ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ,ਖੰਨਾ ਲੁਧਿਆਣਾ ਵੱਲੋਂ ਕਿਸੇ ਵੀ ਕੁਦਰਤੀ ਆਫਤ ਦੌਰਾਨ ਆਪਣੀ ਅਤੇ ਦੂਸਰਿਆਂ ਦੀ ਮਦਦ ਕਰਨ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਨੇ ਗੁਰਬੀਰ ਸਿੰਘ ਨੇ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਸਾਵਧਾਨੀਆਂ ਸਾਂਝੀਆਂ ਕੀਤੀਆਂ। ਇਸ ਦੇ ਨਾਲ ਵਿਦਿਆਰਥੀਆਂ ਨੂੰ ਫਸਟ ਏਡ ਜਾਂ ਪ੍ਰਥਾਮਿਕ ਚਕਿਸਤਾ ਦੀਆਂ ਵਿਧੀਆਂ ਵੀ ਸਮਝਾਈਆਂ ਗਈਆ।
ਗੁਰਬੀਰ ਸਿੰਘ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਅੱਗ ਲੱਗਣ ਦੀ ਕਿਸੇ ਵੀ ਅਣਸੁਖਾਂਵੀ ਘਟਨਾ ਦੌਰਾਨ ਬਿਨਾਂ ਕਿਸੇ ਤਣਾਅ ਦੇ ਸਹੀ ਤਰੀਕੇ ਨਾਲ ਪ੍ਰਤੀਕਿਰਿਆ ਕਰਨ ਲਈ ਪ੍ਰੇਰਨਾ ਦਿੰਦੇ ਹੋਏ ਰੁਕਣ, ਡ੍ਰੌਪ ਅਤੇ ਰੋਲ ਤਕਨੀਕ ਸਬੰਧੀ ਜਾਣਕਾਰੀ ਦਿਤੀ। ਇਸ ਦੌਰਾਨ ਹੱਥਾਂ ਅਤੇ ਗੋਡੇਆਂ ਨੂੰ ਡ੍ਰੋਪ ਕਰਦੇ ਹੋਏ ਨਜ਼ਦੀਕੀ ਨਿਕਾਸ ਵੱਲ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਨੀਵੇਂ ਹੋ ਕੇ ਚੱਲੋ ਕਿਉਂਕਿ ਧੂੰਆਂ ਉੱਪਰ ਛੱਤ ਵੱਲ ਉੱਠਦਾ ਹੈ, ਜਿਸ ਨਾਲ ਸਾਹ ਘੁੱਟਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵੱਧ ਤੋਂ ਵੱਧ ਨੱਕ ਰਾਹੀਂ ਸਾਹ ਲਵੋ। ਜਦ ਕਿ ਸਾਹ ਵੀ ਰੋਕ ਕੇ ਲੈਣਾ ਚਾਹੀਦਾ ਹੈ ਤਾਂ ਕਿ ਘੱਟੋ ਘੱਟ ਧੂੰਆਂ ਫੇਫੜਿਆਂ ਤੱਕ ਪਹੁੰਚੇ। ਇਸ ਦੇ ਨਾਲ ਜੇਕਰ ਹੋ ਸਕੇ ਤਾਂ ਤੌਲੀਆਂ,ਰੁਮਾਲ ਜਾਂ ਹੋਰ ਕਿਸੇ ਸਾਫ਼ ਕਪੜੇ ਨੂੰ ਫ਼ਿਲਟਰ ਦੀ ਤਰਾਂ ਸਾਹ ਲੈਣ ਲਈ ਵਰਤੋਂ ਕਰੋ।
ਉਨਾ ਅੱਗੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜੇਕਰ ਅੱਗ ਵਿਚ ਘਿਰ ਜਾਓ ਤਾਂ ਕਿਸੇ ਕੰਬਲ ਜਾਂ ਭਾਰੀ ਕਪੜੇ ਦੀ ਬੁੱਕਲ ਮਾਰ ਲਵੋ, ਜੇਕਰ ਹੋ ਸਕੇ ਤਾਂ ਉਸ ਕਪੜੇ ਨੂੰ ਗਿਲਾ ਕਰ ਲਓ। ਅਕਸਰ ਅੱਗ ਲੱਗਣ ਤੇ ਭਗਦੜ ਮੱਚਣ ਨਾਲ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ। ਇਸ ਮੌਕੇ ਤੇ ਦਹਿਸ਼ਤ ਭਰਿਆਂ ਮਾਹੌਲ ਪੈਦਾ ਕਰਨ ਦੀ ਬਜਾਏ ਸ਼ਾਂਤ ਰਹਿੰਦੇ ਹੋਏ ਅੱਗ ਲੱਗੀ ਥਾਂ ਤੋਂ ਸੁਰੱਖਿਅਤ ਬਾਹਰ ਨਿਕਲਣ ਦੇ ਰਸਤੇ ਲੱਭਣੇ ਚਾਹੀਦੇ ਹਨ ਅਤੇ ਆਸ ਪਾਸ ਡਰੇ ਲੋਕਾਂ ਨੂੰ ਵੀ ਸ਼ਾਂਤ ਕਰਦੇ ਹੋਏ ਅੱਗੇ ਦੇ ਘੇਰੇ ਤੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ। ਇਸ ਦੌਰਾਨ ਕਿਸੇ ਵੀ ਹਾਲਤ ਵਿਚ ਲਿਫ਼ਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਦੇ ਨਾਲ ਹੀ ਅੱਗ ਬੁਝਾਓ ਯੰਤਰਾਂ ਸਬੰਧੀ ਵੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ। ਜਦ ਕਿ ਅੱਗ ਬੁਝਾਓ ਸੈਲਡੰਰਾਂ ਦੀ ਵਰਤੋਂ ਦੀ ਜਾਣਕਾਰੀ ਪ੍ਰੈਕਟੀਕਲ ਤਰੀਕੇ ਨਾਲ ਦਿਤੀ ਗਈ।
ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਇਸ ਸੈਮੀਨਾਰ ਦੌਰਾਨ ਹਾਸਿਲ ਕੀਤੀ ਜਾਣਕਾਰੀ ਨੂੰ ਅੱਗੇ ਹੋਰ ਲੋਕਾਂ ਵਿਚ ਫੈਲਾਉਣ ਦੀ ਪ੍ਰੇਰਨਾ ਦਿਤੀ।