ਤੇ ਬਿਰਾਜਮਾਨ ਸਖਸ਼ੀਅਤਾਂ, ਜਥੇਬੰਦੀਆਂ, ਬੁੱਧੀਜੀਵੀਆ ਅਤੇ ਨੌਜ਼ਵਾਨੀ ਨੇ ਜਿਸ ਸਿੱਦਤ, ਜੋਸ ਅਤੇ ਆਪਣੇ ਕੌਮੀ ਜਜਬਾਤਾਂ ਨੂੰ ਅਨੁਸਾਸਨ ਵਿਚ ਰਹਿੰਦੇ ਹੋਏ ਅਰਦਾਸ ਵਿਚ ਸਮੂਲੀਅਤ ਕੀਤੀ ਹੈ ਅਤੇ ਆਪਣੀਆ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹੋਏ ਬੀਤੇ ਸਮੇਂ ਦੀਆਂ ਜਾਲਮ ਸਰਕਾਰਾਂ ਤੇ ਜ਼ਾਬਰ ਹੁਕਮਰਾਨਾਂ ਵਿਰੁੱਧ ਆਪਣੇ ਖਿਆਲਾਤਾਂ ਨੂੰ ਪ੍ਰਗਟਾਉਦੇ ਹੋਏ ਸਮੁੱਚੀ ਦੁਨੀਆਂ ਨੂੰ ਖ਼ਾਲਸਾ ਪੰਥ ਦੇ ਇਸ ਡੂੰਘੇ ਦਰਦ ਅਤੇ ਜਖ਼ਮਾਂ ਤੋਂ ਜਾਣੂ ਕਰਵਾਉਦੇ ਹੋਏ ਸਮੁੱਚੇ ਰੂਪ ਵਿਚ ਕੌਮੀ ਸੰਦੇਸ਼ ਦੇਣ ਵਿਚ ਸਹਿਯੋਗ ਕੀਤਾ ਹੈ, ਉਸ ਲਈ ਸਭ ਸਮੂਲੀਅਤ ਕਰਨ ਵਾਲੀਆ ਜਥੇਬੰਦੀਆਂ, ਸਖਸ਼ੀਅਤਾਂ ਤੇ ਸਮੁੱਚੀ ਸਿੱਖ ਕੌਮ ਜਿਥੇ ਮੁਬਾਰਕਬਾਦ ਦੀ ਹੱਕਦਾਰ ਹੈ, ਉਥੇ ਅਸੀਂ ਆਉਣ ਵਾਲੇ ਸਮੇਂ ਵਿਚ ਵੀ ਇਨ੍ਹਾਂ ਸਭ ਧਿਰਾਂ ਵੱਲੋਂ ਇਹ ਉਮੀਦ ਕਰਦੇ ਹਾਂ ਕਿ ਅਜਿਹੇ ਕੌਮੀ ਇਤਿਹਾਸਿਕ ਪ੍ਰੋਗਰਾਮਾਂ ਸਮੇਂ ਇਸੇ ਤਰ੍ਹਾਂ ਜਾਬਤੇ ਅਤੇ ਕੀਤੇ ਜਾਣ ਵਾਲੇ ਇਕੱਠ ਦੇ ਮਕਸਦ ਨੂੰ ਸਮੁੱਚੇ ਸੰਸਾਰ ਵਿਚ ਪ੍ਰਚਾਰਨ ਤੇ ਫੈਲਾਉਣ ਵਿਚ ਸਹਿਯੋਗ ਕਰਦੇ ਰਹਿਣਗੇ ।”
ਇਹ ਧੰਨਵਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋਂ ਸਮੁੱਚੀ ਸਿੱਖ ਕੌਮ, ਜਥੇਬੰਦੀਆ, ਨੌਜ਼ਵਾਨੀ, ਵੱਖ-ਵੱਖ ਧਾਰਮਿਕ ਸੰਸਥਾਵਾਂ, ਡੇਰਿਆ ਦੇ ਮੁੱਖੀਆ, ਸੰਤ-ਮਹਾਪੁਰਖਾ ਆਦਿ ਕਹਿਣ ਤੋਂ ਭਾਵ ਹਰ ਗੁਰਸਿੱਖ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਅਤੇ ਗੁਰੂ ਸਾਹਿਬਾਨ ਜੀ ਦਾ ਸੁਕਰਾਨਾ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਬੇਸ਼ੱਕ ਅੰਗਰੇਜੀ, ਪੰਜਾਬੀ ਅਖਬਾਰਾਂ ਨੇ ਬੀਤੇ ਕੱਲ੍ਹ ਦੇ ਸ਼ਹੀਦੀ ਸਮਾਗਮ ਦੀਆਂ ਰਿਪੋਰਟਾਂ ਦੇ ਸੱਚ ਨੂੰ ਕਾਫੀ ਵੱਡੇ ਰੂਪ ਵਿਚ ਸਹੀ ਦਿਸ਼ਾ ਵੱਲ ਰਿਪੋਰਟਿੰਗ ਕੀਤੀ ਹੈ, ਪਰ ਇਕ ਦੋ ਪੰਜਾਬੀ ਅਖਬਾਰਾਂ ਨੇ ਜੋ ਬੀਤੇ ਕੱਲ੍ਹ ਦੇ ਅਤਿ ਅਮਨ ਅਤੇ ਜਮਹੂਰੀਅਤ ਪੱਖੀ ਹੋਏ ਸਮਾਗਮ ਨੂੰ, ਨੌਜ਼ਵਾਨੀ ਵੱਲੋਂ ਤਲਵਾਰਾਂ ਲਹਿਰਾਉਣ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਦੇ ਕੌਮੀ ਇਤਿਹਾਸਿਕ ਵਰਤਾਰੇ ਨੂੰ ਸ਼ਰਾਰਤਪੂਰਨ ਢੰਗ ਨਾਲ ਮੰਦਭਾਵਨਾ ਅਧੀਨ ਪੇਸ਼ ਕਰਨ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਬਦਨਾਮ ਕਰਨ ਦੀ ਗੱਲ ਕੀਤੀ ਹੈ, ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸ੍ਰੀ ਸਾਹਿਬ (ਕਿਰਪਾਨ) ਤਾਂ ਸਾਡਾ ਕੌਮੀ ਬਹਾਦਰੀ ਅਤੇ ਫ਼ਤਹਿ ਦੇ ਪ੍ਰਤੀਕ ਦਾ ਚਿੰਨ੍ਹ ਹੈ । ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਦੇਗ-ਤੇਗ ਫ਼ਤਹਿ, ਪੰਥ ਕੀ ਜੀਤ॥ ਤਾਂ ਖ਼ਾਲਸਾਈ ਬੁਲੰਦ ਨਾਅਰੇ ਹਨ । ਜਿਨ੍ਹਾਂ ਨੂੰ ਕੌਮ ਵੱਖ-ਵੱਖ ਸਮਿਆ ਤੇ ਜੈਕਾਰਿਆ ਦੇ ਰੂਪ ਵਿਚ ਸਦੀਆਂ ਤੋਂ ਲਗਾਉਦੀ ਆ ਰਹੀ ਹੈ, ਇਹ ਸਾਡਾ ਮਹਾਨ ਇਤਿਹਾਸ ਹੈ । ਇਸ ਲਈ ਸਾਡੇ ਕੌਮੀ ਰਵਾਇਤੀ ਹਥਿਆਰਾਂ ਅਤੇ ਬੁਲੰਦ ਨਾਅਰਿਆ ਨੂੰ ਸ਼ਰਾਰਤਪੂਰਨ ਢੰਗ ਨਾਲ ਪੇਸ਼ ਕਰਨ ਵਾਲੇ ਪੱਤਰਕਾਰ ਅਸਲੀਅਤ ਵਿਚ ਹੁਕਮਰਾਨਾਂ ਦੀਆਂ ਮੰਦਭਾਵਨਾ ਉਤੇ ਕੰਮ ਕਰਦੇ ਹੋਏ ਇੰਝ ਪੇਸ਼ ਕਰਨ ਦੇ ਆਦੀ ਹਨ, ਜਿਵੇਂ ਇਹ ਸ੍ਰੀ ਸਾਹਿਬ (ਕਿਰਪਾਨ) ਅਤੇ ਨਾਅਰੇ ਕਿਸੇ ਤਰ੍ਹਾਂ ਦੀ ਤਲਖੀ ਜਾਂ ਨਫ਼ਰਤ ਪੈਦਾ ਕਰਦੇ ਹੋਣ । ਜਦੋਂਕਿ ਸਿੱਖ ਧਰਮ, ਸਿੱਖ ਕੌਮ ਅਤੇ ਸਿੱਖ ਇਤਿਹਾਸ ਦਾ ਦੂਸਰਾ ਨਾਮ ਮਨੁੱਖਤਾ ਦੀ ਹਰ ਪੱਖੋ ਬਿਹਤਰੀ ਅਤੇ ਸਦਾ ਚੜ੍ਹਦੀ ਕਲਾਂ ਵਿਚ ਵਿਚਰਣਾ ਹੈ । ਸਾਡੇ ਇਸ ਇਤਿਹਾਸਿਕ ਨਾਅਰਿਆ ਅਤੇ ਇਤਿਹਾਸਿਕ ਹਥਿਆਰਾਂ ਨੂੰ ਕਿਸੇ ਵੀ ਤਾਕਤ ਜਾਂ ਹਕੂਮਤ ਨੂੰ ਨਫ਼ਰਤ ਦੇ ਚਿੰਨ੍ਹ ਵੱਜੋਂ ਉਭਾਰਕੇ ਸਾਡੀ ਸਿੱਖ ਕੌਮ ਦੇ ਮਹਾਨ ਵਿਲੱਖਣ ਪਹਿਚਾਣ ਅਤੇ ਸਰਬੱਤ ਦੇ ਭਲੇ ਦੀ ਸੋਚ ਨੂੰ ਰਲਗਡ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਅਸੀਂ ਕਿਸੇ ਨੂੰ ਅਜਿਹੀ ਇਜਾਜਤ ਦੇਵਾਂਗੇ ।
