ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਸੀਨੀਅਰ ਸਿਟੀਜਨਜ਼ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਵੱਲੋਂ ਯੂਨੀਵਰਸਿਟੀ ਦੇ ਮਾਨਵ ਵਿਕਾਸ ਵਿਭਾਗ ਅਤੇ ਹੈਲਪਏਜ਼ ਇੰਡੀਆ ਦੇ ਸਹਿਯੋਗ ਨਾਲ ਪਾਮੇਟੀ ਵਿਖੇ ਕਰਵਾਏ ਸੈਮੀਨਾਰ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ ਬੁਢਾਪੇ ਦੀ ਸੰਭਾਲ ਵਾਲਾ ਸਮਾਜ ਹੀ ਵਿਕਸਤ ਮੰਨਿਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਬਜੁਰਗਾਂ ਦੀ ਸਿਹਤ ਅਤੇ ਵਿੱਤੀ ਸੁਰੱਖਿਆ ਵੱਲ ਧਿਆਨ ਦੇਣ ਲਈ ਇਹ ਸੈਮੀਨਾਰ ਯਕੀਨਨ ਦੂਰਰਸ ਨਤੀਜੇ ਦੇਵੇਗਾ। ਉਨ੍ਹਾਂ ਆਖਿਆ ਕਿ ਸੰਯੁਕਤ ਪਰਿਵਾਰ ਵਾਲੇ ਗੁਣ ਹੌਲੀ-ਹੌਲੀ ਖਤਮ ਹੋ ਰਹੇ ਹਨ ਕਿਉਂਕਿ ਪਰਿਵਾਰਕ ਇਕਾਈ ਸੁੰਗੜਦੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਪੱਛਮ ਅਤੇ ਪੂਰਬ ਵਿਚਕਾਰ ਫਾਸਲਾ ਘਟ ਰਿਹਾ ਹੈ ਅਤੇ ਇਸ ਦਾ ਸਭ ਤੋਂ ਮਾਰੂ ਅਸਰ ਸਿਰਫ ਬਜ਼ੁਰਗਾਂ ਤੇ ਪੈ ਰਿਹਾ ਹੈ। ਡਾ: ਕੰਗ ਨੇ ਆਖਿਆ ਕਿ ਪੱਛਮੀ ਦੇਸ਼ਾਂ ਵਿੱਚ ਬੁਢਾਪੇ ਦੀ ਸੰਭਾਲ ਵਾਸਤੇ ਵਿਕਸਤ ਸੰਸਥਾਵਾਂ ਬਜ਼ੁਰਗਾਂ ਲਈ ਘਰ ਨਾਲੋਂ ਵੀ ਚੰਗਾ ਮਾਹੌਲ ਦਿੰਦੀਆਂ ਹਨ ਪਰ ਸਾਡੇ ਬਿਰਧ ਘਰ ਅਜੇ ਵਾਧੂ ਬਜ਼ੁਰਗਾਂ ਦਾ ਟਿਕਾਣਾ ਹੀ ਬਣੇ ਹਨ। ਉਨ੍ਹਾਂ ਆਖਿਆ ਕਿ ਬਜ਼ੁਰਗਾਂ ਦੀ ਭਲਾਈ ਵਾਸਤੇ ਲੁਧਿਆਣਾ ਇਕਾਈ ਵਾਲੇ ਸੱਜਣ ਯਕੀਨਨ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਆਖਿਆ ਕਿ ਸਿਹਤ ਸੰਭਾਲ, ਵਿੱਤੀ ਸੁਰੱਖਿਆ ਅਤੇ ਸਮਾਜਿਕ ਮਨੋ ਵਿਗਿਆਨਕ ਸਮੱਸਿਆਵਾਂ ਬਾਰੇ ਚੇਤਨਾ ਜ਼ਰੂਰੀ ਹੈ ਕਿਉਂਕਿ ਬਜ਼ੁਰਗਾਂ ਨੂੰ ਸਮਝਣਾ ਲਾਜ਼ਮੀ ਹੈ ਅਤੇ ਬਜ਼ੁਰਗਾਂ ਨੂੰ ਵੀ ਨਵੀਂ ਪਨੀਰੀ ਨਾਲ ਨਵੇਂ ਅੰਦਾਜ਼ ਸੰਗ ਵਰਤਣਾ ਪਵੇਗਾ। ਦੋਹਾਂ ਵਿਚਕਾਰ ਪਾੜਾ ਹੀ ਮੁਸੀਬਤਾਂ ਪੈਦਾ ਕਰ ਰਿਹਾ ਹੈ।
ਇਸ ਮੌਕੇ ਬਜ਼ੁਰਗਾਂ ਦੀ ਸਿਹਤ ਸੰਭਾਲ ਸੰਬੰਧੀ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਲਿਵਤਾਰ ਸਿੰਘ ਚਾਵਲਾ ਨੇ ਆਖਿਆ ਕਿ ਬੁਢਾਪੇ ਦੀ ਸੰਭਾਲ ਤਦ ਹੀ ਸੰਭਵ ਹੈ ਜੇਕਰ ਸਮਾਜ ਵਿੱਚ ਸੰਵੇਦਨਸ਼ੀਲਤਾ ਕਾਇਮ ਰਹੇ। ਅੱਜ ਸੰਵੇਦਨਾ ਮਰ ਰਹੀ ਹੈ ਅਤੇ ਬਜ਼ੁਰਗ ਮਾਂ-ਬਾਪ ਵਾਧੂ ਸਮਾਨ ਵਾਂਗ ਘਰਾਂ ਦੀਆਂ ਨੁੱਕਰਾਂ ਵਿੱਚ ਥਾਂ ਲੱਭ ਰਹੇ ਹਨ। ਇਹ ਬੀਮਾਰ ਸੁਸਾਇਟੀ ਦੀ ਨਿਸ਼ਾਨੀ ਹੈ। ਖੇਤੀ ਵਰਸਿਟੀ ਸਥਿਤ ਹੋਮ ਸਾਇੰਸ ਕਾਲਜ ਅੰਦਰ ਕਾਰਜਸ਼ੀਲ ਮਾਨਵ ਵਿਕਾਸ ਵਿਭਾਗ ਦੇ ਮੁਖੀ ਡਾ: ਇੰਦਰਜੀਤ ਸਿੰਘ ਜਸਵਾਲ ਨੇ ਪਰਿਵਾਰ ਅਤੇ ਸਿਹਤ ਸੰਭਾਲ ਸਬੰਧੀ ਨੁਕਤਿਆਂ ਬਾਰੇ ਬੋਲਦਿਆਂ ਆਖਿਆ ਕਿ ਬੁਢਾਪੇ ਦੀ ਕਦਰ ਕਰਕੇ ਹੀ ਅਸੀਂ ਸਿਹਤਮੰਦ ਜਵਾਨੀ ਮਾਣ ਸਕਦੇ ਹਨ। ਹੈਲਪਏਜ਼ ਇੰਡੀਆ ਦੀ ਪੰਜਾਬੀ ਇਕਾਈ ਦੇ ਮੁਖੀ ਭਵਨੇਸ਼ਵਰ ਸ਼ਰਮਾ ਨੇ ਦੱਸਿਆ ਕਿ ਇਸ ਵੇਲੇ 85 ਮਿਲੀਅਨ ਬਜ਼ੁਰਗ ਭਾਰਤ ਵਿੱਚ ਹਨ ਅਤੇ 2025 ਤੀਕ ਇਹ ਗਿਣਤੀ 177 ਮਿਲੀਅਨ ਤੀਕ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਆਖਿਆ ਕਿ ਅਪਹੁੰਚ ਤੀਕ ਪਹੁੰਚ ਮਨੋਰਥ ਨਾਲ ਦੇਸ਼ ਦੇ ਉਨ੍ਹਾਂ 90 ਫੀ ਸਦੀ ਲੋਕਾਂ ਤੀਕ ਪਹੁੰਚਣਾ ਸਾਡੀ ਜਿੰਮੇਂਵਾਰੀ ਹੈ ਜਿਹੜੇ ਕਿਸੇ ਕਿਸਮ ਦੀ ਆਰਥਿਕ ਸਮੱਸਿਆ ਨਹੀਂ ਮਾਣ ਰਹੇ। ਉਨ੍ਹਾਂ ਨੂੰ ਕੋਈ ਪੈਨਸ਼ਨ ਨਹੀਂ ਮਿਲਦੀ ਅਤੇ ਸਿਹਤ ਸੰਭਾਲ ਪੱਖੋਂ ਵੀ ਵਿਛੁੰਨੇ ਹਨ। ਇਸ ਮੌਕੇ ਸੀਨੀਅਰ ਸਿਟੀਜਨਜ ਐਸੋਸੀਏਸ਼ਨਾਂ ਦੀ ਫੈਡਰੇਸ਼ਨ ਦੇ ਪ੍ਰਧਾਨ ਸ਼੍ਰੀ ਡੀ ਐਸ ਗਰੇਵਾਲ ਨੇ ਵੀ ਸੰਬੋਧਨ ਕੀਤਾ। ਸੀਨੀਅਰ ਸਿਟੀਜਨਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਐਸ ਪੀ ਕਰਕਰਾ ਨੇ ਮੁੱਖ ਮਹਿਮਾਨ ਡਾ: ਕੰਗ ਅਤੇ ਬਾਕੀ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਪ੍ਰਕਾਸ਼ਤ ਨਿਊਜ ਲੈਟਰ ਨੂੰ ਡਾ:ਕੰਗ ਨੇ ਰਿਲੀਜ਼ ਕੀਤਾ। ਤਿੰਨ ਮਹੀਨੇ ਬਾਅਦ ਛਪਣ ਵਾਲੇ ਇਸ ਨਿਊਜ਼ ਲੈਟਰ ਵਿੱਚ ਬਜੁਰਗਾਂ ਸੰਬੰਧੀ ਖ਼ਬਰਾਂ ਅਤੇ ਉਨ੍ਹਾਂ ਦੇ ਲਿਖੇ ਵਿਚਾਰ ਅੰਕਿਤ ਕੀਤੇ ਜਾਇਆ ਕਰਨਗੇ। ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ: ਸਰਜੀਤ ਸਿੰਘ ਗਿੱਲ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ ਅਮਰਜੀਤ ਸਿੰਘ ਖਹਿਰਾ, ਸ਼੍ਰੀ ਪ੍ਰੇਮ ਚੰਦ ਐਸ ਡੀ ਐਮ, ਲੁਧਿਆਣਾ, ਇੰਦਰਪ੍ਰੀਤ ਕੌਰ ਜ਼ਿਲ੍ਹਾ ਸਮਾਜ ਸੁਰੱਖਿਆ ਅਫਸਰ, ਡਾ: ਹ ਸ ਪਨੂੰ, ਪ੍ਰੋਫੈਸਰ ਦਯਾਨੰਦ ਹਸਪਤਾਲ ਅਤੇ ਕਾਲਜ, ਰੀਟਾ ਕੋਹਲੀ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਅਤੇ ਮੋਗਾ ਦੀ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸਰਦਾਰੀ ਲਾਲ ਕਾਮਰਾ ਅਤੇ ਡਾ: ਅਪਾਰ ਸਿੰਘ ਬਿੰਦਰਾ ਵੀ ਹਾਜ਼ਰ ਸਨ।
ਬੁਢਾਪੇ ਦੀ ਸੰਭਾਲ ਵਾਲਾ ਸਮਾਜ ਹੀ ਵਿਕਸਤ ਮੰਨਿਆ ਜਾਂਦਾ ਹੈ-ਡਾ: ਕੰਗ
This entry was posted in ਪੰਜਾਬ.