ਗਲਾਸਗੋ/ ਲੰਡਨ ,(ਮਨਦੀਪ ਖੁਰਮੀ ਹਿੰਮਤਪੁਰਾ) – ਲੰਡਨ ਵਿੱਚ ਹਜਾਰਾਂ ਦੀ ਤਦਾਦ ਵਿੱਚ ਫੁੱਟਬਾਲ ਪ੍ਰੇਮੀ ਸ਼ਮੂਲੀਅਤ ਕਰ ਰਹੇ ਹਨ, ਜਿਸ ਕਰਕੇ ਸ਼ਹਿਰ ਦੀਆਂ ਸੜਕਾਂ ਕੂੜੇ ਨਾਲ ਭਰ ਗਈਆਂ ਹਨ। ਪਰ ਸ਼ੁੱਕਰਵਾਰ ਨੂੰ ਇੰਗਲੈਂਡ ਖ਼ਿਲਾਫ਼ ਰਾਤ ਦੇ ਮੈਚ ਤੋਂ ਪਹਿਲਾਂ ਸਕਾਟਲੈਂਡ ਦੇ ਫੁੱਟਬਾਲ ਪ੍ਰਸ਼ੰਸਕਾਂ ਵੱਲੋਂ ਸੈਂਟਰਲ ਲੰਡਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਹਿੱਸਾ ਲੈਣ ਤੋਂ ਬਾਅਦ ਕੂੜਾ ਚੁੱਕਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਲੈਸਟਰ ਸਕੁਏਰ ਸਕਾਟਲੈਂਡ ਦੇ ਸਮਰੱਥਕਾਂ ਨਾਲ ਭਰਿਆ ਹੋਇਆ ਸੀ ਜੋ ਕਿ ਸਕਾਟਲੈਂਡ ਦੇ ਝੰਡਿਆਂ ਨੂੰ ਆਪਣੇ ਮੋਢਿਆਂ ‘ਤੇ ਲਹਿਰਾ ਰਹੇ ਸਨ।
ਇੰਗਲੈਂਡ ਅਤੇ ਸਕਾਟਲੈਂਡ ਦਰਮਿਆਨ ਫੁੱਟਬਾਲ ਮੈਚ ਦੇਖਣ ਲਈ ਲੱਗਭਗ 22,000 ਸਕਾਟਿਸ਼ ਸਮਰਥਕ ਰਾਜਧਾਨੀ ਲੰਡਨ ਆਏ ਪਰ ਸਿਰਫ 2,600 ਹੀ ਵੈਂਬਲੀ ਲਈ ਟਿਕਟਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ। ਕੋਵਿਡ ਦੇ ਪ੍ਰਭਾਵ ਕਾਰਨ ਸ਼ਹਿਰ ਵਿੱਚ ਕੋਈ ਫੈਨ ਜ਼ੋਨ ਨਾ ਹੋਣ ਕਾਰਨ ਪ੍ਰਸ਼ੰਸਕਾਂ ਦੀ ਜਿਆਦਾਤਰ ਗਿਣਤੀ ਨੇ ਪੱਬਾਂ ਪਾਰਕਾਂ ਆਦਿ ਨੂੰ ਆਪਣਾ ਡੇਰਾ ਬਣਾਇਆ। ਇਸੇ ਵਜ੍ਹਾ ਕਰਕੇ ਸੜਕਾਂ ‘ਤੇ ਕੂੜਾ ਹੀ ਕੂੜਾ ਖਿੱਲਰਿਆ ਦਿਸਣ ਲੱਗਾ। ਪਰ ਕੁੱਝ ਜਿੰਮੇਵਾਰ ਫੁੱਟਬਾਲ ਪ੍ਰਸ਼ੰਸਕਾਂ ਵੱਲੋਂ 8 ਵਜੇ ਤੋਂ ਪਹਿਲਾਂ ਸ਼ਹਿਰ ਨੂੰ ਸਾਫ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਸ ਤਹਿਤ ਕੈਨਾਂ, ਕੱਚ ਦੀਆਂ ਬੋਤਲਾਂ ਅਤੇ ਪਲਾਸਟਿਕ ਬੈਗਾਂ ਆਦਿ ਦੀ ਸਫਾਈ ਕੀਤੀ। ਹਾਲਾਂਕਿ ਪ੍ਰਸ਼ੰਸਕਾਂ ਦੇ ਇੱਕ ਸਮੂਹ ਨੇ ਹਾਈਡ ਪਾਰਕ ਵਿੱਚ ਇਕੱਠੇ ਹੋ ਕੇ ਇਸਨੂੰ ਅਣ ਅਧਿਕਾਰਿਤ ਫੈਨ ਜੋਨ ਵਿੱਚ ਤਬਦੀਲ ਕੀਤਾ ਜਦਕਿ ਕੋਰੋਨਾ ਕਾਰਨ ਪ੍ਰਸ਼ਾਸਨ ਵੱਲੋਂ ਵੱਡੇ ਸਮੂਹਾਂ ਵਿੱਚ ਇਕੱਠੇ ਨਾ ਹੋਣ ਦੀਆਂ ਬੇਨਤੀਆਂ ਕੀਤੀਆਂ ਗਈਆਂ ਸਨ।