ਬੁੱਧਵਾਰ ਦੀ ਦੇਰ ਰਾਤ ਭਾਰਤ ਦੀ ਆਰਥਿਕ ਰਾਜਧਾਨੀ ਮੁਬੰਈ ਉੱਪਰ ਹੋਏ ਅੱਤਵਾਦੀ ਹਮਲਿਆਂ ਦੀ ਤਰਾਸਦੀ ਲਈ ਯਾਦ ਕੀਤੀ ਜਾਵੇਗੀ। ਜਿਸ ਦੀ ਗੂੰਜ ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਸੁਣਾਈ ਦੇ ਰਹੀ ਹੈ। ਮੁਬੰਈ ਉੱਪਰ ਅੱਤਵਾਦੀ ਹਮਲੇ ਪਹਿਲਾਂ ਵੀ ਹੁੰਦੇ ਰਹੇ ਹਨ । ਕਿਉਂਕਿ ਇਹ ਭਾਰਤ ਦਾ ਸੱਭ ਤੋਂ ਅਮੀਰ ਅਤੇ ਵਿਕਸਤ ਸ਼ਹਿਰ ਹੈ ਜਿਸ ਨੂੰ ਮਹਾਂਨਗਰ ਦਾ ਦਰਜਾ ਹਾਸਿਲ ਹੈ ਅਤੇ ਇਸ ਨੂੰ ਭਾਰਤ ਦੀ ਆਰਥਿਕ ਰਾਜਧਾਨੀ ਕਿਹਾ ਜਾਂਦਾ ਹੈ। ਇਸ ੳਤੇ ਹਮਲਾ ਕਰਕੇ ਅੱਤਵਾਦੀ ਆਪਣੀ ਤਾਕਤ ਦਿਖਾਉਣਾ ਅਤੇ ਭਾਰਤ ਦੀ ਹੋਂਦ ਤੇ ਖਤਰਾ ਪੈਦਾ ਕਰਕੇ ਆਪਣੇ ਉਦੇਸ਼ਾਂ ਵਿੱਚ ਸਫਲ ਹੋਣਾ ਚਾਹੁੰਦੇ ਹਨ। ਅੱਤਵਾਦੀ ਜਿਨ੍ਹਾਂ ਦੀ ਪਛਾਣ ਲਸ਼ਕਰ-ਏ-ਤੋਇਬਾ ਤੋਂ ਹੋ ਰਹੀ ਹੈ ਅਤੇ ਜਿਨ੍ਹਾਂ ਦਾ ਸਬੰਧ ਪਾਕਿਸਤਾਨ ਨਾਲ ਹੈ ਦਾ ਨਿਸ਼ਾਨਾ ਭੀੜ ਵਾਲੀਆਂ ਅਤੇ ਮਸ਼ਹੂਰ ਜਗ੍ਹਾ ਰਹੀਆਂ। ਤਾਜ ਹੋਟਲ , ਉਬਰਾਏ ਹੋਟਲ ਅਤੇ ਨਰੀਮਨ ਇਮਾਰਤਾਂ ਸਮੇਤ ਅੱਤਵਾਦੀਆਂ ਨੇ ਹਸਪਤਾਲਾਂ ਅਤੇ ਟੀ.ਵੀ ਸਟੇਸ਼ਨਾਂ ਸਮੇਤ ਮੁਬੰਈ ਵਿੱਚ 12 ਜਗ੍ਹਾ ਤੇ ਹਮਲੇ ਕੀਤੇ। ਜਿਸ ਵਿੱਚ ਪੁਲਿਸ ਜਵਾਨਾਂ ਸਹਿਤ 180 ਤੋਂ ਵਧੇਰੇ ਮੌਤਾਂ ਹੋਈਆ ਅਤੇ ਲਗਭਗ 290 ਤੋਂ ਵੀ ਉੱਪਰ ਲੋਕ ਜਖਮੀ ਹੋਏ। ਵਿਦੇਸ਼ੀ ਟੀਮਾਂ ਖਾਸ ਕਰਕੇ ਇੰਗਲਿਸ਼ ਕ੍ਰਿਕਟ ਟੀਮ ਦੌਰਾ ਛੱਡ ਕੇ ਆਪਣੇ ਦੇਸ਼ ਪਰਤ ਗਈ। ਵਿਸ਼ਵ ਭਰ ਵਿੱਚ ਇਹ ਹਮਲੇ ਸੁਰਖੀਆਂ ਵਿੱਚ ਰਹੇ ਜਿਸ ਨਾਲ ਹੀ ਭਾਰਤ ਦੀ ਸ਼ਾਨ ਨੂੰ ਬਹੁੱਤ ਵੱਡਾ ਧੱਕਾ ਲੱਗਿਆ ਹੈ ਪਾਕਿਸਤਾਨ ਨਾਲ ਸਬੰਧ ਹੋਰ ਖਰਾਬ ਹੋਣਗੇ ਅਤੇ ਵਿਕਾਸ ਦੀ ਰਾਹ ਤੇ ਪਏ ਭਾਰਤ ਲਈ ਇਹ ਬਹੁੱਤ ਹੀ ਪਿੱਛੇ ਧਕੇਲਣ ਵਰਗਾ ਕਦਮ ਹੋਵੇਗਾਂ। ਇਸ ਨਾਲ ਦੁਨੀਆਂ ਭਰ ਦੇ ਸੈਲਾਨੀਆਂ ਲਈ ਇੱਕ ਅਸੁੱਰਖਿਅਤ ਦੇਸ਼ ਵਾਲਾ ਅਕਸ ਬਣੇਗਾ।
ਅੱਤਵਾਦ ਭਾਰਤ ਲਈ ਹਮੇਸ਼ਾ ਖਤਰਾ ਬਣਿਆ ਰਿਹਾ ਹੈ। ਕਿਉਂਕਿ ਇੱਥੇ ਅੱਤਵਾਦ ਨੂੰ ਕੁਚਲਣ ਲਈ ਜਿਹੜੀ ਇੱਛਾ ਸ਼ਕਤੀ ਦੀ ਜਰੂਰਤ ਹੁੰਦੀ ਹੈ ਉਹ ਸਾਡੀਆਂ ਰਾਜਸੀ ਪਾਰਟੀਆਂ ਅਤੇ ਸਰਕਾਰਾਂ ਵਿੱਚ ਨਹੀਂ ਹੈ। ਇੱਥੇ ਅੱਤਵਾਦ ਵਰਗੇ ਮੁੱਦੇ ਤੇ ਵੀ ਸਿਆਸਤ ਕੀਤੀ ਜਾਂਦੀ ਹੈ। ਅੱਤਵਾਦੀ ਨੂੰ ਅੱਤਵਾਦੀ ਕਹਿਣ ਲਈ ਵੀ ਪਹਿਲਾਂ ਉਸ ਦੇ ਧਰਮ ਦੀ ਪਛਾਣ ਕੀਤੀ ਜਾਂਦੀ ਹੈ। ਮਤਲਬ ਕਿ ਹਰ ਸਿਆਸੀ ਪਾਰਟੀ ਲਈ ਅੱਤਵਾਦੀ ਦੀ ਪ੍ਰੀਭਾਸ਼ਾ ਉਸ ਦੇ ਆਪਣੇ ਵੋਟ ਬੈਂਕ ਦੇ ਅਨੁਸਾਰ ਹੈ। ਪਰ ਅੱਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ।
ਮੁਬੰਈ ਅੱਤਵਾਦੀ ਹਮਲੇ ਵਿੱਚ ਸਿੱਧੇ ਤੌਰ ਤੇ ਸ਼ੱਕ ਦੀ ਸੂਈ ਪਾਕਿਸਤਾਨ ਤੇ ਜਾ ਰਹੀ ਹੈ। ਇਹ ਸੱਚ ਵੀ ਹੈ ਕਿਉਂਕਿ ਭਾਰਤ ਵਿੱਚ ਅੱਤਵਾਦ ਲਈ ਪਾਕਿਸਤਾਨ ਜਿੰਮੇਵਾਰ ਰਿਹਾ ਹੈ। ਜਿਸ ਦਾ ਕਾਰਨ ਕਸ਼ਮੀਰ ਰਿਹਾ ਹੈ। ਕਸ਼ਮੀਰ ਮਸਲੇ ਨੂੰ ਭਾਰਤੀ ਅਤੇ ਪਾਕਿਸਤਾਨੀ ਨੇਤਾਵਾਂ ਨੇ ਉਲਝਾਇਆ ਹੀ ਹੈ ਜਿਸ ਦੇ ਸੁਲਝਣ ਦੀ ਆਸ ਅਜੇ ਵੀ ਨਹੀਂ ਹੈ। ਭਾਵੇਂ ਪਾਕਿਸਤਾਨ ਦੀ ਲੋਕਤੰਤਰ ਸਰਕਾਰ ਹੋਵੇ ਜਾਂ ਫੌਜੀ ਸਰਕਾਰ ਜਦੌਂ ਜਰੂਰਤ ਪਈ ਹੈ ਕਸ਼ਮੀਰ ਮਸਲੇ ਨੂੰ ਆਪਣੀ ਕੁਰਸੀ ਬਚਾਉਣ ਲਈ ਉਠਾਇਆ ਹੈ। ਜਿਸ ਸੱਭ ਦਾ ਨਤੀਜਾ ਕਸ਼ਮੀਰੀ ਲੋਕਾਂ ਨੂੰ ਭੁਗਤਣਾ ਪਿਆ ਹੈ। ਆਮ ਕਸ਼ਮੀਰੀ ਨਾਗਰਿਕ ਨੂੰ ਇਸ ਦੀ ਸੱਭ ਤੋਂ ਵੱਧ ਸਜਾ ਮਿਲੀ ਹੈ। ਸਵੱਰਗ ਵਰਗੇ ਖੂਬਸੂਰਤ ਕਸ਼ਮੀਰ ਦੀ ਪਹਿਚਾਣ ਡੱਰ, ਦਹਿਸ਼ਤ ਅਤੇ ਗੋਲਾਬਾਰੀ ਵਜੌਂ ਹੁੰਦੀ ਹੈ।
ਮੁਬੰਈ ਅੱਤਵਾਦੀ ਹਮਲੇ ਜਿਸ ਕਾਰਨ ਇਹ ਤਾਂ ਜਾਹਿਰ ਸੀ ਕਿ ਭਾਰਤ-ਪਾਕਿ ਰਿਸ਼ਤੇ ਖਰਾਬ ਹੋਣਗੇ ਹੀ। ਗ੍ਰਹਿ ਮੰਤਰੀ ਅਤੇ ਮੁਬੰਈ ਦੇ ਉੱਪ ਮੁਖ-ਮੰਤਰੀ ਨੇ ਅਸਤੀਫੇ ਦੇ ਦਿਤੇ ਹਨ ਅਤੇ ਮੁਖ-ਮੰਤਰੀ ਵਿਲਾਸ ਰਾਉ ਦੇਸ਼ ਮੁਖ ਤੇ ਵੀ ਅਸਤੀਫੇ ਦਾ ਦਬਾਅ ਹੈ। ਆ ਰਹੀਆਂ ਲੋਕ ਸਭਾ ਚੋਣਾਂ ਕਾਰਨ ਲੋਕ-ਰੋਹ ਤੋਂ ਬਚਣ ਦਾ ਇਹ ਕਾਰਨ ਹੋ ਸਕਦਾ ਹੈ। ਕਿਉਂਕਿ ਇਹਨਾਂ ਅਸਤੀਫਿਆਂ ਕਾਰਨ ਤਾਂ ਅੱਤਵਾਦ ਕਾਬੂ ਹੇਠ ਨਹੀਂ ਆ ਸਕਦਾ। ਇਸ ਨੂੰ ਤਾਂ ਕਾਬੂ ਪ੍ਰਸ਼ਾਸ਼ਨ ਦੀ ਹੁਿਸ਼ਆਰੀ, ਖੁਫੀਆ ਵਿਭਾਗ ਦੀ ਤਿੱਖੀ ਨਿਗਰਾਨੀ ਅਤੇ ਪੁਲਿਸ ਦੀ ਚੁਸਤੀ ਨਾਲ ਹੀ ਕੀਤਾ ਜਾ ਸਕਦਾ ਹੈ। ਮਤਲਬ ਕਿ ਸੁੱਰਖਿਆ ਤੰਤਰ ਨੂੰ ਪੂਰੀ ਤਰ੍ਹਾਂ ਨਾਲ ਮਜਬੂਤ ਕਰਨਾ ਹੋਵੇਗਾ। ਕਿਸੇ ਹੋਰ ਵਿਸ਼ੇਸ਼ ਕਨੂੰਨ ਦੀ ਵੀ ਲੋੜ ਨਹੀਂ ਹੈ। ਦੇਸ਼ ਵਿੱਚ ਪਹਿਲਾਂ ਹੀ ਬਹੁਤ ਕਨੂੰਨ ਹਨ ਲੋੜ ਹੈ ਉਸ ਨੂੰ ਸਹੀ ਤਰ੍ਹਾਂ ਨਾਲ ਲਾਗੂ ਕਰਨ ਦੀ।
