ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸਮੁੰਦਰੀ ਰਾਸਤੇ ਤੋਂ ਯੂਕੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਇੱਕ ਕਿਸ਼ਤੀ ਵਿੱਚੋਂ ਇੱਕ ਟਨ ਦੇ ਕਰੀਬ ਕੋਕੀਨ ਬਰਾਮਦ ਕੀਤੀ ਗਈ ਹੈ, ਜਿਸਦੀ ਕੀਮਤ 80 ਮਿਲੀਅਨ ਪੌਂਡ ਤੋਂ ਵੱਧ ਹੈ। ਕੋਕੀਨ ਵਰਗੇ ਕਲਾਸ ਏ ਦੇ ਨਸ਼ਿਆਂ ਦੀ ਖੇਪ ਨਾਲ ਭਰੀ ਇਹ ਕਿਸ਼ਤੀ ਕੈਰੇਬੀਅਨ ਤੋਂ ਆ ਰਹੀ ਸੀ।
ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਬ੍ਰਿਟੇਨ ਆ ਰਹੀ ਸੀ, ਜਿਸ ਦੌਰਾਨ ਕਸਟਮ ਅਧਿਕਾਰੀਆਂ ਨੇ ਇਸਨੂੰ ਘੇਰ ਲਿਆ। ਨੈਸ਼ਨਲ ਕ੍ਰਾਈਮ ਏਜੰਸੀ (ਐੱਨ ਸੀ ਏ) ਅਤੇ ਸਪੇਨ ਦੀ ਨੈਸ਼ਨਲ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਸ਼ੀਲੇ ਪਦਾਰਥਾਂ ਦੀ ਇਸ ਬਰਾਮਦੀ ਨੂੰ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੀ ਵਿਆਪਕ ਜਾਂਚ ਨਾਲ ਜੋੜਿਆ ਜਾ ਰਿਹਾ ਹੈ, ਜਿਸ ਵਿਚ 1.6 ਟਨ ਹੈਸ਼, 45,000 ਯੂਰੋ ਅਤੇ ਚਾਰ ਕਿਸ਼ਤੀਆਂ ਵੀ ਜ਼ਬਤ ਕੀਤੀਆਂ ਗੲਆਂ ਹਨ। 13 ਜੂਨ ਨੂੰ ਫੜੀ ਗਈ ਇਸ ਕੋਕੀਨ ਦੇ ਨਾਲ 46, 70 ਅਤੇ 29 ਸਾਲ ਦੇ ਤਿੰਨ ਸ਼ੱਕੀ ਤਸਕਰਾਂ ਨੂੰ ਵੀ ਐਸ ਵਾਈ ਵਿੰਡਵਿਸਪਰ ਕਿਸ਼ਤੀ ਸਮੇਤ ਐਟਲਾਂਟਿਕ ਦੇ ਅੱਧ ਵਿੱਚ ਰੋਕਿਆ ਗਿਆ ਸੀ। ਇਹਨਾਂ ਦੇ ਇਲਾਵਾ ਇੱਕ 38 ਅਤੇ 41 ਸਾਲਾਂ ਵਿਅਕਤੀ ਜੋ ਕਿ ਇਸ ਤਸਕਰੀ ਨਾਲ ਜੁੜੇ ਹੋਏ ਮੰਨੇ ਜਾਂਦੇ ਹਨ, ਨੂੰ ਵੀ ਸਪੇਨ ਦੇ ਅਧਿਕਾਰੀਆਂ ਨੇ ਕੋਸਟਾ ਡੀ ਸੋਲ ਵਿੱਚ ਗ੍ਰਿਫਤਾਰ ਕੀਤਾ ਹੈ। ਐਨ ਸੀ ਏ ਦੇ ਬਿਆਨ ਅਨੁਸਾਰ, ਸਾਰੇ ਪੰਜ ਵਿਅਕਤੀ ਨਸ਼ਾ ਤਸਕਰੀ ਦੇ ਅਪਰਾਧ ਵਿੱਚ ਹਿਰਾਸਤ ‘ਚ ਹਨ।