ਅਸੀਂ ਇਕ ਵਾਰੀ ਫਿਰ ਸਮੁੱਚੀ ਸਿੱਖ ਕੌਮ, ਜਥੇਬੰਦੀਆਂ, ਸੰਗਠਨਾਂ, ਐਸ.ਜੀ.ਪੀ.ਸੀ, ਟਕਸਾਲਾ, ਸਿੱਖ ਸਟੂਡੈਟ ਫੈਡਰੇਸ਼ਨਾਂ, ਨੌਜ਼ਵਾਨੀ, ਨਿਹੰਗ ਸਿੰਘਾਂ, ਵੱਖ-ਵੱਖ ਸੰਪਰਦਾਵਾ, ਮਹਾਪੁਰਖਾ, ਡੇਰਿਆ ਦੇ ਮੁੱਖੀਆ, ਰਾਗੀਆ, ਢਾਡੀਆ, ਕਥਾਵਾਚਕਾਂ, ਪ੍ਰਚਾਰਕਾਂ ਆਦਿ ਦਾ ਬੀਤੇ ਸ਼ਹੀਦੀ ਸਮਾਗਮ ਸਮੇਂ ਦਿੱਤੇ ਸਹਿਯੋਗ ਲਈ ਜਿਥੇ ਧੰਨਵਾਦ ਕਰਦੇ ਹਾਂ ਉਥੇ ਉਪਰੋਕਤ ਸਭ ਵਰਗਾਂ, ਸਭ ਕੌਮਾਂ, ਧਰਮਾਂ ਨਾਲ ਸੰਬੰਧਤ ਇਨਸਾਨੀਅਤ ਕਦਰਾਂ-ਕੀਮਤਾਂ ਦੇ ਕਾਇਲ ਲੋਕਾਂ ਨੂੰ ਇਹ ਸੰਜ਼ੀਦਗੀ ਭਰੀ ਅਪੀਲ ਕਰਦੇ ਹਾਂ ਕਿ ਜੋ ਇਨਸਾਫ਼ ਪ੍ਰਾਪਤੀ ਲਈ 01 ਜੁਲਾਈ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਮੋਰਚਾ ਲਗਾਇਆ ਜਾ ਰਿਹਾ ਹੈ, ਉਸ ਵਿਚ ਉਸੇ ਤਰ੍ਹਾਂ ਦ੍ਰਿੜਤਾ ਅਤੇ ਨਿਧੱੜਕ ਰੂਪ ਵਿਚ ਵਿਚਰਦੇ ਹੋਏ ਸਭ ਨੌਜ਼ਵਾਨੀ, ਬੀਬੀਆ, ਬਜੁਰਗ, ਪੰਥ ਦਰਦੀ, ਲੇਖਕ, ਰਾਗੀ-ਢਾਡੀ ਅਤੇ ਕੌਮ ਦੇ ਸਮੁੱਚੇ ਅੰਗ ਆਪਣੇ ਵਿਰਸੇ-ਵਿਰਾਸਤ ਉਤੇ ਪਹਿਰਾ ਦਿੰਦੇ ਹੋਏ ਇਸ ਮੋਰਚੇ ਨੂੰ ਤਨੋ-ਮਨੋ-ਧਨੋ ਸਹਿਯੋਗ ਕਰਨ ਤਾਂ ਕਿ ਅਸੀਂ ਸਿੱਖ ਕੌਮ ਦੇ ਕਾਤਲਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ, ਸਿਆਸਤਦਾਨਾਂ ਆਦਿ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਹੁਕਮਰਾਨਾਂ ਨੂੰ ਇਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਮਜਬੂਰ ਕਰ ਸਕੀਏ ਅਤੇ ਸਿੱਖ ਕੌਮ ਦੇ ਮਨੁੱਖਤਾ ਪੱਖੀ ‘ਸਰਬੱਤ ਦੇ ਭਲੇ’ ਦੇ ਵੱਡਮੁੱਲੇ ਮਿਸ਼ਨ ਨੂੰ ਇੰਡੀਆ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੀਆ ਕੌਮਾਂ ਵਿਚ ਪਹੁੰਚਾਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਵੱਲੋਂ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਦੀ ਵਿੱਢੀ ਲੜਾਈ ਨੂੰ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਫ਼ਤਹਿ ਪ੍ਰਾਪਤ ਕਰਕੇ ਆਪਣੀ ਕੌਮੀ ਆਜ਼ਾਦੀ ਦੇ ਮਕਸਦ ਦੀ ਪ੍ਰਾਪਤੀ ਕਰ ਸਕੀਏ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਭ ਵਰਗ, ਸਿੱਖ ਕੌਮ 01 ਜੁਲਾਈ ਦੇ ਮੋਰਚੇ ਦੇ ਵੱਡੇ ਕੌਮੀ ਮਕਸਦ ਵਿਚ ਨਿਸ਼ਾਨੇ ਦੀ ਪ੍ਰਾਪਤੀ ਤੱਕ ਅਗਲੀਆ ਕਤਾਰਾਂ ਵਿਚ ਵਿਚਰਕੇ ਸਹਿਯੋਗ ਕਰਨਗੇ ।