ਨਵੀਂ ਦਿੱਲੀ-ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਇਲਜ਼ਾਮ ਲਾਇਆ ਕਿ ਬੁੱਧਵਾਰ ਨੂੰ ਗ਼ਾਜੀਪੁਰ ਬਾਰਡਰ ‘ਤੇ ਕੁੱਝ ਲੋਕਾਂ ਨੇ ਕਿਸਾਨ ਅੰਦੋਲਨਕਾਰੀਆਂ ਤੇ ਹਮਲਾ ਕੀਤਾ, ਇਸ ਕਰਕੇ ਕਈ ਕਿਸਾਨ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਕਿਹਾ ਕਿ ਹਮਲਾਕਾਰੀਆਂ ਦੇ ਹੱਥਾਂ ਵਿੱਚ ਭਾਜਪਾ ਦੇ ਝੰਡੇ ਫੜੇ ਹੋਏ ਸਨ। ਇਸ ਬਾਰੇ ਪੁਲਸ ਨੂੰ ਸਿ਼ਕਾਇਤ ਕਰ ਦਿੱਤੀ ਗਈ ਹੈ। ਟਿਕੈਤ ਮੁਤਾਬਕ ਹਮਲਾਵਾਰ ਪਿਛਲੇ ਤਿੰਨ ਦਿਨਾਂ ਤੋਂ ਆ ਰਹੇ ਸਨ।
ਟਿਕੈਤ ਨੇ ਦੱਸਿਆ ਕਿ ਬੀਤੇ ਤਿੰਨ ਦਿਨਾਂ ਤੋਂ ਭਾਜਪਾ ਦੇ ਝੰਡੇ ਹੱਥਾਂ ਵਿਚ ਫੜੀ ਕੁਝ ਲੋਕ ਇਥੇ ਆ ਰਹੇ ਸਨ। ਉਹ ਇਥੇ ਹਿੰਸਾ ਭੜਕਾਉਣੀ ਚਾਹੁੰਦੇ ਸਨ। ਅੱਜ ਸਵੇਰੇ ਉਹ ਸਟੇਜ ‘ਤੇ ਚੜ੍ਹ ਗਏ ਅਤੇ ਨਾਰੇਬਾਜ਼ੀ ਕਰਨ ਤੇ ਪਥਰਬਾਜ਼ੀ ਕਰਨ ਲੱਗੇ। ਟਿਕੈਤ ਨੇ ਕਿਹਾ ਕਿ ਇਸ ਦੌਰਾਨ ਸਾਡੇ ਕਈ ਕਿਸਾਨ ਜ਼ਖ਼ਮੀ ਹੋ ਗਏ। ਨਾਲ ਹੀ ਉਹ ਗੰਦੀਆਂ ਗਾਲ੍ਹਾਂ ਵੀ ਕੱਢ ਰਹੇ ਸਨ। ਅਸੀਂ ਪੁਲਿਸ ਪਾਸ ਸਿ਼ਕਾਇਤ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਉਹ ਝੰਡੇ ਸੁੱਟਕੇ ਭੱਜ ਗਏ। ਇੰਜ ਲੱਗਦਾ ਹੈ ਕਿ ਹੈ ਕਿ ਉਹ ਭਾੜੇ ‘ਤੇ ਲਿਆਂਦੇ ਲੋਕ ਸਨ। ਜਿ਼ਕਰਯੋਗ ਹੈ ਕਿ ਪਿਛਲੇ ਸੱਤ ਮਹੀਨਿਆਂ ਤੋਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਧਰਨਾ ਦੇ ਰਹੇ ਹਨ। ਲੇਕਨ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਨਾ ਵਾਪਸ ਲੈਣ ‘ਤੇ ਅੜੀ ਹੋਈ ਹੈ।