ਸਰੀ, (ਹਰਦਮ ਮਾਨ) – ਕੈਨੇਡਾ-ਅਮਰੀਕਾ ਦਰਮਿਆਨ ਗੈਰ-ਜ਼ਰੂਰੀ ਯਾਤਰਾ ਅਗਸਤ ਵਿਚ ਮੁੜ ਸ਼ੁਰੂ ਹੋ ਜਾਵੇਗੀ। ਇਹ ਐਲਾਨ ਕਰਦਿਆਂ ਬੀ.ਸੀ. ਦੇ ਪ੍ਰੀਮਿਅਰ ਜੌਨ ਹੌਰਗਨ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਸਬੰਧੀ ਤਿਆਰੀ ਕੀਤੀ ਜਾ ਰਹੀ ਹੈ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਫੈਡਰਲ ਅਤੇ ਸੂਬਾ ਸਰਕਾਰਾਂ ਸੀਨੀਅਰ ਸਿਹਤ ਅਧਿਕਾਰੀਆਂ ਨਾਲ ਸਲਾਹ ਕਰਨ ਤੋਂ ਬਾਅਦ ਹੀ ਕੋਈ ਕਦਮ ਚੁੱਕਣਗੀਆਂ ਅਤੇ ਉਸ ਅਨੁਸਾਰ ਬਾਰਡਰ ਖੋਲ੍ਹੇ ਜਾਣਗੇ।
ਹੌਰਗਨ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਬੀ.ਸੀ. ਵਾਸੀ ਇਸ ਸ਼ੁਰੂਆਤ ਦੇ ਬਾਵਜੂਦ ਸੁਰੱਖਿਅਤ ਰਹਿਣਗੇ ਕਿਉਂਕਿ 80 ਪ੍ਰਤੀਸ਼ਤ ਤੋਂ ਵੱਧ ਬੀ.ਸੀ. ਨਿਵਾਸੀ ਵੈਕਸੀਨੇਟ ਹੋ ਚੁੱਕੇ ਹਨ ਅਤੇ ਅਜਿਹੇ ਵਿਚ ਸੁਰੱਖਿਆ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਦੇਸ਼ ਦੇ ਪ੍ਰੀਮਿਅਰਸ ਨਾਲ ਹੋਈ ਗੱਲਬਾਤ ਦੌਰਾਨ ਕਿਹਾ ਸੀ ਕਿ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਅਮਰੀਕੀ ਯਾਤਰੀਆਂ ਨੂੰ ਕਰੀਬ ਇੱਕ ਮਹੀਨੇ ਤੱਕ ਦੇਸ਼ ‘ਚ ਦਾਖ਼ਲ ਹੋਣ ਦੀ ਇਜਾਜ਼ਤ ਦੇਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।