ਚੰਡੀਗੜ੍ਹ – ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬੀ.ਪੀਐਡ ਦੀ ਵਿਦਿਆਰਥਣ ਅਤੇ ਪ੍ਰਾਈਵੇਟ ਡਰਾਈਵਰ ਦੀ 21 ਸਾਲਾ ਬੇਟੀ ਅਰੁਣਾ ਤੰਵਰ ਟੋਕਿਓ ਪੈਰਾ-ਉਲੰਪਿਕਸ-2021 ਲਈ ਪੈਰਾ-ਤਾਈਕਵਾਂਡੋ ਖੇਡ ’ਚ ਦੇਸ਼ ਦੀ ਨੁਮਾਇੰਦਗੀ ਕਰਨ ਜਾ ਰਹੀ ਹੈ। ਭਿਵਾਨੀ ਜ਼ਿਲ੍ਹੇ ਦੇ ਪਿੰਡ ਦਿਨੌੜ ਦੀ ਵਸਨੀਕ ਅਰੁਣਾ ਮੌਜੂਦਾ ਸਮੇਂ ’ਚ ਮਹਿਲਾ ਅੰਡਰ-49 ਵਰਗ ’ਚ ਵਿਸ਼ਵ ਭਰ ’ਚੋਂ ਚੌਥੇ ਸਥਾਨ ’ਤੇ ਕਾਬਜ਼ ਹੈ ਜਦਕਿ ਨੈਸ਼ਨਲ ਪੱਧਰ ’ਤੇ ਪਹਿਲੇ ਸਥਾਨ ’ਤੇ ਕਾਬਜ਼ ਹੈ ਅਤੇ ਏਸ਼ੀਅਨ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ ਅਤੇ ਵਰਲਡ ਪੈਰਾ-ਤਾਈਕਵਾਂਡੋ ਚੈਂਪੀਅਨਸ਼ਿਪ-19 ’ਚ ਦੇਸ਼ ਦੀ ਝੋਲੀ ’ਚ ਕਾਂਸੀ ਦਾ ਤਮਗ਼ਾ ਪਾ ਚੁੱਕੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕੀਤਾ। ਇਸ ਮੌਕੇ ਅਰੁਣਾ ਦੇ ਪਿਤਾ ਸ਼੍ਰੀ ਨਰੇਸ਼ ਤੰਵਰ ਅਤੇ ਤਾਈਕਵਾਂਡੋ ਕੈਂਪ ਦੇ ਮੁੱਖ ਕੋਚ ਸ਼੍ਰੀ ਅਸ਼ੋਕ ਕੁਮਾਰ ਵੀ ਮੌਜੂਦ ਸਨ। ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਲ-2021 ਤੋਂ ਪੈਰਾ-ਉਲੰਪਿਕ ਖਿਡਾਰੀਆਂ ਲਈ ਕੁੱਲ 1 ਕਰੋੜ ਦੀ ਆਰ. ਟੀਕਾਰਾਮ ਸਪੋਰਟਸ ਸਕਾਲਰਸ਼ਿਪ ਦਾ ਐਲਾਨ ਵੀ ਕੀਤਾ ਗਿਆ। ਜਿਸ ਅਧੀਨ ਪੈਰਾ-ਉਲੰਪਿਕਸ ਖੇਡਾਂ ’ਚ ਭਾਗ ਲੈਣ ਵਾਲੇ ਪੈਰਾ ਖਿਡਾਰੀਆਂ ਨੂੰ ਵਿਸ਼ੇਸ਼ ਵਜ਼ੀਫ਼ਾ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਖੇਡ ਸ਼੍ਰੇਣੀ ਅਧੀਨ 25 ਸੀਟਾਂ ਪੈਰਾ-ਐਥਲੀਟਾਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ, ਜਿਸ ਅਧੀਨ ਪੈਰਾ-ਐਥਲੀਟ ਅਕਾਦਮਿਕ ਫ਼ੀਸ ’ਤੇ 100 ਫ਼ੀਸਦੀ ਤੱਕ ਦਾ ਵਜ਼ੀਫ਼ਾ, ਮੁਫ਼ਤ ਹੋਸਟਲ ਰਿਹਾਇਸ਼, ਡਾਈਟ ਫ਼ੀਸ ਸਮੇਤ ਸਿਖਲਾਈ ਭੱਤਾ ਲੈਣ ਦੇ ਯੋਗ ਹੋਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰੁਣਾ ਨੇ ਕਿਹਾ ਕਿ ਉਸਨੇ 8 ਸਾਲ ਦੀ ਉਮਰ ’ਚ ਤਾਈਕਵਾਂਡੋ ਖੇਡ ਦੀ ਸਿਖਲਾਈ ਲੈਣੀ ਸੁਰੂ ਕੀਤੀ ਅਤੇ ਅਗਲੇ ਅੱਠਾਂ ਸਾਲਾਂ ਲਈ ਵੱਖ-ਵੱਖ ਜਨਰਲ ਸ਼੍ਰੇਣੀਆਂ ਅਧੀਨ ਮੁਕਾਬਲਿਆਂ ’ਚ ਭਾਗ ਲਿਆ। ਉਸਨੇ ਦੱਸਿਆ ਕਿ ਜਨਮ ਵੇਲੇ ਤੋਂ ਉਸਦੇ ਹੱਥ ਅਤੇ ਹੱਥਾਂ ਦੀ ਉਂਗਲੀਆਂ ਦਾ ਆਕਾਰ ਆਮ ਨਾਲੋਂ ਕਾਫ਼ੀ ਛੋਟਾ ਹੈ, ਲੇਕਿਨ ਉਸ ਨੇ ਅਤੇ ਪਰਿਵਾਰ ਨੇ ਕਦੇ ਇਸ ਨੂੰ ਕਮਜ਼ੋਰੀ ਨਹੀਂ ਸਮਝਿਆ ਬਲਕਿ ਹੋਰ ਮਜ਼ਬੂਤੀ ਨਾਲ ਇੱਕ ਦੂਜੇ ਦਾ ਸਾਥ ਦਿੱਤਾ। ਹੱਥਾਂ ਦਾ ਆਕਾਰ ਛੋਟਾ ਹੋਣ ਦੀ ਵਜ੍ਹਾ ਕਾਰਨ ਸਾਲ 2017 ਦੌਰਾਨ ਉਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲੇ ’ਚ ਭਾਗ ਲੈਣ ਤੋਂ ਅਯੋਗ ਐਲਾਨ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਪੈਰਾ-ਉਲੰਪਿਕਸ ਸ਼੍ਰੇਣੀ ’ਚ ਤਬਦੀਲ ਹੋ ਗਈ, ਸ਼ਾਇਦ ਇਹੀ ਮੇਰੀ ਜ਼ਿੰਦਗੀ ਦਾ ਨਵਾਂ ਮੋੜ ਸੀ।
ਟੋਕਿਓ ਪੈਰਾ ਉਲੰਪਿਕ ਪ੍ਰਤੀ ਉਤਸ਼ਾਹ ਜ਼ਾਹਿਰ ਕਰਦਿਆਂ ਅਰੁਣਾ ਨੇ ਦੱਸਿਆ ਕਿ ਮਾਣ ਵਾਲੀ ਗੱਲ ਹੈ ਕਿ ਪੈਰਾ ਤਾਈਕਵਾਂਡੋ ’ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਮਹਿਲਾ ਖਿਡਾਰੀ ਹੈ। ਅਰੁਣਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਯਾਤਰਾ ’ਤੇ ਲਗਾਈ ਰੋਕ ਦੇ ਚਲਦੇ ਭਾਰਤੀ ਤਾਈਕਵਾਂਡੋ ਟੀਮ ਅਪ੍ਰੈਲ ਮਹੀਨੇ ਜੌਰਡਨ ’ਚ ਹੋਣ ਵਾਲੇ ਕੁਆਲੀਫ਼ੀਕੇਸ਼ਨ ਮੁਕਾਬਲੇ ਤੋਂ ਖੁੰਝ ਗਈ ਸੀ। ਜਿਸ ਤੋਂ ਬਾਅਦ ਆਈ.ਓ.ਸੀ ਅਤੇ ਵਰਲਡ ਤਾਈਕਵਾਂਡੋ ਵੱਲੋਂ ਉਸਦੀ ਪੁਰਾਣੀ ਖੇਡ ਕਾਰਗੁਜ਼ਾਰੀ ਦੇ ਆਧਾਰ ’ਤੇ ਵਾਈਲਡ ਕਾਰਡ ਐਂਟਰੀ ਪ੍ਰਦਾਨ ਕੀਤੀ ਗਈ ਹੈ। ਉਸਨੇ ਦੱਸਿਆ ਕਿ ਵਿਸ਼ਵ ਦੇ ਸੱਭ ਤੋਂ ਵੱਡੇ ਖੇਡ ਮੁਕਾਬਲੇ ’ਚ ਕੇ-43 ਅੰਡਰ-49 ਵਰਗ ਅਧੀਨ ਆਪਣਾ ਖੇਡ ਪ੍ਰਦਰਸ਼ਨ ਕਰੇਗੀ। ਅਰੁਣਾ ਤੰਵਰ ਨੇ ਕਿਹਾ ਕਿ ਤਾਇਕਵਾਂਡੋ ਨਾਲ ਕੇਵਲ ਇੱਕ ਖੇਡ ਹੈ ਬਲਕਿ ਔਰਤਾਂ ਲਈ ਸਵੈ-ਰੱਖਿਆ ਦੇ ਤੌਰ ’ਤੇ ਸਹੀ ਹਥਿਆਰ ਹੈ, ਜਿਸ ਲਈ ਲੜਕੀਆਂ ਨੂੰ ਅਜਿਹੀਆਂ ਖੇਡਾਂ ਵੱਲ ਵੀ ਰੁਚੀ ਵਿਖਾਉਣੀ ਚਾਹੀਦੀ ਹੈ।
ਅਰੁਣਾ ਦੇ ਪਿਤਾ ਨਰੇਸ਼ ਤੰਵਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇੱਕ ਕੈਮੀਕਲ ਫੈਕਟਰੀ ’ਚ ਡਰਾਈਵਰ ਵਜੋਂ ਕੰਮ ਕਰਦਾ ਹਾਂ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵੇਲੇ ਬੇਟੀ ਦਾ ਪਾਲਣ ਪੋਸ਼ਣ ਕਰਨਾ ਮੇਰੇ ਵੱਡੀ ਚੁਣੌਤੀ ਸੀ, ਪਰ ਖੇਡ ਪ੍ਰਤੀ ਉਸਦੀ ਦਿ੍ਰੜਤਾ ਅਤੇ ਮਿਹਨਤ ਨੂੰ ਵੇਖਦਿਆਂ ਉਨ੍ਹਾਂ ਅਰੁਣਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਕਰਜ਼ੇ ਵੀ ਚੁੱਕੇ।ਹੁਣ ਤੱਕ ਦਾ ਸਫ਼ਰ ਭਾਵੇਂ ਆਰਥਿਕ ਤੰਗੀਆਂ ’ਚ ਗੁਜ਼ਰਿਆਂ ਪਰ ਅਰੁਣਾ ਦੀ ਮਿਹਨਤ ਨੇ ਉਨ੍ਹਾਂ ਦਾ ਹੌਸਲਾ ਡੋਲਣ ਨਾ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਰਸਿਆਂ ਪੁਰਾਣਾ ਸੁਪਨਾ ਹੈ ਕਿ ਉਨ੍ਹਾਂ ਦੀ ਬੇਟੀ ਟੋਕਿਓ ’ਚ ਤਮਗ਼ਾ ਹਾਸਲ ਕਰਦੇ ਵਿਸ਼ਵ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕਰੇ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਨੇ ਕਿਹਾ ਕਿ ’ਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਸੰਸਥਾ ਦੀ ਹੋਣਹਾਰ ਖਿਡਾਰਣ ਟੋਕਿਓ ਮਹਾਂਮੁਕਾਬਲੇ ਦੌਰਾਨ ਦੇਸ਼ ਦੀ ਨੁਮਾਇੰਦਗੀ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੈਰਾ ਉਲੰਪਿਕਸ ’ਚ ਚੁਣੇ ਜਾਣ ਨਾਲ, ਅਰੁਣਾ ਹੋਰਨਾਂ ਲਈ ਵੀ ਇੱਕ ਰੋਲ ਮਾਡਲ ਬਣ ਜਾਵੇਗੀ, ਖਾਸਕਰ ਉਨ੍ਹਾਂ ਕੁੜੀਆਂ ਲਈ ਜਿਨ੍ਹਾਂ ਨੂੰ ਅੰਦਰੂਨੀ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਮਾਪਿਆਂ ਵੱਲੋਂ ਲੜਕਿਆਂ ਦੇ ਮੁਕਾਬਲੇ ਬਰਾਬਰ ਦਾ ਮੌਕਾ ਨਹੀਂ ਦਿੱਤਾ ਜਾਂਦਾ।