ਅੱਤਵਾਦ ਨੂੰ ਕਾਬੂ ਕਰਨ ਲਈ ਸੱਭ ਤੋਂ ਜਰੂਰੀ ਹੈ ਪੁਲਿਸ ਤੰਤਰ ਵਿੱਚ ਸੁਧਾਰ ਦੀ। ਅੱਜ ਸਾਨੂੰ ਆਪਣੀ ਫੌਜੀ-ਸੈਨਾ ਤੇ ਮਾਣ ਹੈ ਕਿਉਂਕਿ ਇਸ ਨੇ ਸਾਨੂੰ ਸਰਹੱਦਾਂ ਉੱਤੇ ਪੂਰੀ ਤਰਾਂ ਸੁੱਰਿਖਆ ਦਿੱਤੀ ਹੈ। ਉਹ ਆਪਣਾ ਫਰਜ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਜਿਸ ਤੇ ਹਰ ਭਾਰਤੀ ਫਖਰ ਮਹਿਸੂਸ ਕਰਦਾ ਹੈ। ਪਰ ਹਰ ਭਾਰਤੀ ਪੁਲਿਸ ਤੇ ਫਖਰ ਕਿਉਂ ਨਹੀ ਕਰਦਾ? ਪੁਲਿਸ ਵਿੱਚ ਵੀ ਕਾਫੀ ਇਮਾਨਦਾਰ ਅਤੇ ਆਪਣੇ ਫਰਜ ਦੀ ਪਾਲਣਾ ਕਰਨ ਵਾਲੇ ਪੁਲਿਸ ਜਵਾਨ ਅਤੇ ਅਫਸਰ ਰਹੇ ਹਨ ਅਤੇ ਰਹਿ ਰਹੇ ਹਨ। ਪਰ ਸਾਡੀ ਪੁਲਿਸ ਦੀ ਤਸਵੀਰ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਆਮ ਭਾਰਤੀ ਇਸ ਤੋਂ ਡਰਦਾ ਹੈ। ਜਦ ਕਿ ਇਸ ਦਾ ਡੱਰ ਸਿਰਫ ਅਪਰਾਧੀਆਂ ਅਤੇ ਕਂਨੂੰਨ ਨੂੰ ਨਾ ਮਨਣ ਵਾਲਿਆਂ ਨੂੰ ਹੋਣਾ ਚਾਹੀਦਾ ਹੈ। ਪਰ ਉਹਨਾਂ ਨੂੰ ਤਾਂ ਪੁਲਿਸ ਦਾ ਕੋਈ ਡੱਰ ਨਹੀ ਹੈ। ਅਗਰ ਇਹ ਡੱਰ ਹੁੰਦਾ ਤਾਂ ਉਹ ਇਨੇ ਬੇਖੌਫ ਹੋ ਕੇ ਮੁਬੰਈ ਵਰਗੇ ਮਹਾਂਨਗਰ ਤੇ ਹਮਲੇ ਨਾ ਕਰਦੇ। ਇਸ ਲਈ ਭਾਰਤ ਨੇ ਅਗਰ ਅੱਤਵਾਦ ਦੀ ਚੁਣੌਤੀ ਤੇ ਕਾਬੂ ਪਾਉਣਾ ਹੈ ਤਾਂ ਪੁਲਿਸ ਤੰਤਰ ਨੂੰ ਪੂਰੀ ਤਰ੍ਹਾਂ ਸਰਗਰਮ ਹੋਣਾ ਪਵੇਗਾ। ਅਮਰੀਕਾ ਅਤੇ ਇੰਗਲੈਂਡ ਵਾਂਗ ਪੁਲਿਸ ਦਾ ਆਧੂਨਿਕੀਕਰਨ ਕਰਨਾ ਹੋਵੇਗਾ। ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਹੋਵੇਗੀ। ਪਲਿਸ ਲੋਕਾਂ ਦੀ ਸੇਵਕ ਬਣ ਕੇ ਕੰਮ ਕਰੇ। ਲੋਕਾਂ ਦਾ ਪੁਲਿਸ ਉੱਪਰ ਵਿਸ਼ਵਾਸ ਬਹਾਲ ਕਰਨਾ ਪਵੇਗਾ।
