ਵਾਸਿੰਗਟਨ – ਅਮਰੀਕਾ ਦੇ ਪੰਜ ਰਾਜਾਂ ਦੇ ਰੀਪਬਲਿਕਨ ਸਾਂਸਦਾਂ ਨੇ ਜਨਮ ਲੈਣ ਦੇ ਨਾਲ ਹੀ ਨਾਗਰਿਕਤਾ ਮਿਲ ਜਾਣ ਦੇ ਅਧਿਕਾਰ ਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ।
ਅਮਰੀਕਾ ਦੇ ਪੰਜ ਰਾਜਾਂ ਦਖਣੀ ਕੈਰੋਲਿਨਾ, ਜਾਰਜੀਆ, ਐਰੀਜੋਨਾ, ਓਕਲਾਹਾਮਾ ਅਤੇ ਪੈਨਸਲਵੈਨੀਆ ਦੇ ਰੀਪਬਲਿਕਨ ਸਾਂਸਦਾਂ ਨੇ ਅਮਰੀਕੀ ਸੰਵਿਧਾਨ ਦੀ ਉਸ ਧਾਰਾ ਨੂੰ ਬਦਲਣ ਦੇ ਲਈ ਯਤਨ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਜਿਸ ਦੇ ਤਹਿਤ ਅਮਰੀਕਾ ਵਿੱਚ ਜਨਮ ਲੈਣ ਵਾਲੇ ਬੱਚੇ ਨੂੰ ਅਮਰੀਕਾ ਦੀ ਨਾਗਰਿਕਤਾ ਮਿਲ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅਮਰੀਕਾ ਵਿੱਚ ਗੈਰ ਕਨੂੰਨੀ ਢੰਗ ਨਾਲ ਆਉਣ ਵਾਲੇ ਪ੍ਰਵਾਸੀਆਂ ਨੂੰ ਹਲਾਸ਼ੇਰੀ ਦੇਣ ਦੀ ਕੋਸਿ਼ਸ਼ ਹੈ ਜੋ ਇੱਥੇ ਆ ਕੇ ਆਪਣੇ ਬੱਚੇ ਨੂੰ ਜਨਮ ਦਿੰਦੇ ਹਨ ਤਾਂ ਜੋ ਉਨ੍ਹਾਂ ਦਾ ਬੱਚਾ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਸਕੇ।
ਪੈਨਸਲਵੇਨੀਆਂ ਦੇ ਕਨੂੰਨ ਨਿਰਮਾਤਾ ਡੈਰਿਲ ਮੈਟਕਾਫ਼ ਨੇ ਪੱਤਰਕਾਰਾਂ ਨੂੰ ਦਸਿਆ ਕਿ ਸੰਵਿਧਾਨ ਦੀ 14ਵੀਂ ਧਾਰਾ ਅਨੁਸਾਰ ਅਮਰੀਕੀ ਨਾਗਰਿਕਤਾ ਪੂਰੀ ਤਰ੍ਰਾਂ ਨਾਲ ਉਸਦੀ ਵਫਾਦਾਰੀ ਤੇ ਨਿਰਭਰ ਹੈ ਨਾਂ ਕਿ ਉਸਦੇ ਭੂਗੋਲਿਕ ਖੇਤਰ ਦੇ ਅਧਾਰ ਤੇ। ਸੰਵਿਧਾਨ ਦੀ ਇਸ 14ਵੀਂ ਧਾਰਾ ਹਰ ਉਸ ਵਿਅਕਤੀ ਨੂੰ ਅਮਰੀਕਾ ਦੀ ਨਾਗਰਿਕਤਾ ਪ੍ਰਧਾਨ ਕੀਤੀ ਜਾਂਦੀ ਹੈ ਜੋ ਜਾਂ ਤਾਂ ਇੱਥੇ ਰਹਿ ਰਿਹਾ ਹੁੰਦਾ ਹੈ ਜਾਂ ਉਸ ਦਾ ਜਨਮ ਇਸ ਧਰਤੀ ਤੇ ਹੋਇਆ ਹੁੰਦਾ ਹੈ। ਇਨ੍ਹਾਂ ਸਾਂਸਦਾਂ ਨੇ ਅਮਰੀਕੀ ਕਾਂਗਰਸ ਦੇ 112 ਸਤਰ ਦੀ ਸ਼ੁਰੂਆਤ ਸਮੇਂ ਆਪਣੀ ਇਸ ਪਹਿਲ ਦਾ ਐਲਾਨ ਕੀਤਾ ਹੈ। ਇਸ ਸਮੇਂ ਹਾਊਸ ਵਿੱਚ ਰੀਪਬਲਿਕਨ ਨੂੰ ਬਹੁਮੱਤ ਹਾਸਿਲ ਹੈ। ਰੀਪਬਲਿਕਨ ਸਾਂਸਦਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਇੱਕ ਕਰੋੜ ਦੋ ਲੱਖ ਦੇ ਕਰੀਬ ਬੱਚੇ ਗੈਰ ਕਨੂੰਨੀ ਪਰਵਾਸੀਆਂ ਦੀ ਦੇਣ ਹਨ। ਉਨ੍ਹਾਂ ਨੂੰ ਅਵੈਧ ਕਰਾਰ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਮਾਤਾ ਪਿਤਾ ਅਮਰੀਕਾ ਦੇ ਕਨੂੰਨੀ ਨਿਵਾਸੀ ਨਹੀਂ ਹਨ।