ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਤਕਰੀਬਨ ਦੋ ਦਹਾਕਿਆਂ ਬਾਅਦ ਅਫਗਾਨਿਸਤਾਨ ਵਿੱਚ ਬ੍ਰਿਟੇਨ ਦੇ ਮਿਲਟਰੀ ਮਿਸ਼ਨ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਅਫਗਾਨਿਸਤਾਨ ਵਿੱਚ ਤਾਇਨਾਤੀ ਦੌਰਾਨ ਤਕਰੀਬਨ 457 ਬ੍ਰਿਟਿਸ਼ ਫੌਜੀਆਂ ਦੀ ਮੌਤ ਹੋਈ ਹੈ।ਉਹਨਾਂ ਕਿਹਾ ਕਿ ਬ੍ਰਿਟੇਨ ਦੀਆਂ ਫੌਜਾਂ ਦੇ ਤਕਰੀਬਨ 750 ਸੈਨਿਕਾਂ ਵਿੱਚੋਂ ਬਹੁਤਿਆਂ ਨੂੰ ਪਹਿਲਾਂ ਹੀ ਵਾਪਸ ਬੁਲਾ ਲਿਆ ਗਿਆ ਹੈ। ਜੌਹਨਸਨ ਅਨੁਸਾਰ ਫੌਜਾਂ ਦੀ ਵਾਪਸੀ ਦੇ ਬਾਵਜੂਦ ਵੀ ਬ੍ਰਿਟੇਨ ਅਫਗਾਨਿਸਤਾਨ ਦੀ ਸਹਾਇਤਾ ਲਈ ਆਪਣੀ ਵਚਨਬੱਧਤਾ ਤੋਂ ਪਿੱਛੇ ਨਹੀਂ ਹਟੇਗਾ। ਬ੍ਰਿਟਿਸ਼ ਫੌਜਾਂ ਨੂੰ ਅਮਰੀਕਾ ਉੱਤੇ 9/11 ਦੇ ਹਮਲੇ ਤੋਂ ਬਾਅਦ 2001 ਵਿੱਚ ਪਹਿਲੀ ਵਾਰ ਅਫਗਾਨਿਸਤਾਨ ਵਿੱਚ ਤਾਇਨਾਤ ਕੀਤਾ ਗਿਆ ਸੀ ਅਤੇ 2014 ਵਿੱਚ ਲੜਾਈ ਮੁਹਿੰਮ ਬੰਦ ਕਰਕੇ ਬਹੁਗਿਣਤੀ ਫੌਜਾਂ ਨੂੰ ਵਾਪਸ ਲਿਆਂਦਾ ਗਿਆ ਸੀ। ਜਦਕਿ ਅਫਗਾਨ ਫੌਜਾਂ ਨੂੰ ਸਿਖਲਾਈ ਦੇਣ ਲਈ ਇੱਕ ਨਾਟੋ ਮਿਸ਼ਨ ਦੇ ਹਿੱਸੇ ਵਜੋਂ ਲੱਗਭਗ 700 ਬਰਤਾਨਵੀ ਸੈਨਿਕ ਅਫਗਾਨਿਸਤਾਨ ਵਿੱਚ ਰਹੇ। ਇਸਦੇ ਇਲਾਵਾ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਇਸ ਸਾਲ ਅਫਗਾਨਿਸਤਾਨ ਨੂੰ 100 ਮਿਲੀਅਨ ਪੌਂਡ ਤੋਂ ਵੱਧ ਦੀ ਵਿਕਾਸ ਸਹਾਇਤਾ ਅਤੇ ਅਫਗਾਨ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਬਲਾਂ ਲਈ 58 ਮਿਲੀਅਨ ਪੌਂਡ ਸਹਾਇਤਾ ਵਜੋਂ ਦੇਵੇਗੀ।
ਬੋਰਿਸ ਜੌਹਨਸਨ ਨੇ ਕੀਤਾ ਅਫਗਾਨਿਸਤਾਨ ਵਿੱਚ ਬਰਤਾਨਵੀ ਸੈਨਿਕ ਮਿਸ਼ਨ ਨੂੰ ਖਤਮ ਕਰਨ ਦਾ ਐਲਾਨ
This entry was posted in ਅੰਤਰਰਾਸ਼ਟਰੀ.