ਨਵੀਂ ਦਿੱਲੀ – ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦਾ ਵੱਧ ਰਿਹਾ ਪ੍ਰਭਾਵ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਹ ਸੂਚਨਾ ਮਿਲ ਰਹੀ ਹੈ ਕਿ ਭਾਰਤ ਨੇ ਆਪਣੇ 50 ਦੇ ਕਰੀਬ ਡਿਪਲੋਮੈਟਸ ਅਤੇ ਕਰਮਚਾਰੀਆਂ ਨੂੰ ਵਾਪਿਸ ਬੁਲਾ ਕੇ ਕੰਧਾਰ ਦਾ ਦੂਤਾਵਾਸ ਖਾਲੀ ਕਰ ਦਿੱਤਾ ਹੈ। ਉਥੇ ਕੇਵਲ ਐਮਰਜੈਂਸੀ ਸੇਵਾਵਾਂ ਹੀ ਚਾਲੂ ਹਨ। ਭਾਂਵੇ ਭਾਰਤ ਸਰਕਾਰ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਕੰਧਾਰ ਅਤੇ ਮਜ਼ਾਰ-ਏ-ਸ਼ਰੀਫ਼ ਦੇ ਦੂਤਾਵਾਸ ਨੂੰ ਬੰਦ ਨਹੀਂ ਕੀਤਾ ਜਾਵੇਗਾ।
ਭਾਰਤ ਦੇ ਵਿਦੇਸ਼ ਵਿਭਾਗ ਵੱਲੋਂ ਬੇਸ਼ੱਕ ਇਹ ਕਿਹਾ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਸਥਿਤ ਦੂਤਾਵਾਸ ਨੂੰ ਬੰਦ ਨਹੀਂ ਕੀਤਾ ਗਿਆ ਹੈ। ਕੰਧਾਰ ਵਿੱਚ ਤਾਲਿਬਾਨ ਅਤੇ ਅਫ਼ਗਾਨਿਸਤਾਨ ਦੀ ਸੈਨਾ ਵਿੱਚ ਚੱਲ ਰਹੀ ਲੜਾਈ ਨੂੰ ਵੇਖਦੇ ਹੋਏ ਸਟਾਫ਼ ਨੂੰ ਕੁਝ ਦਿਨਾਂ ਲਈ ਵਾਪਿਸ ਬੁਲਾਇਆ ਗਿਆ ਹੈ। ਦੂਤਾਵਾਸ ਦੇ ਸਟਾਫ਼ ਨੂੰ ਏਅਰਫੋਰਸ ਦੇ ਜਹਾਜ਼ ਦੁਆਰਾ ਭਾਰਤ ਲਿਆਂਦਾ ਗਿਆ ਹੈ। ਚੀਨ ਦੇ ਵਿਦੇਸ਼ਮੰਤਰੀ ਵਾਂਗ ਯੀ ਨੇ ਵੀ ਹਾਲ ਹੀ ਵਿੱਚ ਕਿਹਾ ਸੀ ਕਿ ਅਫ਼ਗਾਨਿਸਤਾਨ ਵਿੱਚ ਸੱਭ ਤੋਂ ਵੱਡੀ ਚੁਣੌਤੀ ਸੰਘਰਸ਼ ਅਤੇ ਅਰਾਜਕਤਾ ਨੂੰ ਰੋਕਣ ਦੀ ਹੋਵੇਗੀ।
ਤਾਲਿਬਾਨ ਦੇ ਬੁਲਾਰੇ ਸੁਸ਼ੀਲ ਸ਼ਾਹੀਨ ਨੇ ਚੀਨੀ ਮੀਡੀਆ ਸਾਊਥ ਚਾਈਨਾ ਮਾਰਨਿੰਗ ਪੋਸਟ ਨੂੰ ਦਿੱਤੇ ਇੰਟਰਵਿਯੂ ਵਿੱਚ ਦਾਅਵਾ ਕੀਤਾ ਹੈ ਕਿ ਅਫ਼ਗਾਨਿਸਤਾਨ ਦੇ 85% ਹਿੱਸੇ ਤੇ ਤਾਲਿਬਾਨ ਆਪਣਾ ਕਬਜ਼ਾ ਜਮਾ ਚੁੱਕਾ ਹੈ। ਤਾਲਿਬਾਨ ਦੇ ਵੱਧ ਰਹੇ ਪਸਾਰ ਨੂੰ ਵੇਖਦੇ ਹੋਏ ਰੂਸ ਅਤੇ ਚੀਨ ਵੀ ਸਾਵਧਾਨ ਹੋ ਗਏ ਹਨ।