ਸਾਡੀ ਅੰਦਰੂਨੀ ਸੁੱਰਿਖਆ ਅਗਰ ਮਜਬੂਤ ਹੋਵੇਗੀ ਤਾਂ ਸਾਨੂੰ ਪਾਕਿਸਤਾਨ ਨੂੰ ਦੋਸ਼ ਦੇਣ ਦੀ ਵੀ ਜਰੂਰਤ ਨਹੀ ਪਵੇਗੀ। ਕਿੳਂਕਿ ਪਾਕਿਸਤਾਨ ਭਾਰਤ ਵਿੱਚ ਅੱਤਵਾਦ ਲਈ ਹਮੇਸ਼ਾ ਜਿੰਮੇਵਾਰ ਰਿਹਾ ਹੈ। ਪਰ ਪਾਕਿਸਤਾਨ ਵਿੱਚ ਪਰਵੇਜ ਮੁਸ਼ਰਫ ਤੋਂ ਬਾਅਦ ਬਣੇ ਨਵੇਂ ਰਾਸ਼ਟਰਪਤੀ ਅਸੀਫ ਅਲੀ ਜਰਦਾਰੀ ਦੀ ਸੋਚ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਜਰਦਾਰੀ ਸਾਹਿਬ ਪਾਕਿਸਤਾਨ ਦੇ ਕੱਟੜ ਤੱਤਾਂ ਦੇ ਭਾਰੀ ਦਬਾਅ ਕਾਰਨ ਹੁਣ ਜੋ ਵੀ ਬਿਆਨ ਦੇ ਰਹੇ ਹੋਣ ਪਰ ਉਹਨਾਂ ਦੇ ਪਿਛਲੇ ਕੁਝ ਸਮੇਂ ਤੋਂ ਆ ਰਹੇ ਬਿਆਨ ਉਹਨਾਂ ਦੀ ਸੂਝ ਬੂਝ ਬਿਆਨ ਕਰਦੇ ਹਨ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਕਸ਼ਮੀਰ ਬਾਰੇ ਅਤੇ ਭਾਰਤ ਬਾਰੇ ਅਜਿਹੇ ਸਕਰਾਤਮਕ ਬਿਆਨ ਦਿੱਤੇ ਹਨ ਜਿਨ੍ਹਾਂ ਨੂੰ ਦੇਣ ਦੀ ਹਿਮੱਤ ਅੱਜ ਤੱਕ ਕਿਸੇ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਨਹੀਂ ਕੀਤੀ। ਪਰ ਭਾਰਤ ਦੁਆਰਾ ਇਹਨਾਂ ਹਿੰਮਤੀ ਬਿਆਨਾਂ ਨੂੰ ਉਤਸ਼ਾਹ ਦੇਣਾ ਬਣਦਾ ਸੀ ਪਰ ਪਤਾ ਨਹੀਂ ਭਾਰਤੀ ਕੂਟਨੀਤੀ ਅਤੇ ਵਿਦੇਸ਼ ਮੰਤਰੀ ਨੇ ਸ਼ਾਇਦ ਇਹ ਬਿਆਨ ਸੁਣੇ ਹੀ ਨਹੀਂ। ਮੌਜੂਦਾ ਦੋ ਬਿਆਨ ਜੋ ਜਰਦਾਰੀ ਸਾਹਿਬ ਨੇ ਦਿੱਤੇ ਹਨ ਵੀ ਸ਼ਲਾਘਾ ਯੋਗ ਹਨ। ਪਹਿਲਾ ਇਹ ਕਿ ਭਾਰਤ ਵਾਂਗ ਹੀ ਪਾਕਿਸਤਾਨ ਵੀ ਜੰਗ ਹੋਣ ਤੇ ਪਹਿਲਾਂ ਪ੍ਰਮਾਣੂ ਹਮਲਾ ਨਹੀਂ ਕਰੇਗਾ। ਦੂਜਾ ਇਹ ਕਿ ਭਾਰਤ, ਪਾਕਿਸਤਾਨ ਦੇ ਅੱਤਵਾਦੀਆਂ ਦੇ ਮੁਬੰਈ ਉੱਪਰ ਕੀਤੇ ਹਮਲਿਆਂ ਕਾਰਨ ਪਾਕਿਸਤਾਨ ੳੱਤੇ ਹਮਲਾ ਕਰਨ ਤੋਂ ਬਚੇ। ਇਹ ਅੱਿਜਹੇ ਬਿਆਨ ਹਨ ਜਿਨ੍ਹਾਂ ਦੀ ਦਾਦ ਦੇਣੀ ਬਣਦੀ ਹੈ। ਕਿਉਂਕਿ ਪਾਕਿਸਤਾਨ ਨਾਲ ਜੰਗ ਹੋ ਜਾਣ ਤੋਂ ਬਾਅਦ ਵੀ ਇਹ ਗਰੰਟੀ ਨਾਲ ਨਹੀਂ ਕਿਹਾ ਜਾ ਸਕਦਾ ਕਿ ਅੱਤਵਾਦ ਖਤਮ ਹੋ ਜਾਵੇਗਾ। ਕਿਉਂਕਿ ਜੇ ਜੰਗ ਨਾਲ ਹੀ ਅੱਤਵਾਦ ਖਤਮ ਹੋਣਾ ਹੁੰਦਾ ਤਾਂ ਪਾਕਿਸਤਾਨ ਨਾਲ ਤਾਂ ਅਸੀਂ ਪਹਿਲਾਂ ਹੀ ਕਈ ਜੰਗਾਂ ਲੜ ਚੱਕੇ ਹਾਂ। ਪਰ ਅੱਤਵਾਦ ਖਤਮ ਨਹੀਂ ਹੋਇਆ।
ਇਸ ਵਾਰ ਜੰਗ ਹੋਣ ਦਾ ਅਰਥ ਹੋਵੇਗਾ ਪ੍ਰਮਾਣੂ ਜੰਗ ਛਿੜਨੀ। ਜਿਸ ਨੂੰ ਪ੍ਰਮਾਣੂ ਜੰਗ ਦਾ ਡੱਰ ਨਹੀਂ, ਉਹ ਇੱਕ ਵਾਰ ਹੀਰੋਸ਼ੀਮਾ ਅਤੇ ਨਾਗਾਸਾਕੀ ਵਿੱਚ ਹੋਈ ਤਬਾਹੀ ਨੂੰ ਮਹਿਸੂਸ ਕਰੇ। ਜਿਥੇ 60-65 ਸਾਲਾਂ ਬਾਅਦ ਵੀ ਪ੍ਰਮਾਣੂ ਹਥਿਆਰਾਂ ਨਾਲ ਹੋਈ ਤਬਾਹੀ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ। ਅੱਤਵਾਦ ਦੇ ਖਾਤਮੇ ਦਾ ਇੱਕੋ-ਇੱਕ ਹੱਲ ਅੰਦਰੂਨੀ ਸੁੱਰਖਿਆ ਹੈ। ਜੋ ਪੁਲਿਸ ਤੰਤਰ ਦੇ ਸੁਧਾਰ ਅਤੇ ਆਧੁਨਿਕੀਕਰਨ ਨਾਲੇ ਆਵੇਗੀ। ਸਾਨੂੰ ਅਮਰੀਕਾ ਵਾਂਗ ਸੁੱਰਖਿਆ ਤੰਤਰ ਮਜਬੂਤ ਕਰਨਾ ਹੋਵੇਗਾ ਜਿੱਥੇ 11 ਸਤੰਬਰ ਤੋਂ ਬਾਅਦ ਕੋਈ ਅੱਤਵਾਦੀ ਹਮਲਾ ਨਹੀਂ ਹੋਇਆ ਅਤੇ ਦੇਸ਼ ਪੂਰੀ ਤਰ੍ਹਾਂ ਨਾਲ ਸੁੱਰਖਿਅਤ ਰਿਹਾ ਹੈ।
ਮੁਬੰਈ ਅੱਤਵਾਦੀ ਹਮਲੇ : ਲੋੜ ਹੈ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਦੀ
This entry was posted in ਲੇਖ.