ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖਰੇਖ ਹੇਠ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਦੀ ਰਾਜ ਪੱਧਰੀ ਇਕੱਤਰਤਾ ਮੌਕੇ ਕਿਸਾਨ ਭਰਾਵਾਂ ਅਤੇ ਬੀਬੀਆਂ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਭੋਜਨ ਅਤੇ ਖੁਰਾਕ ਵਿਗਿਆਨੀ ਡਾ: ਜਸਵਿੰਦਰ ਕੌਰ ਬਰਾੜ ਨੇ ਕਿਹਾ ਹੈ ਕਿ ਅਜੋਕੇ ਜੀਵਨ ਵਿਹਾਰ ਮੁਤਾਬਕ ਹਰ ਮਨੁੱਖ ਨੂੰ ਰੋਜ਼ਾਨਾ ਤਿੰਨ ਸੌ ਤੋਂ ਚਾਰ ਸੌ ਗਰਾਮ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਉਨ੍ਹਾਂ ਆਖਿਆ ਕਿ ਹਰ ਪਰਿਵਾਰ ਘਰ ਦੇ ਅੰਦਰ ਬਾਹਰ ਜੇਕਰ ਘਰੇਲੂ ਬਗੀਚੀ ਵਿਕਸਤ ਕਰ ਸਕੇ ਤਾਂ ਜ਼ਹਿਰ ਮੁਕਤ ਸਬਜ਼ੀਆਂ ਨੂੰ ਘੱਟ ਖਰਚੇ ਵਿੱਚ ਵੀ ਖਾਧਾ ਜਾ ਸਕਦਾ ਹੈ। ਡਾ: ਬਰਾੜ ਨੇ ਆਖਿਆ ਕਿ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਵਰਤੋਂ ਵਧ ਰਹੀ ਹੈ ਪਰ ਹੱਥੀਂ ਕੰਮ ਕਰਨ ਦੀ ਆਦਤ ਘਟਣ ਕਾਰਨ ਇਹ ਚੰਗੀ ਖੁਰਾਕ ਦਿਲ ਦੇ ਮਰੀਜ਼ਾਂ ਦੀ ਗਿਣਤੀ ਵਧਾ ਰਹੀ ਹੈ।
ਇਸ ਮੌਕੇ ਪਾਪਲਰ ਦੀ ਕਾਸ਼ਤ ਸੰਬੰਧੀ ਗਿਆਨ ਦਿੰਦਿਆਂ ਖੇਤੀ ਜੰਗਲਾਤ ਵਿਭਾਗ ਦੇ ਵਿਗਿਆਨੀ ਡਾ: ਰਿਸ਼ੀ ਇੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੂਟੇ ਹਮੇਸ਼ਾਂ ਚੰਗੀ ਅਤੇ ਭਰੋਸੇਯੋਗ ਨਰਸਰੀ ਤੋਂ ਹੀ ਲੈਣੇ ਚਾਹੀਦੇ ਹਨ ਤਾਂ ਜੋ ਪਾਪਲਰ ਨੂੰ ਕਾਮਯਾਬ ਢੰਗ ਨਾਲ ਖੇਤੀ ਜੰਗਲਾਤ ਵਜੋਂ ਬੀਜ ਕੇ ਮੁਨਾਫਾ ਕਮਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵੱਲੋਂ ਪ੍ਰਕਾਸ਼ਤ ਪਾਪਲਰ ਦੀ ਕਾਸ਼ਤ ਪੁਸਤਕ ਵਿੱਚ ਸ਼ਾਮਿਲ ਜਾਣਕਾਰੀ ਨੂੰ ਅੱਖਰ ਅੱਖਰ ਵਰਤਣ ਦੀ ਲੋੜ ਹੈ। ਡਾ: ਰਾਕੇਸ਼ ਕੁਮਾਰ ਸ਼ਰਮਾ ਨੇ ਸਿਆਲਾਂ ਵਿੱਚ ਦੁੱਧ ਦੇਣ ਵਾਲੇ ਪਸ਼ੂਆਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਾਂਭ-ਸੰਭਾਲ ਬਾਰੇ ਆਖਿਆ ਕਿ ਠੰਡ ਤੋਂ ਬਚਾਓ ਅਤੇ ਖੁਰਾਕ ਦੇ ਸਹੀ ਧਿਆਨ ਨਾਲ ਪਸ਼ੂਆਂ ਦੇ ਛੋਟੀ ਉਮਰ ਵਾਲੇ ਬੱਚਿਆਂ ਨੂੰ ਮਰਨ ਤੋਂ ਬਚਾਇਆ ਜਾ ਸਕਦਾ ਹੈ। ਖੇਤੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਕੋਆਰਡੀਨੇਟਰ ਖੋਜ ਡਾ: ਚਰਨਜੀਤ ਸਿੰਘ ਪਨੂੰ ਨੇ ਅਮਰੀਕਾ ਵਿੱਚ ਖੇਤੀਬਾੜੀ ਲਈ ਖੇਤੀ ਮਸ਼ੀਨਰੀ ਅਤੇ ਵਿਕਸਤ ਤਕਨਾਲੋਜੀ ਬਾਰੇ ਕਿਸਾਨ ਭਰਾਵਾਂ ਨੂੰ ਜਾਣੂ ਕਰਵਾਇਆ। ਕਿਸਾਨ ਕਲੱਬ ਦੇ ਕੋਆਰਡੀਨੇਟਰ ਡਾ: ਤੇਜਿੰਦਰ ਸਿੰਘ ਰਿਆੜ ਨੇ ਪੰਜਾਬ ਸਰਕਾਰ ਦੀਆਂ ਖੇਤੀ ਵਿਕਾਸ ਸਕੀਮਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਢਾਂਚੇ ਤੋਂ ਇਲਾਵਾ ਵੱਖ ਵੱਖ ਸਿਖਲਾਈ ਕੋਰਸਾਂ ਬਾਰੇ ਦੱਸਿਆ । ਕਲੱਬ ਦੇ ਪ੍ਰਧਾਨ ਸ: ਪਵਿੱਤਰਪਾਲ ਸਿੰਘ ਪਾਂਗਲੀ ਨੇ ਯੂਨੀਵਰਸਿਟੀ ਨੂੰ ਕਣਕ ਦੀ ਖੋਜ ਸੰਬੰਧੀ ਮਿਲੇ ਮੈਗਾ ਪ੍ਰਾਜੈਕਟ ਲਈ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਹੋਰ ਵਿਗਿਆਨੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਕੰਮ ਵਿੱਚ ਸਹਿਯੋਗ ਲਈ ਉਨ੍ਹਾਂ ਡਾ: ਗੁਰਦੇਵ ਸਿੰਘ ਖੁਸ਼ ਅਤੇ ਡਾ: ਬਿਕਰਮ ਗਿੱਲ ਦਾ ਵੀ ਧੰਨਵਾਦ ਕੀਤਾ ਜਿਹੜੇ ਅਮਰੀਕਾ ਵਸਦਿਆਂ ਵੀ ਇਸ ਯੂਨੀਵਰਸਿਟੀ ਲਈ ਆਰਥਿਕ ਵਸੀਲੇ ਪੈਦਾ ਕਰਨ ਲਈ ਭਾਰਤ ਸਰਕਾਰ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਹਨ। ਅਗਾਂਹਵਧੂ ਕਿਸਾਨ ਅਤੇ ਕੱਲਰ ਸੁਧਾਰ ਵਿੱਚ ਕੌਮੀ ਪੁਰਸਕਾਰ ਜੇਤੂ ਸ: ਹਰਪਾਲ ਸਿੰਘ ਰਾਮਦੀਵਾਲੀ ਵੱਲੋਂ ਲਿਖੀ ਪੁਸਤਕ ਮੇਰੀ ਕੈਨੇਡਾ ਫੇਰੀ ਦੀਆਂ 150 ਕਾਪੀਆਂ ਕਲੱਬ ਦੇ ਪ੍ਰਧਾਨ ਸ: ਪਵਿੱਤਰਪਾਲ ਸਿੰਘ ਪਾਂਗਲੀ ਨੂੰ ਸੌਂਪੀਆਂ ਗਈਆਂ। ਸ: ਰਾਮਦੀਵਾਲੀ ਨੇ ਇਸ ਪੁਸਤਕ ਵਿੱਚ ਕੈਨੇਡਾ ਫੇਰੀ ਦੌਰਾਨ ਉਥੋਂ ਦੀ ਖੇਤੀਬਾੜੀ, ਬਨਸਪਤੀ ਅਤੇ ਭੂਮੀ ਸਬੰਧੀ ਨਵੀਨਤਮ ਜਾਣਕਾਰੀਆਂ ਇਸ ਪੁਸਤਕ ਵਿੱਚ ਅੰਕਿਤ ਕੀਤੀਆਂ ਹਨ। ਕਲੱਬ ਦੇ ਪ੍ਰੈਸ ਸਕੱਤਰ ਅਮਰਿੰਦਰ ਸਿੰਘ ਪੂਨੀਆਂ ਨੇ ਦੱਸਿਆ ਕਿ ਫਰਵਰੀ ਮਹੀਨੇ ਹੋਣ ਵਾਲੀ ਮੀਟਿੰਗ ਸਾਲਾਨਾ ਸਮਾਗਮ ਦੇ ਰੂਪ ਵਿੱਚ ਕੈਰੋਂ ਕਿਸਾਨ ਘਰ ਵਿਖੇ ਕਰਵਾਈ ਜਾਵੇਗੀ ਜਿਸ ਵਿੱਚ ਅਗਾਂਹਵਧੂ ਕਿਸਾਨ ਵਿਸ਼ਾਲ ਪ੍ਰਦਰਸ਼ਨੀ ਵੀ ਲਗਾਉਣਗੇ।
ਹਰ ਰੋਜ਼ ਤਿੰਨ ਸੌ ਤੋਂ ਚਾਰ ਸੌ ਗਰਾਮ ਹਰੀਆਂ ਸਬਜ਼ੀਆਂ ਚੰਗੀ ਸਿਹਤ ਲਈ ਜ਼ਰੂਰੀ-ਡਾ:ਬਰਾੜ
This entry was posted in ਖੇਤੀਬਾੜੀ.