ਫ਼ਤਹਿਗੜ੍ਹ ਸਾਹਿਬ – “ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁੱਖ ਜ਼ਿੰਮੇਵਾਰੀ ਗੁਰੂਘਰਾਂ ਦੇ ਸੁਚੱਜੇ ਪ੍ਰਬੰਧ ਦੇ ਨਾਲ-ਨਾਲ, ਇਤਿਹਾਸਿਕ ਇਮਾਰਤਾਂ, ਵਿਰਸੇ-ਵਿਰਾਸਤ, ਯਾਦਗਰਾਂ ਨੂੰ ਵੀ ਉਸੇ ਪੁਰਾਤਨ ਰੂਪ ਵਿਚ ਕਾਇਮ ਰੱਖਣਾ ਹੈ ਅਤੇ ਧਰਮ ਪ੍ਰਚਾਰ ਕਰਨਾ ਹੈ, ਉਸ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਨੂੰ ਇਹ ਚਾਹੀਦਾ ਹੈ ਕਿ ਕਿਸੇ ਵੀ ਪੁਰਾਤਨ ਯਾਦਗਰ ਜਾਂ ਇਮਾਰਤੀ ਦਿੱਖ ਨਾਲ ਛੇੜਛਾੜ ਨਾ ਕੀਤੀ ਜਾਵੇ । ਬਲਕਿ ਉਨ੍ਹਾਂ ਯਾਦਗਰਾਂ ਤੇ ਪੁਰਾਤਨ ਨਿਸ਼ਾਨਾਂ ਨੂੰ ਉਸੇ ਰੂਪ ਵਿਚ ਨਵੀਆਂ ਤਕਨੀਕਾਂ ਰਾਹੀ ਸਦੀਆਂ ਤੱਕ ਕਾਇਮ ਰੱਖਿਆ ਜਾਵੇ ਤਾਂ ਕਿ ਆਉਣ ਵਾਲੀਆ ਕੌਮੀ ਨਸ਼ਲਾਂ ਅਤੇ ਦੂਸਰੇ ਧਰਮਾਂ, ਕੌਮਾਂ ਨਾਲ ਸੰਬੰਧਤ ਦੁਨੀਆਂ ਦੇ ਨਿਵਾਸੀਆਂ ਨੂੰ ਸਿੱਖ ਕੌਮ ਦੇ ਮਹਾਨ ਫਖ਼ਰ ਵਾਲੇ ਇਤਿਹਾਸ ਤੋਂ ਜਾਣਕਾਰੀ ਵੀ ਮਿਲ ਸਕੇ ਅਤੇ ਉਹ ਸਾਡੇ ਇਸ ਧਰਮ ਤੋਂ ਅਗਵਾਈ ਵੀ ਲੈਦੇ ਰਹਿਣ। ਜੋ ਮੌਜੂਦਾ ਐਸ.ਜੀ.ਪੀ.ਸੀ. ਸ੍ਰੀ ਗੁਰੂ ਰਾਮਦਾਸ ਸਰਾਂ ਦਾ ਨਵੀਨਕਰਣ ਕਰਨਾ ਚਾਹੁੰਦੀ ਹੈ ਜਾਂ ਉਸ ਵਿਚ ਰਿਹਾਇਸ਼ੀ ਕਮਰਿਆਂ ਦਾ ਵਾਧਾ ਕਰਨਾ ਚਾਹੁੰਦੀ ਹੈ, ਅਜਿਹਾ ਕਰਦੇ ਹੋਏ ਜੋ ਇਸ ਇਤਿਹਾਸਿਕ ਇਮਾਰਤ ਦੀਆਂ ਬਾਹਰਲੀਆਂ ਕੰਧਾਂ ਉਤੇ 1984 ਦੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਗੋਲੀਆਂ, ਤੋਪਾਂ ਆਦਿ ਦੇ ਨਿਸ਼ਾਨ ਅੰਕਿਤ ਹੋਏ ਹਨ, ਉਨ੍ਹਾਂ ਨੂੰ ਉਸੇ ਰੂਪ ਵਿਚ ਸੁਰੱਖਿਅਤ ਰੱਖਿਆ ਜਾਵੇ, ਜਿਵੇਂ ਜ਼ਲਿ੍ਹਆਵਾਲੇ ਬਾਗ ਵਿਚ ਹਿੰਦੂਤਵ ਹੁਕਮਰਾਨਾਂ ਨੇ ਸਭ ਪੁਰਾਤਨ ਨਿਸ਼ਾਨ ਅਤੇ ਯਾਦਗਰਾਂ ਨੂੰ ਸ਼ੀਸ਼ਿਆਂ ਅਤੇ ਹੋਰ ਆਧੁਨਿਕ ਤਕਨੀਕਾਂ ਰਾਹੀ ਸੁਰੱਖਿਅਤ ਰੱਖਿਆ ਹੋਇਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਗੁਰੂ ਰਾਮਦਾਸ ਸਰਾਂ ਦਾ ਐਸ.ਜੀ.ਪੀ.ਸੀ. ਵੱਲੋਂ ਨਵੀਨਕਰਣ ਕਰਨ ਦੇ ਆਏ ਫੈਸਲੇ ਉਪਰੰਤ ਮੌਜੂਦਾ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਨੂੰ ਇਸ ਇਮਾਰਤ ਉਤੇ ਅੰਕਿਤ ਹੋਏ ਇਤਿਹਾਸਿਕ ਨਿਸ਼ਾਨਾਂ ਨੂੰ ਉਸੇ ਤਰ੍ਹਾਂ ਸੁਰੱਖਿਅਤ ਰੱਖਣ ਦੀ ਗੱਲ ਕਰਦੇ ਹੋਏ ਅਤੇ ਜਦੋਂ ਵੀ ਅਜਿਹੀਆਂ ਇਮਾਰਤਾਂ ਨੂੰ ਕਿਸੇ ਸਮੇਂ ਢਾਹੁਣ ਦੀ ਗੱਲ ਚੱਲੇ, ਉਹ ਸਮੁੱਚੇ ਖ਼ਾਲਸਾ ਪੰਥ ਅਤੇ ਕੌਮੀ ਜਥੇਬੰਦੀਆਂ, ਵਿਦਵਾਨਾਂ ਦੇ ਸਲਾਹ-ਮਸਵਰੇ ਤੋਂ ਬਿਨ੍ਹਾਂ ਕਿਸੇ ਤਰ੍ਹਾਂ ਦੀ ਛੇੜਛਾੜ ਨਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਰਹਿ ਚੁੱਕੇ ਐਸ.ਜੀ.ਪੀ.ਸੀ. ਦੇ ਪ੍ਰਧਾਨਾਂ ਅਤੇ ਅਧਿਕਾਰੀਆਂ ਨੇ ਚਮਕੌਰ ਸਾਹਿਬ ਦੇ ਸਥਾਂਨ ਤੇ ਇਤਿਹਾਸਿਕ ਗੜ੍ਹੀ ਸਾਹਿਬ ਦੇ ਸਭ ਨਿਸ਼ਾਨ ਖ਼ਤਮ ਕਰਕੇ ਉਥੇ ਸਗਮਰਮਰ ਅਤੇ ਨਵੀ ਇਮਾਰਤ ਉਸਾਰਕੇ ਪੁਰਾਤਨ ਦਿੱਖ ਨੂੰ ਖ਼ਤਮ ਕਰਨ ਦੀ ਪਹਿਲੋ ਹੀ ਵੱਡੀ ਗੁਸਤਾਖੀ ਕਰ ਚੁੱਕੇ ਹਨ । ਇਸੇ ਤਰ੍ਹਾਂ ਤਰਨਤਾਰਨ ਦੀ ਇਤਿਹਾਸਿਕ ਦਰਸ਼ਨੀ ਡਿਊੜ੍ਹੀ ਨੂੰ ਵੀ ਕਾਰ ਸੇਵਾ ਅਤੇ ਮੁਰੰਮਤ ਦੇ ਨਾਮ ਹੇਠ ਇਤਿਹਾਸਿਕ ਦਿੱਖ ਨੂੰ ਜਦੋਂ ਖ਼ਤਮ ਕਰਨ ਦੀ ਕੋਸ਼ਿਸ਼ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਕੇ ਤੇ ਪਹੁੰਚਕੇ ਇਸ ਹੋ ਰਹੇ ਵੱਡੇ ਨੁਕਸਾਨ ਨੂੰ ਰੁਕਵਾਇਆ ਸੀ । ਇਸੇ ਤਰ੍ਹਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਤ ਮਹਾਨ ਅਸਥਾਂਨ ਵਿਖੇ ਜੋ ਭੋਰਾ ਸਾਹਿਬ ਨੂੰ ਜਾਂਦੇ ਹੋਏ ਬਾਹਰਲੇ ਪਾਸੇ ਇਕ ਛੋਟਾ ਜਿਹਾ ਬੂਹਾ ਸੀ ਅਤੇ ਇਕ ਖੂਹ ਸੀ, ਉਹ ਵੀ ਐਸ.ਜੀ.ਪੀ.