ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਜਿਆਦਾਤਰ ਮਹਿਲਾਵਾਂ ਵਿੱਚ ਜੂਏ ਦੀ ਲਤ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਨੈਸ਼ਨਲ ਗੈਂਬਲਿੰਗ ਹੈਲਪਲਾਈਨ ‘ਗੈਮਕੇਅਰ’ ਦੇ ਨਵੇਂ ਅੰਕੜਿਆਂ ਅਨੁਸਾਰ ਮਹਾਂਮਾਰੀ ਦੌਰਾਨ ਜੂਏ ਦੀ ਲਤ ਕਾਰਨ ਸਹਾਇਤਾ ਮੰਗਣ ਵਾਲੀਆਂ ਔਰਤਾਂ ਵਿੱਚ ਸਭ ਤੋਂ ਤੇਜ਼ੀ ਨਾਲ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਕੋਵਿਡ ਸੰਕਟ ਦੌਰਾਨ ਔਰਤਾਂ ਦੀ ਜੂਏ ਦੀ ਲਤ ਲਈ ਸਹਾਇਤਾ ਦੀ ਲੋੜ ਵਿੱਚ ਚਾਰ ਪ੍ਰਤੀਸ਼ਤ ਵਾਧਾ ਸਾਹਮਣੇ ਆਇਆ ਹੈ। ਰਿਪੋਰਟਾਂ ਅਨੁਸਾਰ 2,764 ਔਰਤਾਂ ਨੇ 2019-2020 ਵਿੱਚ ਗੈਮਕੇਅਰ ਦੁਆਰਾ ਚਲਾਈ ਗਈ ਹੈਲਪਲਾਈਨ ਨਾਲ ਸੰਪਰਕ ਕੀਤਾ, ਜਦਕਿ ਇਹ ਗਿਣਤੀ 2020-2021 ਵਿੱਚ ਵਧ ਕੇ 3,005 ਹੋ ਗਈ। ਗੈਮਕੇਅਰ ਦੇ ਮਹਿਲਾ ਪ੍ਰੋਗਰਾਮ ਦੀ ਮੈਨੇਜਰ ਮਰੀਨਾ ਸਮਿਥ ਨੇ ਜਾਣਕਾਰੀ ਦਿੱਤੀ ਕਿ ਮੱਦਦ ਲਈ ਪਹੁੰਚਣ ਵਾਲੀਆਂ ਔਰਤਾਂ ਦੇ ਵਾਧੇ ਨੂੰ ਤਾਲਾਬੰਦੀ ਨਾਲ ਜੋੜਿਆ ਜਾ ਸਕਦਾ ਹੈ, ਜਿਸ ਕਾਰਨ ਲੋਕਾਂ ਨੂੰ ਘਰ ਵਿੱਚ ਜ਼ਿਆਦਾ ਸਮਾਂ ਆਨਲਾਈਨ ਬਿਤਾਉਣ ਲਈ ਮਜਬੂਰ ਹੋਣਾ ਪਿਆ ਹੈ। ਇਸ ਸੰਸਥਾ ਅਨੁਸਾਰ ਮਹਾਂਮਾਰੀ ਦੌਰਾਨ ਔਰਤਾਂ ਨੇ ਵਧੇਰੇ ਸਮਾਂ ਘਰ ਦੇ ਅੰਦਰ ਬਿਤਾਇਆ ਹੈ ਜਿੱਥੇ ਉਹ ਸਿਰਫ ਫੋਨ ਦੀ ਮੱਦਦ ਨਾਲ ਜੂਏ ਦੇ ਸਰੋਤਾਂ ਤੱਕ ਪਹੁੰਚ ਸਕਦੀਆਂ ਸਨ। ਇਸਦੇ ਇਲਾਵਾ ਮਹਾਂਮਾਰੀ ਦੇ ਦੌਰਾਨ ਬਹੁਤ ਸਾਰੀਆਂ ਔਰਤਾਂ ਆਪਣੇ ਦੋਸਤਾਂ, ਪਰਿਵਾਰ ਅਤੇ ਸਹਿਕਰਮੀਆਂ ਤੋਂ ਵੱਖ ਹੋ ਗਈਆਂ ਹਨ ਅਤੇ ਇਸ ਨਾਲ ਜੂਏਬਾਜ਼ੀ ਤੋਂ ਮੁੜ ਉਭਰਨਾ ਵਧੇਰੇ ਮੁਸ਼ਕਲ ਹੋ ਸਕਦਾ ਹੈ। ਇਸ ਲਈ ਜੂਏ ਤੋਂ ਛੁਟਕਾਰਾ ਪਾਉਣ ਲਈ ਸਮਾਜਿਕ ਸਹਾਇਤਾ ਬਹੁਤ ਮਹੱਤਵਪੂਰਨ ਹੈ। ਅੰਕੜਿਆਂ ਕਰਕੇ ਇਹ ਵੀ ਸਾਹਮਣੇ ਆਇਆ ਹੈ ਕਿ ਕਾਲੇ ਅਤੇ ਘੱਟ ਗਿਣਤੀ ਨਸਲੀ ਭਾਈਚਾਰਿਆਂ ਦੀਆਂ ਔਰਤਾਂ ਘੱਟ ਜੂਆ ਖੇਡਦੀਆਂ ਹਨ।