ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੋਵਿਡ -19 ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੁੱਝ ਕੌਂਸਲਾਂ ਸਕੂਲਾਂ ਵਿੱਚ ਕਾਰਬਨ ਡਾਈਆਕਸਾਈਡ (CO2 ) ਮਾਨੀਟਰ ਲਗਾਉਣ ਦੀ ਯੋਜਨਾ ਬਣਾ ਰਹੀਆਂ ਹਨ, ਜਿਸ ਲਈ ਤਕਰੀਬਨ 5 ਲੱਖ ਪੌਂਡ ਤੱਕ ਖਰਚ ਆਉਣ ਦੀ ਸੰਭਾਵਨਾ ਹੈ। ਸਕਾਟਲੈਂਡ ਦੀਆਂ ਪਰਥ ਅਤੇ ਕਿਨਰੋਸ ਕੌਂਸਲਾਂ ਦੇ ਕੌਸਲਰ 23 ਜੂਨ ਨੂੰ ਕਲਾਸਰੂਮਾਂ ਵਿੱਚ ਹਵਾ ਦੇ ਪ੍ਰਵਾਹ ਨੂੰ ਟਰੈਕ ਕਰਨ ਲਈ ਹੋਈ ਮੀਟਿੰਗ ਦੌਰਾਨ ਇਸ ਰਾਸ਼ੀ ਦੇ ਨਿਵੇਸ਼ ਲਈ ਸਹਿਮਤ ਹੋਏ ਸਨ। ਕੌਂਸਲਾਂ ਦੁਆਰਾ ਇਹ ਕਦਮ ਸਕਾਟਿਸ਼ ਸਰਕਾਰ ਦੁਆਰਾ ਅਪਡੇਟ ਕੀਤੇ ਕੋਰੋਨਾ ਵਾਇਰਸ ਦੇ ਨਿਰਦੇਸ਼ਾਂ ਅਧੀਨ ਪੁੱਟਿਆ ਜਾ ਰਿਹਾ ਹੈ, ਜਿਸ ਵਿੱਚ ਸਥਾਨਕ ਅਧਿਕਾਰੀਆਂ ਨੂੰ CO2 ਮਾਨੀਟਰਾਂ ਸਬੰਧੀ ਤਜਵੀਜ਼ ਸ਼ਾਮਲ ਹੈ।
ਇਹ ਮਾਨੀਟਰ ਇੱਕ ਜਗ੍ਹਾ ਵਿੱਚ ਹਵਾ ਵਿਚਲੀ ਕਾਰਬਨ ਡਾਈਆਕਸਾਈਡ (ਸੀਓ 2) ਦੀ ਮਾਤਰਾ ਬਾਰੇ ਜਾਣਕਾਰੀ ਦਿੰਦੇ ਹਨ ਜੋ ਕਿ ਇਹ ਨਿਰਧਾਰਤ ਕਰਨ ਵਿੱਚ ਮਦਦ ਕਰਦੀ ਹੈ ਕਿ ਜਗ੍ਹਾ ਵਿੱਚ ਹਵਾਦਾਰੀ ਕਾਫ਼ੀ ਹੈ ਜਾਂ ਖਿੜਕੀਆਂ ਆਦਿ ਨੂੰ ਖੋਲ੍ਹਣ ਦੀ ਜ਼ਰੂਰਤ ਹੈ। ਪਿਛਲੇ ਹਫ਼ਤੇ ਦੀ ਮੀਟਿੰਗ ਵਿੱਚ ਕੌਂਸਲਰਾਂ ਨੂੰ ਦੱਸਿਆ ਗਿਆ ਸੀ ਕਿ ਨਵੀਆਂ ਹਦਾਇਤਾਂ ਸਕੂਲੀ ਖੇਤਰ ਵਿੱਚ ਹਵਾ ਦੀ ਕੁਆਲਟੀ ‘ਚ ਸੁਧਾਰ ਕਰਨ ਲਈ ਅਸਰਦਾਰ ਹਨ। ਮਹਾਂਮਾਰੀ ਦੇ ਦੌਰਾਨ ਹਵਾਦਾਰੀ ‘ਤੇ ਬਹੁਤ ਮਹੱਤਵ ਦਿੱਤਾ ਗਿਆ ਹੈ ਤਾਂ ਜੋ ਹਵਾ ਵਿੱਚ ਵਿਸ਼ਾਣੂ ਦੀ ਮਾਤਰਾ ਘੱਟ ਹੋ ਸਕੇ। ਪਰਥ ਅਤੇ ਕਿਨਰੋਸ ਕੌਂਸਲਾਂ ਨੂੰ ਅਪਗ੍ਰੇਡ ਨਿਰਦੇਸ਼ ਮਿਲਣ ਤੋਂ ਪਹਿਲਾਂ ਅਧਿਕਾਰੀਆਂ ਵੱਲੋਂ ਕੌਂਸਲਾਂ ਦਾ ਜਾਇਜ਼ਾ ਲੈ ਕੇ ਬਿਲਡਿੰਗ ਹਵਾਦਾਰੀ ਨੂੰ ਯਕੀਨੀ ਬਣਾਉਣ ਲਈ 300,000 ਪੌਂਡ ਦੀ ਰਾਸ਼ੀ ਨਿਰਧਾਰਤ ਕੀਤੀ ਸੀ। ਪਰ ਪਰਥ ਅਤੇ ਕਿਨਰੋਸ ਦੇ ਸਕੂਲਾਂ ਵਿੱਚ ਮਾਨੀਟਰਾਂ ਲਈ ਤਕਰੀਬਨ 500,000 ਪੌੰਡ ਦੀ ਤਜਵੀਜ਼ ਸੀ। ਇਸ ਬਜਟ ਨੂੰ ਕੌਂਸਲਰਾਂ ਨੇ ਪਰਥ ਅਤੇ ਕਿਨਰੋਸ ਕੌਂਸਲ ਲਈ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਸੀ।