ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਪਾਰਲੀਆਮੈਂਟ ਰਾਹੀ ਪਾਸ ਕੀਤੇ ‘ਦਿੱਲੀ ਸਿੱਖ ਗੁਰੂਦੁਆਰਾ ਐਕਟ 1971’ ਦੇ ਤਹਿਤ ਕੀਤਾ ਗਿਆ ਸੀ, ਜਿਸਦਾ ਮੁੱਖ ਮਨੋਰਥ ਦਿੱਲੀ ਦੇ ਗੁਰੂਦੁਆਰਿਆਂ ‘ਤੇ ਉਨ੍ਹਾਂ ਦੀ ਜਾਇਦਾਦਾਂ ਦੀ ਸੇਵਾ-ਸੰਭਾਲ ਕਰਨਾ ਹੈ। ਇਸ ਕਮੇਟੀ ਦੀਆਂ ਚੋਣਾਂ ਹਰ 4 ਸਾਲਾਂ ਬਾਅਦ ਦਿੱਲੀ ਸਰਕਾਰ ਦੇ ਗੁਰੂਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਕਰਵਾਈਆਂ ਜਾਂਦੀਆਂ ਹਨ। ਬੀਤੀਆਂ ਚੋਣਾਂ ਫਰਵਰੀ 2017 ‘ਚ ਹੋਈਆਂ ਸਨ, ਇਸ ਲਈ ਮੋਜੂਦਾ ਚੋਣਾਂ ਦੀ ਇਸੇ ਮਹੀਨੇ ‘ਚ ਹੋਣ ਦੀ ਸੰਭਾਵਨਾ ਹੈ, ਜਦਕਿ ਇਹ ਚੋਣਾਂ ਕੋਵਿਡ-19 ਮਹਾਮਾਰੀ ਦੇ ਚਲਦੇ ਅਪ੍ਰੈਲ 2021 ‘ਚ ਸਰਕਾਰ ਵਲੋਂ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਸਨ। ਦਿੱਲੀ ਗੁਰੂਦੁਆਰਾ ਕਮੇਟੀ ਨੂੰ ਗੁਰੂਦੁਆਰਾ ਐਕਟ ‘ਤੇ ਇਸ ਦੇ ਅਧੀਨ ਬਣਾਏ ਗਏ ਨਿਯਮਾਂ ਮੁਤਾਬਿਕ ਕੰਮ ਕਰਨਾ ਲਾਜਮੀ ਹੈ। ਦਸੱਣਯੋਗ ਹੈ ਕਿ ਗੁਰੂਦੁਆਰਾ ਐਕਟ ਦੇ ਮੁਤਾਬਿਕ ਕਮੇਟੀ ਦੀ ਸਾਰੀ ਆਮਦਨ ਗੁਰੁਦੁਆਰਾ ਫੰਡ ‘ਚ ਜਮਾਂ ਕਰਨੀ ਹੁੰਦੀ ਹੈ ‘ਤੇ ਇਸ ‘ਚੋਂ ਕੋਈ ਵੀ ਰਕਮ ਐਕਟ ‘ਤੇ ਨਿਯਮਾਂ ‘ਚ ਦਰਸ਼ਾਏ ਕੰਮਾਂ ਤੋਂ ਇਲਾਵਾ ਇਸਤੇਮਾਲ ਨਹੀ ਕੀਤੀ ਜਾ ਸਕਦੀ ਹੈ। ਗੁਰੁਦੁਆਰਾ ਫੰਡ ਤੋਂ ਕਿਸੇ ਸਿਆਸੀ ਪਾਰਟੀ ਜਾਂ ਕਿਸੇ ਵਿਅਕਤੀ ‘ਤੇ ਸੰਸਥਾ ਨੂੰ ਕਿਸੇ ਸਿਆਸੀ ਮਕਸਦ ਲਈ ਕੋਈ ਰਕਮ ਦੇਣ ਦੀ ਸਖਤ ਮਨਾਹੀ ਹੈ। ਐਕਟ ਮੁਤਾਬਿਕ ਕਮੇਟੀ ਦੀ ਆਮਦਨ ‘ਤੇ ਖਰਚ ਦਾ ਵੇਰਵਾ ਹਰ ਮਹੀਨੇ ਸੰਗਤਾਂ ਦੀ ਜਾਣਕਾਰੀ ਲਈ ਸਾਰੇ ਗੁਰੂਦੁਆਰਾ ਸਾਹਿਬਾਨਾਂ ਦੇ ਨੋਟਿਸ ਬੋਰਡ ‘ਤੇ ਲਗਾਉਣਾ ਲਾਜਮੀ ਹੈ। ਇਸੀ ਤਰ੍ਹਾਂ ਕਮੇਟੀ ਦੀ ਆਡਿਟ ਰਿਪੋਰਟ ਤਿਆਰ ਹੋਣ ਦੇ ਇਕ ਮਹੀਨੇ ਦੇ ਅੰਦਰ ਇਸ ਰਿਪੋਰਟ ਨੂੰ ਇਕ-ਇਕ ਗੁਰਮੁਖੀ ‘ਤੇ ਅੰਗ੍ਰੇਜੀ ਦੀ ਅਖਬਾਰਾਂ ‘ਤੇ ਕਮੇਟੀ ਦੀ ਪ੍ਰਤਿਕਾ ‘ਚ ਛਾਪਣਾ ਜਰੂਰੀ ਦਸਿਆ ਗਿਆ ਹੈ। ਗੁਰੂਦੁਆਰਾ ਐਕਟ ਤਹਿਤ ਕਮੇਟੀ ਦੇ ਕੰਮ-ਕਾਜ ਚਲਾਉਣ ਦੇ ਬਣੇ ਨਿਯਮਾਂ ਮੁਤਾਬਿਕ ਕਮੇਟੀ ਦੇ ਕਾਰਜਕਾਰੀ ਬੋਰਡ ਦੀ ਮੀਟਿੰਗ ਹਰ 15 ਦਿਨਾਂ ਉਪਰੰਤ ‘ਤੇ ਜਨਰਲ ਇਜਲਾਸ ਹਰ 3 ਮਹੀਨੇ ਉਪਰੰਤ ਸਦੱਣਾ ਲਾਜਮੀ ਹੁੰਦਾ ਹੈ। ਨਿਯਮਾਂ ਮੁਤਾਬਿਕ ਕਮੇਟੀ ਦੇ ਕਿਸੇ ਪ੍ਰੋਜੈਕਟ ‘ਤੇ ਖਰਚਾ ਕਰਨ ਲਈ ਕਮੇਟੀ ਪ੍ਰਧਾਨ ਨੂੰ ਕੇਵਲ 20 ਹਜਾਰ ਰੁਪਏ ‘ਤੇ ਜਨਰਲ ਸਕੱਤਰ ਨੂੰ 5 ਹਜਾਰ ਰੁਪਏ ਦਾ ਅਧਿਕਾਰ ਹੁੰਦਾ ਹੈ। ਕਿਸੇ ਮੈਂਬਰ ਜਾਂ ਉਸਦੇ ਪਰਿਵਾਰਕ ਮੈਂਬਰ ਨੂੰ ਦਿੱਲੀ ਗੁਰੂਦੁਆਰਾ ਕਮੇਟੀ ਦੇ ਕਿਸੇ ਅਦਾਰੇ ‘ਚ ਨੋਕਰੀ ਲੈਣ ਜਾਂ ਕਿਸੇ ਪ੍ਰਕਾਰ ਦੇ ਵਪਾਰਕ ਸਬੰਧ ਰੱਖਣ ਦੀ ਮਨਾਹੀ ਹੈ। ਦਿੱਲੀ ਸਿੱਖ ਗੁਰੂਦੁਆਰਾ ਐਕਟ 1971 ‘ਤੇ ਨਿਯਮ ਇਹ ਯਕੀਨੀ ਬਣਾਉਂਦੇ ਹਨ ਕਿ ਕਮੇਟੀ ਦਾ ਕੰਮ-ਕਾਜ ਪਾਰਦਰਸ਼ੀ ‘ਤੇ ਸੁਚੱਜੇ ਢੰਗ ਨਾਲ ਚਲਾਇਆ ਜਾ ਸਕਦਾ ਹੈ, ਜੇਕਰ ਇਨ੍ਹਾਂ ਨਿਯਮਾਂ ਦਾ ਈਮਾਨਦਾਰੀ ਨਾਲ ਪਾਲਨ ਕੀਤਾ ਜਾਵੇ।
