ਅੰਮ੍ਰਿਤਸਰ – ਕਰਤਾਰਪੁਰ ਲਾਂਘਾ ਅੰਦੋਲਨ ਦੇ ਬਾਨੀ ਅਤੇ ਪ੍ਰਸਿੱਧ ਲਿਖਾਰੀ ਭਬੀਸ਼ਨ ਸਿੰਘ ਗੁਰਾਇਆ ਨੇ ਪ੍ਰਧਾਨ ਮੰਤਰੀ ਨੂੰ ਪਤ੍ਰ ਲਿਖ ਕੇ ਬੇਨਤੀ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਜਾਵੇ ਜੋ ਕਿ 16 ਮਾਰਚ 2020 ਤੋਂ ਲਾਕਡਾਊਨ ਕਰਕੇ ਬੰਦ ਕਰ ਦਿੱਤਾ ਗਿਆ ਸੀ। ਹੁਣ ਕਿਉਕਿ ਦੇਸ਼ ਭਰ ਦੇ ਸਾਰੇ ਇਮੀਗ੍ਰੇਸ਼ਨ ਦਫਤਰ ਖੋਲ ਦਿੱਤੇ ਗਏ ਹਨ, ਕਰਤਾਰਪੁਰ ਸਾਹਿਬ ਵਾਲੇ ਨੂੰ ਬੰਦ ਰੱਖਣ ਦੀ ਕੋਈ ਤੁੱਕ ਹੀ ਨਹੀ ਬਣਦੀ।
ਗੁਰਾਇਆ ਨੇ ਆਪਣੇ ਪੱਤ੍ਰ ਵਿਚ ਦਲੀਲ ਦਿੱਤੀ ਹੈ ਕਿ ਕਿਉਕਿ ਕਰਤਾਰਪੁਰ ਦੀ ਯਾਤਰਾ ਕੌਮਾਂਤਰੀ ਹੈ, ਜਿੱਥੇ ਕਰੋਨਾ ਪ੍ਰੋਟੋਕੋਲ ਆਸਾਨੀ ਨਾਲ ਲਾਗੂ ਹੈ। ਇਥੇ ਭੀੜ ਹੋਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ ਕਿਉਕਿ ਸਰਹੱਦੀ ਇਮੀਗ੍ਰੇਸ਼ਨ ਦਫਤਰ ਤਕ ਉਹ ਹੀ ਜਾ ਸਕਦਾ ਹੈ ਜਿਸ ਨੇ ਪਹਿਲਾਂ ਤੋਂ ਓਨਲਾਈਨ ਆਗਿਆ ਲਈ ਹੋਵੇ। ਫਿਰ ਯਾਤਰੀ ਸੁਰੱਖਿਆ ਪੁਲਿਸ ਦੇ ਹੁਕਮ ਬਗੈਰ ਕਦਮ ਵੀ ਨਹੀ ਪੁੱਟ ਸਕਦਾ। ਸਗੋਂ ਕੌਮਾਂਤਰੀ ਹਵਾਈ ਅੱਡਿਆਂ ਤੇ ਭੀੜ ਹੋ ਸਕਦੀ ਹੈ ਪਰ ਕਰਤਾਰਪੁਰ ਲਾਂਘੇ ਤੇ ਨਹੀ।
ਫਿਰ ਜਿੱਥੇ ਜਾਣਾ ਹੈ ਉਹ ਵੀ ਕੋਈ ਭੀੜ ਭਾੜ ਵਾਲੀ ਥਾਂ ਨਹੀ ਹੈ ਕਿਉਕਿ ਕਰਤਾਰਪੁਰ ਸਾਹਿਬ ਇਕੱਲਾ ਪਿਆ ਸਥਾਨ ਹੈ ਜਿਥੇ ਨੇੜੇ ਤੇੜੇ ਕੋਈ ਬਜਾਰ, ਮੰਡੀ, ਪਿੰਡ, ਬਸਤੀ ਜਾਂ ਸ਼ਹਿਰ ਨਹੀ ਹੈ।
ਸੋ ਕਰਤਾਰਪੁਰ ਦੀ ਯਾਤਰਾ ਕੋਈ ਆਮ ਧਾਰਮਿਕ ਯਾਤਰਾ ਨਹੀ। ਬਾਕੀ ਥਾਂਈ ਅਕਸਰ ਭੀੜਾਂ ਇਕੱਠੀਆਂ ਹੋ ਜਾਂਦੀਆਂ ਹਨ।
ਪਾਕਿਸਤਾਨ ਵਿਚ ਉਂਜ ਵੀ ਕਰੋਨਾ ਦਾ ਅਸਰ ਸਾਡੇ ਨਾਲੋਂ ਘੱਟ ਰਿਹਾ ਹੈ ਅਤੇ ਓਥੋਂ ਦੀ ਸਰਕਾਰ ਇਹ ਯਾਤਰਾ ਦੁਬਾਰਾ ਚਾਲੂ ਕਰਨ ਲਈ ਹਾਮੀ ਵੀ ਭਰ ਚੁੱਕੀ ਹੈ।
ਬਾਕੀ ਬੇਸ਼ਕ ਸਰਕਾਰ ਯਾਤਰੀ ਤੇ ਟੀਕਾ ਲੱਗਾ ਹੋਣ ਦੀ ਸ਼ਰਤ ਵੀ ਨਾਲ ਜੋੜ ਲਵੇ।
ਇਸ ਚਿੱਠੀ ਦੀ ਨਕਲ ਉਨਾਂ ਨੇ ਵਿਦੇਸ਼ ਮੰਤਰੀ, ਕੇਂਦਰੀ ਖੇਤੀ ਬਾੜੀ ਮੰਤਰੀ, ਮੁੱਖ ਮੰਤਰੀ ਪੰਜਾਬ, ਹੋਮ ਸਕੱਤਰ ਭਾਰਤ ਸਰਕਾਰ ਅਤੇ ਡੀ ਸੀ ਗੁਰਦਾਸਪੁਰ ਨੂੰ ਵੀ ਭੇਜੀ ਹੈ ਕਿ ਬਣਦੀ ਕਰਵਾਈ ਸ਼ੁਰੂ ਕੀਤੀ ਜਾਏ।
ਗੁਰਾਇਆ ਦੀ ਜਥੇਬੰਦੀ ‘ਸੰਗਤ ਲਾਂਘਾ ਕਰਤਾਰਪੁਰ’ ਜਿਸ ਨੇ ਪਿੱਛੇ ਲਾਂਘਾ ਖੁੱਲਵਾਉਣ ਲਈ 18 ਸਾਲ ਜੱਦੋਜਹਿਦ ਕੀਤੀ, ਲਾਂਘਾ ਖੁੱਲਣ ਤੇ ਨਵੰਬਰ 2019 ਵਿਚ ਭੰਗ ਕਰ ਦਿੱਤੀ ਗਈ ਸੀ। ਕਲ੍ਹ ਫਿਰ ਸੰਗਰਾਂਦ ਦੇ ਦਿਹਾੜੇ ਤੇ ਗੁਰਾਇਆ ਨੇ ਭਜਨ ਸਿੰਘ ਰੋਡਵੇਜ, ਰਾਜ ਸਿੰਘ ਅਤੇ ਲਖਵਿੰਦਰ ਸਿੰਘ ਵੈਦ ਨੂੰ ਨਾਲ ਲੈ ਕੇ ਸਰਹੱਦ ਤੇ ਅਰਦਾਸ ਕੀਤੀ ਜਿਸ ਵਿਚ ਅਨੇਕਾਂ ਸੰਗਤਾਂ ਵੀ ਸ਼ਾਮਲ ਹੋਈਆਂ।