ਸੀ. ਨੇ ਬਹੁਤ ਪਹਿਲੇ ਖ਼ਤਮ ਕਰਵਾਕੇ ਬਜਰ ਗੁਸਤਾਖੀ ਕੀਤੀ ਹੈ । ਇਸੇ ਤਰ੍ਹਾਂ ਸਿੱਖ ਕੌਮ ਦੇ ਮਹਾਨ ਹਮਦਰਦ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਦੇ ਪੈਰੋਕਾਰ ਦੀਵਾਨ ਟੋਡਰਮੱਲ ਦੀ ਜੋ ਇਤਿਹਾਸਿਕ ਹਵੇਲੀ ਹੈ, ਉਸਦੀ ਸੇਵਾ ਕਰਨ ਦੇ ਨਾਮ ਤੇ ਪੁਰਾਤਨ ਦਿੱਖ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਹੀਂ ਹੋਣ ਦਿੱਤੀ । ਪਰ ਇਹ ਅਜੇ ਕਾਰ ਸੇਵਾ ਉਸੇ ਤਰ੍ਹਾਂ ਰੁਕੀ ਹੋਈ ਹੈ । ਜਦੋਂਕਿ ਅਜਿਹੀਆ ਇਤਿਹਾਸਿਕ ਇਮਾਰਤਾਂ, ਯਾਦਗਰਾਂ, ਵਿਰਸੇ-ਵਿਰਾਸਤ ਨੂੰ ਸਦੀਆਂ ਤੱਕ ਸਾਂਭਣ ਤੇ ਸੁਰੱਖਿਅਤ ਰੱਖਣ ਲਈ ਐਸ.ਜੀ.ਪੀ.ਸੀ. ਦੇ ਨਾਲ-ਨਾਲ ਸਮੁੱਚੀ ਸਿੱਖ ਕੌਮ ਦਾ ਵੀ ਇਹ ਫਰਜ ਬਣ ਜਾਂਦਾ ਹੈ ਕਿ ਉਨ੍ਹਾਂ ਨੂੰ ਸੇਵਾ ਕਰਦੇ ਹੋਏ ਉਸੇ ਪੁਰਾਤਨ ਰੂਪ ਵਿਚ ਕਾਇਮ ਰੱਖਿਆ ਜਾਵੇ ।
ਸ. ਮਾਨ ਨੇ ਇਕ ਹੋਰ ਮਹੱਤਵਪੂਰਨ ਮੁੱਦੇ ਨੂੰ ਛੋਹਦੇ ਹੋਏ ਕਿਹਾ ਕਿ ਜਦੋਂ ਮੌਜੂਦਾ ਐਸ.ਜੀ.ਪੀ.ਸੀ. ਆਪਣੀ ਕਾਨੂੰਨੀ ਮਿਆਦ ਪੁਗਾ ਚੁੱਕੀ ਹੈ ਅਤੇ ਜਿਸ ਕੋਲ ਅਜਿਹੇ ਮਹੱਤਵਪੂਰਨ ਫੈਸਲੇ ਕਰਨ ਦਾ ਇਸ ਸਮੇਂ ਕੋਈ ਅਧਿਕਾਰ ਨਹੀਂ, ਉਹ ਸਭ ਤੋਂ ਪਹਿਲੇ ਇਸ ਸਿੱਖ ਪਾਰਲੀਮੈਂਟ ਦੀ ਜਰਨਲ ਚੋਣ ਕਰਵਾਉਣ ਦਾ ਸੰਜ਼ੀਦਗੀ ਨਾਲ ਆਪਣੇ ਸੈਂਟਰ ਦੇ ਹੁਕਮਰਾਨਾਂ ਤੋਂ ਪ੍ਰਬੰਧ ਕਰਵਾਏ, ਫਿਰ ਜੋ ਨਵੀ ਐਸ.ਜੀ.ਪੀ.ਸੀ. ਦੇ ਮੈਬਰ ਹਾਊਂਸ ਦੇ ਚੁਣਕੇ ਆਉਣਗੇ, ਅਜਿਹੇ ਮਹੱਤਵਪੂਰਨ ਫੈਸਲੇ ਉਸ ਕਾਨੂੰਨੀ ਤੌਰ ਤੇ ਅਧਿਕਾਰਿਤ ਐਸ.ਜੀ.ਪੀ.ਸੀ. ਹੀ ਕਰੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਆਪਣੀ ਕਾਨੂੰਨੀ ਹੋਂਦ ਗੁਆ ਚੁੱਕੀ ਮੌਜੂਦਾ ਐਸ.ਜੀ.ਪੀ.ਸੀ. ਅਜਿਹਾ ਕੋਈ ਵੀ ਫੈਸਲਾ ਨਹੀਂ ਕਰੇਗੀ, ਜਿਸ ਨਾਲ ਸਿੱਖ ਕੌਮ ਦੇ ਮਨ-ਆਤਮਾਵਾ ਨੂੰ ਠੇਸ ਪਹੁੰਚੇ ਅਤੇ ਜੋ ਸਿੱਖ ਕੌਮ ਦੀ ਸਰਬਸੰਮਤੀ ਤੋਂ ਬਿਨ੍ਹਾਂ ਹੋਵੇ ।