ਪੈਰਾ-ਉਲੰਪਿਕ ਖਿਡਾਰੀਆਂ ਦੇ ਸਨਮਾਨ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਪ੍ਰਸਿੱਧ ਅੰਤਰਰਾਸ਼ਟਰੀ ਪੈਰਾ-ਐਥਲੀਟ ਅਤੇ ਅਰਜੁਨ ਐਵਾਰਡੀ ਰਮੇਸ਼ ਟੀਕਾਰਾਮ ਦੇ ਨਾਮ ’ਤੇ ਕੁੱਲ 1 ਕਰੋੜ ਦੀ ਖੇਡ ਸਕਾਲਰਸ਼ਿਪ ਜਾਰੀ ਕੀਤੀ ਗਈ ਹੈ, ਜਿਨ੍ਹਾਂ ਨੂੰ ਭਾਰਤ ’ਚ ਪੈਰਾ-ਬੈਡਮਿੰਟਨ ਦੇ ਪਿਤਾਮਾ ਵਜੋਂ ਵੀ ਜਾਣਿਆ ਜਾਂਦਾ ਹੈ। ਮੀਡੀਆ ਰੂਬਰੂ ਦੌਰਾਨ ਟੋਕਿਓ ਉਲੰਪਿਕਸ ’ਚ ਚੋਣ ਨੂੰ ਮੁੱਖ ਰੱਖਦਿਆਂ ਸਨਮਾਨ ਵਜੋਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਅਰੁਣਾ ਤੰਵਰ ਨੂੰ ਇੱਕ ਲੈਪਟਾਪ ਅਤੇ ਪੇਸ਼ੇਵਰ ਤਾਈਕਵਾਂਡੋ ਕਿੱਟ ਭੇਂਟ ਕੀਤੀ ਗਈ, ਜੋ ਅਭਿਆਸ ਸੈਸ਼ਨਾਂ ਲਈ ਜ਼ਰੂਰੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਕੋਚ ਅਸ਼ੋਕ ਕੁਮਾਰ ਨੇ ਦੱਸਿਆ ਕਿ ਅਰੁਣਾ ਐਨੇ ਵੱਡੇ ਮੁਕਾਬਲੇ ਲਈ ਭਾਰਤ ਦੀ ਨੁਮਾਇੰਗੀ ਕਰਨ ਜਾ ਰਹੀ ਹੈ, ਜੋ ਸਮੁੱਚੇ ਦੇਸ਼ ਲਈ ਮਾਣ ਵਾਲੀ ਗੱਲ ਹੋਣ ਦੇ ਨਾਲ-ਨਾਲ ਲੜਕੀਆਂ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਦੱਸਿਆ ਕਿ 24 ਅਗਸਤ ਤੋਂ 5 ਸਤੰਬਰ, 2021 ਨੂੰ ਹੋਣ ਵਾਲੇ ਟੋਕਿਓ ਮਹਾਂ-ਮੁਕਾਬਲੇ ’ਚ 37 ਦੇਸ਼ਾਂ ਤੋਂ 72 ਤਾਈਕਵਾਂਡੋ ਖਿਡਾਰੀ ਆਪਣੀ ਕਿਸਮਤ ਅਜ਼ਮਾਉਣਗੇ। ਉਨ੍ਹਾਂ ਕਿਹਾ ਕਿ ਪੰਜ ਵਾਰ ਰਾਸ਼ਟਰੀ ਚੈਂਪੀਅਨ ਰਹਿਣ ਤੋਂ ਇਲਾਵਾ ਅਰੁਣਾ ਪਿਛਲੇ ਚਾਰ ਸਾਲਾਂ ’ਚ ਏਸ਼ੀਅਨ ਪੈਰਾ-ਤਾਈਕਵਾਂਡੋ ਚੈਂਪੀਅਨਸ਼ਿਪ ਅਤੇ ਵਿਸ਼ਵ ਪੈਰਾ-ਤਾਈਕਵਾਂਡੋ ਚੈਂਪੀਅਨਸ਼ਿਪਾਂ ’ਚ ਆਪਣੀ ਸ਼ਾਨਦਾਰ ਖੇਡ ਪ੍ਰਤੀਭਾ ਦਾ ਲੋਹਾ ਮਨਵਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਟੋਕਿਓ ’ਚ ਅਰੁਣਾ ਨੂੰ ਯੂਕ੍ਰੇਨ, ਚੀਨ ਅਤੇ ਚੀਨੀ ਤਾਈਪੇ ਦੇ ਖਿਡਾਰੀਆਂ ਵੱਲੋਂ ਚਣੌਤੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਰੁਣਾ ਸਾਰਿਆਂ ਨੂੰ ਚਿੱਤ ਕਰਦਿਆਂ ਦੇਸ਼ ਦੀ ਝੋਲੀ ਤਮਗ਼ਾ ਪਾਏਗੀ।