ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਆਪਣੇ ਉਜ਼ੇਬਕਿਸਤਾਨ ਦੇ ਦੌਰੇ ਦੌਰਾਨ ਆਰਐਸਐਸ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਬੇਹਤਰ ਬਣਾਉਣ ਵਿੱਚ ਸੰਘ ਦੀਵਾਰ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆਂਭਰ ਵਿੱਚ ਅੱਤਵਾਦ ਦਾ ਸੱਭ ਤੋਂ ਵੱਧ ਸੇਕ ਪਾਕਿਸਤਾਨ ਨੇ ਝੱਲਿਆ ਹੈ। ਉਹ ਸਦਾ ਕਸ਼ਮੀਰੀਆਂ ਦੇ ਹੱਕਾਂ ਅਤੇ ਉਨ੍ਹਾਂ ਦੀ ਆਜ਼ਾਦੀ ਦੀ ਗੱਲ ਕਰਦੇ ਹਨ। ਪਾਕਿਸਤਾਨ ਵਿੱਚ ਸਥਿਤ ਕਸ਼ਮੀਰ ਵਿੱਚ ਇਲੈਕਸ਼ਨ ਦੇ ਦੌਰਾਨ ਹਰ ਰੈਲੀ ਵਿੱਚ ਆਪਣੇ ਆਪ ਨੂੰ ਅੰਤਰਰਾਸ਼ਟਰੀ ਪੱਧਰ ਤੇ ਕਸ਼ਮੀਰੀਆਂ ਦਾ ਅੰਬੈਸਡਰ ਦੱਸਿਆ ਸੀ।
ਉਜ਼ੇਬਕਿਸਤਾਨ ਵਿੱਚ ਚੱਲ ਰਹੀ ਸੈਂਟਰਲ ਸਾਊਥ ਏਸ਼ੀਆ ਕਾਨਫਰੰਸ ਵਿੱਚ ਜਦੋਂ ਇਹ ਸਵਾਲ ਕੀਤਾ ਗਿਆ ਕਿ ਕੀ ਅੱਤਵਾਦ ਅਤੇ ਗੱਲਬਾਤ ਇੱਕਠੇ ਚੱਲ ਸਕਦੇ ਹਨ? ਇਸ ਤੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ, ‘ ਅਸੀਂ ਤਾਂ ਕਿੰਨੇ ਚਿਰ ਤੋਂ ਇਹ ਉਮੀਦ ਕਰ ਰਹੇ ਹਾਂ ਕਿ ਅਸੀਂ ਚੰਗੇ ਗਵਾਂਢੀਆਂ ਵਾਂਗ ਰਹੀਏ। ਪਰ ਕੀ ਕਰੀਏ, ਸੰਘ ਦੀ ਆਈਡਿਯੋਲਾਜੀ ਰਸਤੇ ਵਿੱਚ ਆ ਜਾਂਦੀ ਹੈ।’ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਜਪਾ ਅਤੇ ਸੰਘ ਦੀ ਵਿਚਾਰਧਾਰਾ ਭਾਰਤ ਦੇ ਲਈ ਸੱਭ ਤੋਂ ਵੱਧ ਖਤਰਨਾਕ ਹੈ। ਬੀਜੇਪੀ-ਸੰਘ ਦੀ ਨੀਤੀ ਕੇਵਲ ਮੁਸਲਮਾਨਾਂ ਨੂੰ ਹੀ ਨਿਸ਼ਾਨਾ ਨਹੀਂ ਬਣਾਉਂਦੀ, ਸਗੋਂ ਸਿੱਖਾਂ, ਸ਼ਡਿਊਲਕਾਸਟ ਅਤੇ ਈਸਾਈਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਉਹ ਇਨ੍ਹਾਂ ਲੋਕਾਂ ਨੂੰ ਵੀ ਸਮਾਨਤਾ ਦਾ ਦਰਜ਼ਾ ਨਹੀਂ ਦਿੰਦੇ।
ਜਿਕਰਯੋਗ ਹੈ ਕਿ ਮੋਦੀ ਵੱਲੋਂ ਧਾਰਾ 370 ਹਟਾਏ ਜਾਣ ਦੇ ਫੈਂਸਲੇ ਦੀ ਇਮਰਾਨ ਖਾਨ ਨੇ ਪੁਰਜ਼ੋਰ ਨਿੰਦਿਆ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ 5 ਅਗੱਸਤ 2019 ਤੋਂ ਬਾਅਦ ਕਸ਼ਮੀਰ ਵਿੱਚ ਆਮ ਲੋਕਾਂ ਤੇ ਜੁਲਮ ਵੱਧ ਗਏ ਹਨ। ਉਨ੍ਹਾਂ ਨੇ ਕਿਹਾ ਸੀ ਕਿ ਇਸ ਸੰਘਰਸ਼ ਵਿੱਚ ਕਸ਼ਮੀਰੀਆਂ ਦੇ ਨਾਲ ਖੜ੍ਹੇ ਹਨ।