ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਫ਼ਗਾਨਿਸਤਾਨ ਵਿੱਚ ਸੰਘਰਸ਼ ਨੂੰ ਸਮਾਪਤ ਕਰਨ ਦੇ ਯਤਨਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 31 ਅਗੱਸਤ ਤੱਕ ਇਹ ਅਮਰੀਕੀ ਸੈਨਿਕਾਂ ਦੀ ਵਾਪਸੀ ਦਾ ਮਿਸ਼ਨ ਪੂਰਾ ਹੋ ਜਾਵੇਗਾ। ਜਿਆਦਤਰ ਸੈਨਿਕ ਅਮਰੀਕਾ ਵਾਪਿਸ ਪਰਤ ਚੁੱਕੇ ਹਨ। ਨਾਟੋ ਦੇਸ਼ ਵੀ ਅਫ਼ਗਾਨਿਸਤਾਨ ਤੋਂ ਆਪਣੇ ਸੈਨਿਕਾਂ ਨੂੰ ਬੜੀ ਤੇਜ਼ੀ ਨਾਲ ਵਾਪਿਸ ਲਿਆ ਰਹੇ ਹਨ।
ਰਾਸ਼ਟਰਪਤੀ ਬਾਈਡਨ ਨੇ ਕਿਹਾ, ‘ਜਿਵੇਂ ਕਿ ਮੈਂ ਅਪ੍ਰੈਲ ਵਿੱਚ ਹੀ ਕਹਿ ਚੁੱਕਿਆ ਹਾਂ ਕਿ ਅਮਰੀਕਾ ਨੇ ਉਹੋ ਕੀਤਾ ਹੈ ਜੋ ਅਸੀਂ ਅਫ਼ਗਾਨਿਸਤਾਨ ਵਿੱਚ ਕਰਨ ਲਈ ਗਏ ਸੀ।ਇਸ ਮਿਸ਼ਨ ਦਾ ਮਕਸਦ 9/11 ਨੂੰ ਸਾਡੇ ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦਾ ਪਤਾ ਲਗਾਉਣਾ ਅਤੇ ਓਸਾਮਾ ਬਿਨ ਲਾਦਿਨ ਤੱਕ ਇਨਸਾਫ਼ ਦਾ ਸੁਨੇਹਾ ਪਹੁੰਚਾਉਣਾ ਸੀ। ਇਸ ਦੇ ਨਾਲ ਹੀ ਅਫ਼ਗਾਨਿਸਤਾਨ ਨੂੰ ਬਚਾਉਣ ਦੇ ਲਈ ਅੱਤਵਾਦੀ ਖ਼ਤਰੇ ਨੂੰ ਘੱਟ ਕਰਨਾ ਸੀ ਕਿਉਂਕਿ ਅਫ਼ਗਾਨਿਸਤਾਨ ਅਮਰੀਕਾ ਦੇ ਖਿਲਾਫ਼ ਲਗਾਤਾਰ ਹਮਲੇ ਕਰਨ ਵਾਲਿਆਂ ਦਾ ਗੜ੍ਹ ਬਣ ਗਿਆ ਸੀ।’
ਉਨ੍ਹਾਂ ਨੇ ਇਹ ਵੀ ਕਿਹਾ, ‘ਅਸੀਂ ਅਫ਼ਗਾਨਿਸਤਾਨ ਵਿੱਚ ਰਾਸ਼ਟਰ ਦਾ ਨਿਰਮਾਣ ਕਰਨ ਨਹੀਂ ਸੀ ਗਏ। ਅਫ਼ਗਾਨ ਨੇਤਾਵਾਂ ਨੂੰ ਅੱਗੇ ਆ ਕੇ ਭਵਿੱਖ ਦਾ ਨਿਰਮਾਣ ਕਰਨਾ ਹੋਵੇਗਾ।’ ਤਾਲਿਬਾਨ ਦੁਆਰਾ ਮਹੱਤਵਪੂਰਣ ਟਿਕਾਣਿਆਂ ਤੇ ਆਪਣੀ ਸ਼ਕਤੀ ਵਧਾਉਣ ਦੇ ਬਾਵਜੂਦ ਬਾਈਡਨ ਨੇ ਅਮਰੀਕੀ ਸੈਨਾ ਦੀ ਵਾਪਸੀ ਨੂੰ ਉਚਿਤ ਠਹਿਰਾਇਆ। ਪਿੱਛਲੇ ਹਫ਼ਤੇ ਨਾਟੋ ਦਸਤਿਆਂ ਅਤੇ ਅਮਰੀਕੀ ਸੈਨਾ ਨੇ ਸੱਭ ਤੋਂ ਵੱਡਾ ਸੈਨਿਕ ਹਵਾਈ ਅੱਡਾ ਬਗਰਾਮ ਏਅਰਬੇਸ ਖਾਲੀ ਕਰ ਦਿੱਤਾ ਸੀ।