ਨਵੀਂ ਦਿੱਲੀ – ਕਸ਼ਮੀਰ ਵਿਖੇ ਸਿੱਖ ਕੁੜੀਆਂ ਦੀ ਧਰਮ ਤਬਦੀਲੀ ਦੇ ਮਾਮਲੇ ਨੂੰ ਲੈ ਕੇ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਅੱਜ ਸਾਂਝੇ ਵਫਦ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕ੍ਰਿਸ਼ਨ ਰੇੱਡੀ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਜਾਗੋ ਪਾਰਟੀ ਆਗੂਆਂ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਵੀ ਆਪਣੇ ਸਾਥੀ ਸਿੱਖ ਆਗੂਆਂ ਦੇ ਨਾਲ ਸ਼ਾਮਿਲ ਹੋਏ। ਜੀਕੇ ਨੇ ਕਸ਼ਮੀਰੀ ਸਿੱਖਾਂ ਦੀਆਂ ਪਰੇਸ਼ਾਨੀਆਂ ਨੂੰ ਲੈ ਕੇ ਕਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਆਪਣੇ ਪੱਤਰ ਦਾ ਉਤਾਰਾ ਰੇੱਡੀ ਨੂੰ ਦਿੰਦੇ ਹੋਏ ਮੰਗ ਕੀਤੀ ਕਿ ਸਿਰਫ਼ ਨਿਕਾਹ ਦੇ ਮਕਸਦ ਨਾਲ ਕਸ਼ਮੀਰ ਘਾਟੀ ਵਿੱਚ ਹੋ ਰਹੇ ਸਿੱਖ ਬੱਚੀਆਂ ਦੀ ਧਰਮ ਤਬਦੀਲੀ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਜੰਮੂ-ਕਸ਼ਮੀਰ ਵਿੱਚ ਤੁਰੰਤ ਆਰਡੀਨੈਂਸ ਲਿਆਉਣਾ ਚਾਹੀਦਾ ਹੈ। ਜੀਕੇ ਨੇ ਦਾਅਵਾ ਕੀਤਾ ਕਿ ਕਸ਼ਮੀਰ ਘਾਟੀ ਵਿੱਚ ਸਿੱਖ ਨਸਲੀ ਸਫ਼ਾਈ ਤੋਂ ਪੀੜਿਤ ਹਨ, ਜਿਸ ਦੇ ਪਿੱਛੇ ਸਰਕਾਰੀ ਨੀਤੀਆਂ ਅਤੇ ਬਹੁਗਿਣਤੀ ਭਾਈਚਾਰੇ ਦੀ ਬਦਮਾਸ਼ੀ ਵੱਡਾ ਕਾਰਨ ਹੈ। ਆਰਟੀਕਲ 370 ਹਟਣ ਤੋਂ ਪਹਿਲਾਂ ਵੀ ਬਹੁਗਿਣਤੀ ਭਾਈਚਾਰੇ ਦੇ ਦਬਾਅ ਹੇਠ ਜੰਮੂ-ਕਸ਼ਮੀਰ ਦੇ ਸਿੱਖਾਂ ਨੂੰ ਰੋਜ਼ਗਾਰ ਅਤੇ ਨੌਕਰੀ ਦੇ ਮਾਮਲੇ ਵਿੱਚ ਅਣਦੇਖੀ ਦਾ ਜੀਵਨ ਜਿਊਣਾ ਪੈ ਰਿਹਾ ਸੀ। ਜਦੋਂ ਕਿ ਕਸ਼ਮੀਰ ਦੇ ਭਾਰਤ ਦਾ ਅਟੁੱਟ ਹਿੱਸਾ ਬਣੇ ਰਹਿਣ ਦੇ ਪਿੱਛੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਨਜਰੰਦਾਜ ਨਹੀਂ ਕੀਤਾ ਜਾ ਸਕਦਾ। ਜੇਕਰ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਭਾਰਤ ਦੌਰੇ ਉੱਤੇ ਆਉਂਦੇ ਹਨ, ਤਾਂ 36 ਸਿੱਖਾਂ ਦਾ ਇੱਕ ਹੀ ਦਿਨ ਕਤਲੇਆਮ ਕੀਤਾ ਜਾਂਦਾ ਹੈ, ਤਾਂਕਿ ਕਸ਼ਮੀਰ ਸਮੱਸਿਆ ਨੂੰ ਅੰਤਰਰਾਸ਼ਟਰੀ ਮੁੱਦਾ ਬਣਾਇਆ ਜਾ ਸਕੇ।
ਜੀਕੇ ਨੇ ਸਵਾਲ ਕੀਤਾ ਕਿ ਅਤਿਵਾਦੀ ਘਟਨਾਵਾਂ ਦੇ ਬਾਵਜੂਦ ਸਿੱਖਾਂ ਨੇ ਕਸ਼ਮੀਰੀ ਪੰਡਤਾਂ ਦੀ ਤਰਾਂ ਘਾਟੀ ਨਹੀਂ ਛੱਡੀ, ਬਦਲੇ ਵਿੱਚ ਸਿੱਖਾਂ ਨੂੰ ਕੀ ਮਿਲਿਆ ? ਕਸ਼ਮੀਰੀ ਪੰਡਿਤਾਂ ਦੀ ਘਾਟੀ ਵਿੱਚ ਜਾਇਦਾਦਾਂ ਵੀ ਕਾਇਮ ਰਹਿਆਂ ਅਤੇ ਸਰਕਾਰਾਂ ਵੱਲੋਂ ਮੋਟੇ ਰਾਹਤ ਅਤੇ ਮੁੜ ਵਸੇਬਾ ਪੈਕੇਜ ਵੀ ਮਿਲੇ। ਪ੍ਰਤੀਯੋਗੀ ਪ੍ਰੀਖਿਆਵਾਂ ਤੋਂ ਲੈ ਕੇ ਸਕੂਲਾਂ-ਕਾਲਜਾਂ ਅਤੇ ਨੌਕਰੀ ਵਿੱਚ ਰਾਖਵਾਂਕਰਨ ਕਸ਼ਮੀਰੀ ਪੰਡਿਤਾਂ ਨੂੰ ਮਿਲਿਆ। ਸਿੱਖਾਂ ਦੇ ਧਰਮ ਸਥਾਨਾਂ ਦੀਆਂ ਜ਼ਮੀਨਾਂ ਤੋਂ ਲੈ ਕੇ ਕੁੜੀਆਂ ਤੱਕ ਕਸ਼ਮੀਰ ਵਿੱਚ ਸੁਰੱਖਿਅਤ ਨਹੀਂ ਹੈ। ਇਸੇ ਤਰਾਂ ਆਰਟੀਕਲ 370 ਹਟਣ ਦੇ ਬਾਅਦ ਪੰਜਾਬੀ ਭਾਸ਼ਾ ਵੀ ਰਾਜ ਦੀ ਦੂਜੀ ਅਧਿਕ੍ਰਿਤ ਰਾਜ-ਭਾਸ਼ਾ ਹੁਣ ਨਹੀਂ ਰਹੀਂ। ਭਾਸ਼ਾ ਅਤੇ ਸਭਿਆਚਾਰ ਤੋਂ ਲੈ ਕੇ ਧਾਰਮਿਕ ਆਜ਼ਾਦੀ ਦੀ ਆਫ਼ਤ ਨੂੰ ਕਿਉਂ ਨਾ ਨਸਲੀ ਸਫ਼ਾਈ ਦੇ ਤੌਰ ਉੱਤੇ ਪਰਿਭਾਸ਼ਿਤ ਕੀਤਾ ਜਾਵੇ ? ਜੀਕੇ ਨੇ ਕਿਹਾ ਕਿ ਹਾਲਾਂਕਿ ਹੁਣ ਜੰਮੂ-ਕਸ਼ਮੀਰ ਵਿੱਚ ਕੇਂਦਰ ਸਰਕਾਰ ਦਾ ਸਿੱਧਾ ਦਖ਼ਲ ਹੈ। ਇਸ ਲਈ ਕਸ਼ਮੀਰੀ ਸਿੱਖਾਂ ਦੀ ਸਾਰੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਕੀਤਾ ਜਾਵੇ ਅਤੇ ਸਿੱਖ ਕੁੜੀਆਂ ਦੇ ਨਿਕਾਹ ਦੇ ਮਕਸਦ ਨਾਲ ਹੁੰਦੀ ਧਰਮ ਤਬਦੀਲੀ ਨੂੰ ਰੋਕਣ ਲਈ ਕੇਂਦਰ ਸਰਕਾਰ ਰਾਜ ਵਿੱਚ ਆਰਡੀਨੈਂਸ ਲੈ ਕੇ ਆਏ, ਜੋ ਨਿਕਾਹ ਲਈ ਹੋਣ ਵਾਲੀ ਧਰਮ ਤਬਦੀਲੀ ਉੱਤੇ ਰੋਕ ਲਗਾਉਣ ਵਿੱਚ ਕਾਮਯਾਬ ਹੋਵੇ।
ਜੀਕੇ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਮੰਨਿਆ ਕਿ ਘਾਟੀ ਵਿੱਚ ਧਰਮ ਤਬਦੀਲੀ ਦੀਆਂ ਘਟਨਾਵਾਂ ਨੂੰ ਵਧਾਉਣ ਦੀ ਸਾਜ਼ਿਸ਼ ਦਾ ਜ਼ਿੰਮੇਵਾਰ ਪਾਕਿਸਤਾਨ ਵੀ ਹੋ ਸਕਦਾ ਹੈ, ਕਿਉਂਕਿ ਕਸ਼ਮੀਰ ਦੀ ਸ਼ਾਂਤੀ ਪਾਕਿਸਤਾਨ ਨੂੰ ਰੜਕਦੀ ਹੈ। ਜੀਕੇ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਪੁਰੇ ਮਾਮਲੇ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਰੱਖਣ ਦੇ ਬਾਅਦ ਮਾਮਲੇ ਨੂੰ ਗੰਭੀਰਤਾ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਨਿਗਮ ਪਾਰਸ਼ਦ ਪਰਮਜੀਤ ਸਿੰਘ ਰਾਣਾ, ਜਾਗੋ ਦੇ ਸਕੱਤਰ ਜਨਰਲ ਪਰਮਿੰਦਰ ਪਾਲ ਸਿੰਘ, ਜਾਗੋ ਦੇ ਸੂਬਾ ਪ੍ਰਧਾਨ ਚਮਨ ਸਿੰਘ, ਜਾਗੋ ਦੇ ਆਗੂ ਹਰਵਿੰਦਰ ਸਿੰਘ, ਬਖ਼ਸ਼ੀਸ਼ ਸਿੰਘ, ਭਾਜਪਾ ਦੇ ਦਿੱਲੀ ਸੂਬਾ ਸਕੱਤਰ ਇਮਪ੍ਰੀਤ ਸਿੰਘ ਬਖ਼ਸ਼ੀ, ਭਾਜਪਾ ਆਗੂ ਕੁਲਦੀਪ ਸਿੰਘ, ਜਸਪ੍ਰੀਤ ਸਿੰਘ ਮਾੱਟਾ ਅਤੇ ਜੰਮੂ-ਕਸ਼ਮੀਰ ਵਿਧਾਨ ਪਰਿਸ਼ਦ ਦੇ ਸਾਬਕਾ ਮੈਂਬਰ ਚਰਨਜੀਤ ਸਿੰਘ ਮੌਜੂਦ ਸਨ।