ਪਰੰਤੂ ਆਮ ਤੌਰ ‘ਤੇ ਇਹ ਦੇਖਣ ‘ਚ ਆਇਆ ਹੈ ਕਿ ਪ੍ਰਬੰਧਕਾਂ ਵਲੋਂ ਗੁਰੂਦੁਆਰਾ ਨਿਯਮਾਂ ਦੀ ਉਲੰਘਣਾ ਕਰਨ ਦੀਆਂ ਸ਼ਿਕਾਇਤਾ ਆਉਂਦੀਆਂ ਹਨ। ਦਸੱਣਯੋਗ ਹੈ ਕਿ ਸਾਲ 2019 ਦੇ ਜਨਰਲ ਇਜਲਾਸ ‘ਚ ਚੁਣੇ ਗਏ ਸ. ਮਨਜਿੰਦਰ ਸਿੰਘ ਸਿਰਸਾ ‘ਤੇ ਸ. ਹਰਮੀਤ ਸਿੰਘ ਕਾਲਕਾ ਮੋਜੂਦਾ ਸਮੇਂ ਦਿੱਲੀ ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ‘ਤੇ ਜਨਰਲ ਸਕੱਤਰ ਦੇ ਅਹੁਦੇ ਦੀ ਜੁੰਮੇਵਾਰੀ ਸੰਭਾਲ ਰਹੇ ਹਨ। ਇਹ ਬਹੁਤ ਮੰਦਭਾਗਾ ਹੈ ਕਿ ਮੋਜੂਦਾ ਕਮੇਟੀ ਖਾਸ ਤੋਰ ‘ਤੇ ਇਸ ਦੇ ਪ੍ਰਧਾਨ ‘ਤੇ ਜਨਰਲ ਸਕੱਤਰ ਦੇ ਖਿਲਾਫ ਕਮੇਟੀ ਦੇ ਗੁਰੂਦੁਆਰਾ ਫੰਡਾਂ ਦੀ ਦੁਰਵਰਤੋਂ ਕਰਨ ਦੇ ਗੰਭੀਰ ਇਲਜਾਮ ਲਗ ਰਹੇ ਹਨ। ਸੰਗਤਾਂ ‘ਚ ਇਸ ਗਲ ਦੀ ਸਖਤ ਨਾਰਾਜਗੀ ਹੈ ਕਿ ਮੋਜੂਦਾ ਅਹੁਦੇਦਾਰ ਕਮੇਟੀ ਦੇ ਆਮਦਨ ਤੇ ਖਰਚ ਦਾ ਹਿਸਾਬ ‘ਤੇ ਕਮੇਟੀ ਦੇ ਖਾਤਿਆਂ ਦੀ ਆਡਿਟ ਰਿਪੋਰਟ ਕਿਸੇ ਨਾਲ ਸਾਂਝੀ ਕਰਨ ਤੋਂ ਪਾਸਾ ਵੱਟ ਰਹੇ ਹਨ ਅਤੇ ਸੰਗਤਾਂ ਵਲੌਂ ਦਿੱਤੀ ਦਸਵੰਧ ‘ਤੇ ਨਕਦ ਸਹਾਇਤਾ ਤੋਂ ਇਲਾਵਾ ਕੋਵਿਡ ਮਹਾਮਾਰੀ ਦੋਰਾਨ ਆਈ ਡਾਕਟਰੀ ਸਾਮਾਨ ਦੀ ਸਹਾਇਤਾ ਨੂੰ ਪੰਜਾਬ ਦੀ ਇਕ ਖਾਸ ਸਿਆਸੀ ਪਾਰਟੀ ਨੂੰ ਭੇਜਿਆ ਗਿਆ ਹੈ। ਬੀਤੇ 1-1/2 ਸਾਲ ਤੋਂ ਕਮੇਟੀ ਦੇ ਕਾਰਜਕਾਰੀ ਬੋਰਡ ਜਾਂ ਜਨਰਲ ਇਜਲਾਸ ਦੀ ਕੋਈ ਮੀਟਿੰਗ ਨਹੀ ਸੱਦੀ ਜਾ ਰਹੀ ਹੈ। ਕਮੇਟੀ ਦੇ 21 ਚੁਣੇ ਹੋਏ ਮੈਂਬਰਾਂ (1/3 ਤੋਂ ਜਿਆਦਾ ਬਹੁਮਤ) ਵਲੋਂ ਜਰੂਰੀ ਮੁੱਦੇ ਵਿਚਾਰਨ ਲਈ ਦਿੱਤੇ ਨੋਟਿਸ ‘ਤੇ ਵੀ ਇਹਨਾਂ ਅਹੁਦੇਦਾਰਾਂ ਵਲੋਂ ਜਨਰਲ ਇਜਲਾਸ ਨਾ ਸਦੱਣਾ ‘ਤੇ ਕੁੱਝ ਕਾਰਜਕਾਰੀ ਮੈਂਬਰਾਂ ਵਲੋਂ ਮੰਗਣ ‘ਤੇ ਵੀ ਪਿਛਲੀਆਂ ਮੀਟਿੰਗਾਂ ਦੀ ਕਾਰਵਾਈ ਨਾਂ ਦੇਣਾ ਸਿੱਖਾਂ ਦੀ ਇਸ ਧਾਰਮਿਕ ਸੰਸਥਾ ‘ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਇਹ ਬਹੁਤ ਨਮੋਸ਼ੀ ਵਾਲੀ ਗਲ ਹੈ ਕਿ ਹਾਲ ‘ਚ ਹੀ ਕਮੇਟੀ ਦੇ ਮੋਜੂਦਾ ਪ੍ਰਧਾਨ ਦੇ ਖਿਲਾਫ ਅਦਾਲਤ ਦੇ ਆਦੇਸ਼ਾਂ ਤੋਂ ਉਪਰੰਤ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ‘ਚ 2 ਐਫ.ਆਈ.ਆਰ. ਦਰਜ ਹੋਈਆਂ ਹਨ, ਜਿਹਨਾਂ ‘ਚ ਗੁਰੂਦੁਆਰਾ ਫੰਡਾਂ ਦੀ ਦੁਰਵਰਤੋਂ ‘ਤੇ ਹੇਰਾ-ਫੇਰੀ ਕਰਕੇ ਜਾਲੀ ਫਰਮਾਂ ਪਾਸੋਂ ਨਕਲੀ ਬਿਲਾਂ ‘ਤੇ ਕਰੋੜ੍ਹਾਂ ਰੁਪਏ ਦਾ ਭੁਗਤਾਨ ਕਰਨ ਦੇ ਸੰਗੀਨ ਜੁਰਮ ਸਾਮਿਲ ਹਨ, ਜਦਕਿ ਕਥਿਤ ਖਰੀਦ ਕੀਤਾ ਕੋਈ ਸਾਮਾਨ ਗੁਰੂਦੁਆਰਾ ਕਮੇਟੀ ‘ਚ ਆਇਆ ਹੀ ਨਹੀ ਸੀ ? ਕਮੇਟੀ ਪ੍ਰਧਾਨ ‘ਤੇ ਜਨਰਲ ਸਕੱਤਰ ਦੀ ਰਹਨੁਮਾਈ ਹੇਠ ਕਮੇਟੀ ਦੇ ਕੁੱਝ ਮੈਂਬਰਾਂ ਦੇ ਬਚਿੱਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਦਿੱਲੀ ਗੁਰੂਦੁਆਰਾ ਕਮੇਟੀ ਦੇ ਅਦਾਰਿਆਂ ‘ਚ ਮੋਟੀ ਤਨਖਾਹਾਂ ‘ਤੇ ਨੋਕਰੀਆਂ ਦੇਣਾ ‘ਤੇ ਕੁੱਝ ਚਹੇਤੇ ਮੈਂਬਰਾਂ ਨੂੰ ਵਪਾਰਕ ਠੇਕੇ ਦੇਕੇ ਕਰੋੜ੍ਹਾਂ ਰੁਪਏ ਦਾ ਫਾਇਦਾ ਪਹੁੰਚਾਉਣਾ ਕਿਤੇ ਨਾ ਕਿਤੇ ਸੰਗਤਾਂ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਕਿ ਉਨ੍ਹਾਂ ਮੋਜੂਦਾ ਅਹੁਦੇਦਾਰਾਂ ਦੇ ਹੱਥਾਂ ‘ਚ ਗੁਰੂਦੁਆਰਾ ਪ੍ਰਬੰਧ ਸੋਂਪ ਕੇ ਕੋਈ ਵੱਡੀ ਗਲਤੀ ਤਾਂ ਨਹੀ ਕੀਤੀ ਹੈ ? ਇਹ ਚਿੰਤਾ ਦਾ ਵਿਸ਼ਾ ਹੈ ਕਿ ਇਹ ਅਹੁਦੇਦਾਰ ਦਿੱਲੀ ਤੋਂ ਬਾਹਰ ਬੈਂਕ ਖਾਤੇ ਖੋਲ ਕੇ ਕੁੱਝ ਖਾਸ ਕੰਪਨੀਆਂ ਨੂੰ 8 ਫੀਸਦੀ ਕਮੀਸ਼ਨ ਦੇ ਆਧਾਰ ‘ਤੇ ਸੰਗਤਾਂ ਪਾਸੋਂ ਦਾਨ ਦੇ ਰੂਪ ‘ਚ ਦਸਵੰਧ ਇਕੱਠੀ ਕਰਨ ਦੇ ਅਧਿਕਾਰ ਦੇਣ ‘ਤੇ ਕਮੇਟੀ ਦੇ ਕਾਰਜਕਾਰੀ ਬੋਰਡ ‘ਤੇ ਜਨਰਲ ਇਜਲਾਸ ਤੋਂ ਮੰਜੂਰੀ ਲਏ ਬਗੈਰ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਕੇ ਬਾਲਾ ਸਾਹਿਬ ਡਾਇਲਸਿਸ ਸੈਂਟਰ, ਬੰਗਲਾ ਸਾਹਿਬ ਐਮ.ਆਰ.ਆਈ. ਡਾਇਗਨੋਸਟਿਕ ਸੈਂਟਰ, ਗੁਰੂਦੁਆਰਾ ਰਕਾਬ ਗੰਜ ਵਿਖੇ ਸ੍ਰੀ ਗੁਰੁ ਤੇਗ ਬਹਾਦੁਰ ਕੋਵਿਡ ਕੇਅਰ ਸੈਂਟਰ, 125 ਬੈਡ ਕੋਵਿਡ ਹਸਪਤਾਲ, ਗੁਰਉਪਦੇਸ਼ ਪ੍ਰਿਟਿੰਗ ਪ੍ਰੈਸ ਇਤਿਆਦ ਵੱਡੇ-ਵੱਡੇ ਪ੍ਰੋਜੈਕਟ ਸ਼ੁਰੂ ਕਰਨ ‘ਚ ਕਿਉਂ ਬਜਿਦ ਹਨ, ਜਿਸ ਨਾਲ ਇਸ ਧਾਰਮਿਕ ਸੰਸਥਾ ਦੇ ਅਕਸ਼ ਨੂੰ ਢਾਹ ਲਗ ਸਕਦੀ ਹੈ ? ਕਮੇਟੀ ਦੇ ਅਹੁਦੇਦਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਗੁਰੂਦੁਆਰਾ ਫੰਡ ਦੇ ਕੇਵਲ ਰਖਵਾਲੇ ਹਨ ਅਤੇ ਇਸ ਫੰਡ ‘ਚੋਂ ਖਰਚ ਕੀਤੀ ਇਕ-ਇਕ ਪਾਈ ਸਬੰਧੀ ਉਨ੍ਹਾਂ ਦੀ ਸੰਗਤਾਂ ਦੇ ਪ੍ਰਤੀ ਪੂਰੀ ਜਵਾਬਦੇਹੀ ਹੈ। ਇਸ ਲਈ ਅਹੁਦੇਦਾਰਾਂ ਦੀ ਇਹ ਅਹਿਮ ਜੁੰਮੇਵਾਰੀ ਹੈ ਕਿ ਉਹ ਕਮੇਟੀ ਦੇ ਕੰਮ-ਕਾਜ ‘ਚ ਪੂਰੀ ਪਾਰਦਰਸ਼ਤਾ ਯਕੀਨੀ ਬਣਾਉਨ ‘ਤੇ ਹਰ ਫੈਸਲਾ ਕਾਨੂੰਨ ਦਾ ਪਾਲਨ ਕਰਦਿਆਂ ਕਮੇਟੀ ਦੇ ਕਾਰਜਕਾਰੀ ਬੋਰਡ ‘ਤੇ ਜਨਰਲ ਇਜਲਾਸ ‘ਚ ਸਲਾਹ ਮਸ਼ਵਰਾ ਕਰਕੇ ਹੀ ਕਰਨ।