ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ 8 ਮਿਲੀਅਨ ਪੌਂਡ ਦੀ ਰਾਸ਼ੀ ਕੋਰੋਨਾ ਮਹਾਂਮਾਰੀ ਵਿੱਚ ਲੋਕਾਂ ਦੀ ਸੇਵਾ ਕਰਨ ਵਾਲੇ ਸਿਹਤ ਅਤੇ ਸਮਾਜਿਕ ਦੇਖਭਾਲ ਕਰਮਚਾਰੀਆਂ ਦੀ ਤੰਦਰੁਸਤੀ ਲਈ ਖਰਚ ਕੀਤੇ ਜਾਣਗੇ। 8 ਮਿਲੀਅਨ ਪੌਂਡ ਦੇ ਇਹ ਫੰਡ ਪਿਛਲੇ ਸਾਲ ਦੇ ਬਜਟ ਨਾਲੋਂ 3 ਮਿਲੀਅਨ ਪੌਂਡ ਜਿਆਦਾ ਹਨ, ਜੋ ਕਿ ਸਿਹਤ ਕਰਮਚਾਰੀਆਂ ਦੀਆਂ ਬੁਨਿਆਦੀ, ਵਿਹਾਰਕ ਅਤੇ ਭਾਵਨਾਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵਰਤੇ ਜਾਣਗੇ । ਇਸਦੇ ਇਲਾਵਾ ਇਸ ਫੰਡ ਦੀ ਲੋੜ ਪੈਣ ‘ਤੇ ਕਰਮਚਾਰੀਆਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਅਤੇ ਇਲਾਜ ਲਈ ਵੀ ਖਰਚਿਆ ਜਾਵੇਗਾ।
ਸਕਾਟਲੈਂਡ ਦੀ ਸਰਕਾਰ ਅਨੁਸਾਰ ਇਸ ਫੰਡ ਦੀ ਸਹਾਇਤਾ ਨਾਲ ਇੱਕ ਰਾਸ਼ਟਰੀ ਤੰਦਰੁਸਤੀ ਕੇਂਦਰ ਦੀ ਸਿਰਜਣਾ ਹੋਵੇਗੀ। ਜਿਸ ਵਿੱਚ ਇੱਕ ਹੈਲਪਲਾਈਨ, ਸਟਾਫ ਦੁਆਰਾ ਟੀਮ ਦੇ ਤੌਰ ‘ਤੇ ਇੱਕ ਦੂਜੇ ਦੀ ਸਹਾਇਤਾ ਲਈ ਸਿਖਲਾਈ ਅਤੇ ਆਰਾਮ ਲਈ ਸਥਾਨ ਵੀ ਸ਼ਾਮਲ ਹੋਣਗੇ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ਼ ਨੇ ਕਿਹਾ ਕਿ ਸਿਹਤ ਅਤੇ ਸਮਾਜਿਕ ਦੇਖਭਾਲ ਸਟਾਫ ਨੇ ਮਹਾਂਮਾਰੀ ਦੌਰਾਨ ਮੁਸ਼ਕਿਲ ਸਥਿਤੀਆਂ ਵਿੱਚ ਵੀ ਲੋਕਾਂ ਦੀ ਮੱਦਦ ਕੀਤੀ ਹੈ, ਇਸ ਲਈ ਸਟਾਫ ਦੀ ਤੰਦਰੁਸਤੀ ਸਰਕਾਰ ਦੀ ਇੱਕ ਮਹੱਤਵਪੂਰਣ ਪਹਿਲ ਹੈ। ਜਿਸਦੇ ਤਹਿਤ ਇਹ 8 ਮਿਲੀਅਨ ਦਾ ਪੈਕੇਜ ਸਿਹਤ ਵਿਭਾਗ ਦੇ ਸਟਾਫ ਦੀਆਂ ਮੁੱਢਲੀਆਂ, ਵਿਹਾਰਕ ਅਤੇ ਭਾਵਨਾਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ। ਇਸਦੇ ਇਲਾਵਾ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ (ਬੀ.ਐੱਮ.ਏ.) ਸਕਾਟਲੈਂਡ ਦੇ ਚੇਅਰਮੈਨ ਲੇਵਿਸ ਮੌਰਿਸਨ ਅਨੁਸਾਰ ਸਕਾਟਲੈਂਡ ਦੇ ਡਾਕਟਰ ਅਤੇ ਐੱਨ ਐੱਚ ਐੱਸ ਸਟਾਫ ਮਹਾਂਮਾਰੀ ਦੌਰਾਨ ਬਹੁਤ ਹੀ ਮੁਸ਼ਕਲ ਸਮੇਂ ਵਿੱਚੋਂ ਲੰਘੇ ਹਨ, ਇਸ ਲਈ ਉਨ੍ਹਾਂ ਦੀ ਤੰਦਰੁਸਤੀ ਲਈ ਬਜਟ ਦੇ ਇਸ ਵਾਧੂ ਨਿਵੇਸ਼ ਦਾ ਫੈਸਲਾ ਸਵਾਗਤਯੋਗ ਹੈ।