ਗਲਾਸਗੋ/ ਬਰਮਿੰਘਮ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਮਿੰਘਮ ਦੇ ਇੱਕ ਹਸਪਤਾਲ ਵਿੱਚ ਇੱਕ ਐੱਨ ਐੱਚ ਐੱਸ ਵਰਕਰ ਨੇ ਮ੍ਰਿਤਕ ਕੋਰੋਨਾ ਵਾਇਰਸ ਮਰੀਜ਼ ਦਾ ਬੈਂਕ ਕਾਰਡ ਚੋਰੀ ਕਰਕੇ ਉਸਦੀ ਵਰਤੋਂ ਹਸਪਤਾਲ ਦੀ ਵੈਂਡਿੰਗ ਮਸ਼ੀਨ ਤੋਂ ਸਨੈਕਸ ਖਰੀਦਣ ਲਈ ਕੀਤੀ ਸੀ। ਹਸਪਤਾਲ ਦੀ 23 ਸਾਲਾਂ ਕਰਮਚਾਰੀ ਆਇਸ਼ਾ ਬਸ਼ਾਰਤ ਨੂੰ ਬੁੱਧਵਾਰ ਨੂੰ ਬਰਮਿੰਘਮ ਕਰਾਊਨ ਕੋਰਟ ਵਿੱਚ ਚੋਰੀ ਅਤੇ ਧੋਖਾਧੜੀ ਲਈ ਮੁਅੱਤਲੀ ਸਮੇਤ 18 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਸਿਹਤ ਦੇਖਭਾਲ ਸਹਾਇਕ ਕਰਮਚਾਰੀ ਨੇ 24 ਜਨਵਰੀ ਨੂੰ ਬਰਮਿੰਘਮ ਦੇ ਹਾਰਟਲੈਂਡਜ਼ ਹਸਪਤਾਲ ਵਿੱਚ ਇੱਕ 83 ਸਾਲਾਂ ਕੋਰੋਨਾ ਪੀੜਤ ਮਹਿਲਾ ਦੇ ਮਰਨ ਤੋਂ ਤਕਰੀਬਨ 17 ਮਿੰਟ ਬਾਅਦ ਕਾਰਡ ਲੈ ਲਿਆ ਸੀ। ਇਸ ਔਰਤ ਦੀ ਮੌਤ ਦੁਪਹਿਰ 1:56 ਵਜੇ ਦਰਜ ਕੀਤੀ ਗਈ ਅਤੇ ਇਸ ਤੋਂ ਸਿਰਫ 17 ਮਿੰਟ ਬਾਅਦ, ਬਸ਼ਾਰਤ ਨੇ ਕਰਿਸਪ, ਸਵੀਟਸ ਅਤੇ ਫਿਜ਼ੀ ਡ੍ਰਿੰਕ ਖਰੀਦਣ ਲਈ ਕਾਰਡ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਉਸ ਨੇ ਦੁਬਾਰਾ ਦੋ ਵਾਰ ਕਾਰਡ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਇੱਕ ਹੋਰ ਖਰੀਦਦਾਰੀ ਕੀਤੀ। ਪੁਲਿਸ ਨੇ ਦੱਸਿਆ ਕਿ ਇਸ ਸਮੇਂ ਤੱਕ ਕਾਰਡ ਰੱਦ ਕਰ ਦਿੱਤਾ ਗਿਆ ਸੀ ਅਤੇ ਬਸ਼ਾਰਤ ਨੂੰ ਸ਼ਿਫਟ ਦੌਰਾਨ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਬਰਮਿੰਘਮ ਦੇ ਫਾਰਮ ਰੋਡ ਦੀ ਰਹਿਣ ਵਾਲੀ ਬਸ਼ਾਰਤ ਨੇ ਪਹਿਲਾਂ ਕਿਹਾ ਸੀ ਕਿ ਉਸਨੂੰ ਫਰਸ਼ ‘ਤੇ ਕਾਰਡ ਲੱਭਿਆ ਸੀ ਜੋ ਕਿ ਅਦਾਇਗੀ ਕਰਨ ਵੇਲੇ ਉਸਦੇ ਕਾਰਡ ਨਾਲ ਬਦਲ ਗਿਆ ਸੀ ਪਰ ਅਧਿਕਾਰੀਆਂ ਅਨੁਸਾਰ ਉਸਦੇ ਕਾਰਡ ਵੱਖ ਵੱਖ ਰੰਗਾਂ ਦੇ ਸਨ ਅਤੇ ਇਸ ਕਰਮਚਾਰੀ ਨੇ ਮਰੀਜ਼ ਨਾਲ ਸਬੰਧਿਤ ਚੀਜ਼ ਚੁਰਾ ਕੇ ਹਸਪਤਾਲ ਦੇ ਪ੍ਰੋਟੋਕੋਲ ਨੂੰ ਨਜ਼ਰ ਅੰਦਾਜ਼ ਕੀਤਾ ਸੀ।
ਯੂਕੇ:ਮ੍ਰਿਤਕ ਕੋਰੋਨਾ ਮਰੀਜ਼ ਦਾ ਬੈਂਕ ਕਾਰਡ ਵਰਤਣ ਵਾਲੀ ਸਿਹਤ ਕਰਮਚਾਰੀ ਨੂੰ 18 ਮਹੀਨੇ ਜੇਲ੍ਹ
This entry was posted in ਅੰਤਰਰਾਸ਼ਟਰੀ.