ਗਲਾਸਗੋ/ਸਾਊਥਾਲ, (ਮਨਦੀਪ ਖੁਰਮੀ ਹਿੰਮਤਪੁਰਾ) – “ਮਾਂ ਦੇ ਪੇਕੇ ਤੇ ਬੱਚਿਆਂ ਦੇ ਨਾਨਕੇ ਪੰਜਾਬੀ ਸਮਾਜ ਵਿੱਚ ਸਤਿਕਾਰਯੋਗ ਰਿਸ਼ਤਾ ਹਨ। ਮਾਮੇ, ਮਾਸੀਆਂ, ਮਾਮੀਆਂ ਕੋਲੋਂ ਮਿਲਿਆ ਪਿਆਰ, ਸਿੱਖਿਆਵਾਂ ਇਨਸਾਨ ਨੂੰ ਰਾਹ ਦਰਸਾਉਂਦੀਆਂ ਰਹਿੰਦੀਆਂ ਹਨ। ਜਦੋਂ ਇਹਨਾਂ ਰਿਸ਼ਤਿਆਂ ‘ਚੋਂ ਕਿਸੇ ਦੀ ਸਾਹ ਦੀ ਤੰਦ ਟੁੱਟਦੀ ਹੈ ਤਾਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਮਾਪੇ ਇੱਕ ਵਾਰ ਫਿਰ ਜਹਾਨੋਂ ਤੁਰ ਗਏ ਹੋਣ।”, ਉਕਤ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੇ ਆਪਣੀ ਸਤਿਕਾਰਯੋਗ ਮਾਮੀ ਸ੍ਰੀਮਤੀ ਮਾਇਆ ਦੇਵੀ ਜੀ ਦੇ ਅਕਾਲ ਚਲਾਣੇ ਸੰਬੰਧੀ ਦੁੱਖ ਦਾ ਇਜ਼ਹਾਰ ਕਰਦਿਆਂ ਕੀਤਾ। ਜ਼ਿਕਰਯੋਗ ਹੈ ਮਾਤਾ ਮਾਇਆ ਦੇਵੀ ਜੀ ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੇ ਜਨਰਲ ਸਕੱਤਰ ਤੇ ਉੱਘੇ ਸ਼ਾਇਰ ਅਜ਼ੀਮ ਸ਼ੇਖਰ ਦੇ ਮਾਤਾ ਜੀ ਸਨ। ਪਿਛਲੇ ਕੁੱਝ ਸਮੇਂ ਤੋਂ ਉਹਨਾਂ ਦੀ ਸਿਹਤ ਨਾਸਾਜ ਸੀ, ਅਖੀਰ ਉਹ 25 ਜੂਨ ਨੂੰ ਸਵਾਸ ਤਿਆਗ ਗਏ ਸਨ। ਉਹਨਾਂ ਨਮਿਤ ਅੰਤਿਮ ਰਸਮਾਂ ਜੱਦੀ ਪਿੰਡ ਨਥਾਣਾ (ਬਠਿੰਡਾ) ਵਿਖੇ ਸੰਪੂਰਨ ਹੋਈਆਂ। ਇਸ ਦੁੱਖ ਦੀ ਘੜੀ ਵਿੱਚ ਅਜ਼ੀਮ ਸ਼ੇਖਰ ਤੇ ਸ਼ਿਵਚਰਨ ਜੱਗੀ ਕੁੱਸਾ ਨਾਲ ਮਿੱਤਰਾਂ ਸਨੇਹੀਆਂ, ਸ਼ੁਭਚਿੰਤਕਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।