ਫ਼ਤਹਿਗੜ੍ਹ ਸਾਹਿਬ – “ਜਦੋਂ ਬੀਤੇ ਸਮੇਂ ਵਿਚ ਪੰਜਾਬ ਵਿਚ ਬਾਦਲ ਸਰਕਾਰ ਸੀ, ਤਾਂ ਉਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਆਉਣ ਸਮੇਂ ਵੀ.ਆਈ.ਪੀ. ਕਲਚਰ ਦੀ ਗੁਲਾਮ ਬਣਕੇ ਅਫ਼ਸਰਸ਼ਾਹੀ ਅਤੇ ਪੁਲਿਸ ਵੱਲੋਂ ਥਾਂ-ਥਾਂ ਤੇ ਭਾਰੀ ਪੁਲਿਸ ਫੋਰਸ, ਨਾਕੇ ਲਗਾਕੇ ਅਤੇ ਰਸਤੇ ਬਦਲਕੇ ਇਥੋਂ ਦੇ ਅਵਾਮ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ । ਜਿਸ ਤੋਂ ਪੰਜਾਬ ਦੇ ਨਿਵਾਸੀ ਇਸ ਵੀ.ਆਈ.ਪੀ ਕਲਚਰ ਤੋਂ ਬਹੁਤ ਤੰਗ ਆ ਚੁੱਕੇ ਸਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਅੱਜ ਜਦੋਂ ਪੰਜਾਬ ਕਾਂਗਰਸ ਦੇ ਨਵੇ ਬਣੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਕਿਸੇ ਸਮਾਜਿਕ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਆਉਣਾ ਸੀ ਤਾਂ ਸਵੇਰ ਤੋਂ ਹੀ ਸਮੁੱਚੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਪੁਲਿਸ ਵੱਲੋਂ ਫ਼ਤਹਿਗੜ੍ਹ ਸਾਹਿਬ ਦਾਖਲ ਹੋਣ ਵਾਲੀਆ ਸਭ ਸੜਕਾਂ ਉਤੇ ਭਾਰੀ ਪੁਲਿਸ ਫੋਰਸ ਅਤੇ ਨਾਕੇ ਹੀ ਨਹੀਂ ਲਗਾਏ ਗਏ, ਬਲਕਿ 4-5 ਘੰਟੇ ਦੇ ਲੰਮੇ ਸਮੇਂ ਤੱਕ ਮੁੱਖ ਸੜਕਾਂ ਤੋਂ ਵਾਹਨਾਂ ਦੇ ਆਉਣ-ਜਾਣ ਨੂੰ ਵੀ ਬੰਦ ਕੀਤਾ ਹੋਇਆ ਸੀ ਅਤੇ ਰਸਤੇ ਬਦਲੇ ਹੋਏ ਸਨ । ਜਿਸ ਨਾਲ ਫ਼ਤਹਿਗੜ੍ਹ ਸਾਹਿਬ ਇਲਾਕੇ ਦੇ ਨਿਵਾਸੀਆ ਅਤੇ ਬਾਹਰੋ ਆਉਣ ਵਾਲੇ ਯਾਤਰੂਆਂ ਨੂੰ ਬਹੁਤ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਜੇਕਰ ਇਨ੍ਹਾਂ ਹੁਕਮਰਾਨਾਂ ਅਤੇ ਸਿਆਸਤਦਾਨਾਂ ਨੂੰ ਆਪਣੀ ਹੀ ਜਨਤਾ ਦੇ ਨੇੜੇ ਲੱਗਣ ਤੋਂ ਐਨੀ ਘਬਰਾਹਟ ਹੈ ਜਾਂ ਆਪਣੇ ਵੀ.ਆਈ.ਪੀ. ਕਲਚਰ ਨੂੰ ਕਾਇਮ ਰੱਖਕੇ ਆਪੋ-ਆਪਣੇ ਉੱਚ ਅਹੁਦਿਆ ਦੀ ਹਊਮੈ ਵਿਚ ਗ੍ਰਸਤ ਹੋ ਕੇ ਹੀ ਵਿਚਰਨਾ ਹੈ ਤਾਂ ਅਜਿਹੇ ਸਿਆਸਤਦਾਨਾਂ ਤੇ ਆਗੂਆਂ ਨੂੰ ਕੋਈ ਇਖਲਾਕੀ ਹੱਕ ਨਹੀਂ ਕਿ ਉਹ ਆਪਣੀ ਆਮਦ ਉਤੇ ਪੁਲਿਸ ਵੱਲੋਂ ਆਮ ਜਨਤਾ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਵੇ ਅਤੇ ਸਾਰੇ ਇਲਾਕੇ ਵਿਚ ਦਹਿਸਤ ਦਾ ਮਾਹੌਲ ਸਿਰਜਿਆ ਜਾਵੇ ”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਫ਼ਤਹਿਗੜ੍ਹ ਸਾਹਿਬ ਦੇ ਸਮੁੱਚੇ ਇਲਾਕੇ ਵਿਚ ਮੁੱਖ ਸੜਕਾਂ ਉਤੇ ਪੁਲਿਸ ਵੱਲੋਂ ਆਉਣ-ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੇ ਰਸਤੇ ਬਦਲਣ ਅਤੇ ਪ੍ਰੇਸ਼ਾਨ ਕਰਨ ਦੀ ਸ. ਨਵਜੋਤ ਸਿੰਘ ਸਿੱਧੂ ਵਰਗਿਆ ਵੱਲੋਂ ਅਪਣਾਈ ਗਈ ਵੀ.ਆਈ.ਪੀ. ਕਲਚਰ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਅਜਿਹੀਆ ਹਊਮੈ ਭਰਪੂਰ ਕਾਰਵਾਈਆ ਨੂੰ ਪੰਜਾਬ ਨਿਵਾਸੀਆ ਅਤੇ ਖ਼ਾਲਸਾ ਪੰਥ ਵੱਲੋਂ ਬਿਲਕੁਲ ਵੀ ਪ੍ਰਵਾਨ ਨਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਨਿਮਰਤਾ, ਨਿਰਮਾਨਤਾ, ਸਬਰ, ਸੇਵਾ ਅਤੇ ਸੰਜਮ ਦੇ ਮਹਾਨ ਅਰਥ ਭਰਪੂਰ ਸ਼ਬਦਾਂ ਉਤੇ ਪਹਿਰਾ ਦੇ ਕੇ ਸਾਡੇ ਇਖਲਾਕ ਤੇ ਚਰਿੱਤਰ ਨੂੰ ਮਨੁੱਖਤਾ ਪੱਖੀ ਬਣਾਇਆ ਹੈ ਅਤੇ ਉਹ ਖੁਦ ਸਿੱਖ ਸੰਗਤ ਵਿਚ ਵਿਚਰਦੇ ਹੋਏ ਸਮਾਜ ਨਾਲ ਸੰਬੰਧਤ ਮੁਸ਼ਕਿਲਾਂ, ਦੁੱਖ-ਤਕਲੀਫ਼ਾ ਨੂੰ ਬਹੁਤ ਹੀ ਸਹਿਜ ਢੰਗ ਨਾਲ ਦੂਰ ਕਰਦੇ ਰਹੇ ਹਨ ਅਤੇ ਸਾਨੂੰ ਵੀ ਉਨ੍ਹਾਂ ਨੇ ਅਜਿਹੇ ਹੀ ਆਦੇਸ਼ ਦਿੱਤੇ ਹਨ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਵੱਖ-ਵੱਖ ਪਾਰਟੀਆਂ, ਸਿਆਸੀ ਦਲਾਂ ਵਿਸ਼ੇਸ਼ ਤੌਰ ਤੇ ਹੁਕਮਰਾਨ ਜਮਾਤ ਨਾਲ ਸੰਬੰਧਤ ਆਗੂ ਅਤੇ ਸਿਆਸਤਦਾਨ ਪੰਜਾਬ ਦੀ ਗੁਰੂਆਂ ਦੀ ਪਵਿੱਤਰ ਧਰਤੀ ਉਤੇ ਵਿਚਰਦੇ ਹੋਏ ਆਪਣੇ ਨਾਲ ਸੁਰੱਖਿਆ ਜਿਪਸੀਆ, ਸਥਾਨਕ ਭਾਰੀ ਪੁਲਿਸ ਫੋਰਸ ਅਤੇ ਚਮਚਾਗਿਰੀ ਦੇ ਵਰਤਾਰੇ ਨਾਲ ਆਪੋ-ਆਪਣੀ ਹਊਮੈ ਨੂੰ ਪੱਠੇ ਪਾ ਕੇ ਆਪਣੇ-ਆਪ ਨੂੰ ਸੰਗਤ ਤੋਂ ਵੱਡਾ ਦਰਸਾਉਣ ਲਈ ਇਸ ਵੀ.ਆਈ.ਪੀ. ਕਲਚਰ ਦੇ ਗੁਲਾਮ ਬਣਦੇ ਜਾ ਰਹੇ ਹਨ । ਜਿਸ ਨਾਲ ਹੁਕਮਰਾਨਾਂ ਅਤੇ ਜਨਤਾ ਦੀ ਦੂਰੀ ਵੱਧਦੀ ਹੀ ਨਹੀਂ ਜਾ ਰਹੀ, ਬਲਕਿ ਇਸ ਨਾਲ ਜਨਤਾ ਨੂੰ ਕਸਟ ਦੇ ਕੇ ਆਪਣੇ ਇਖਲਾਕ ਅਤੇ ਸਮਾਜਿਕ ਫਰਜਾਂ ਤੋਂ ਨਿਘਾਰ ਵੱਲ ਹੀ ਜਾ ਰਹੇ ਹਨ । ਅਜਿਹੀ ਵੀ.ਆਈ.ਪੀ. ਕਲਚਰ ਸਿਆਸਤਦਾਨਾਂ ਨੂੰ ਫੌਰੀ ਬੰਦ ਕਰਨੀ ਪਵੇਗੀ । ਜੇਕਰ ਹਊਮੈ ਵਿਚ ਗ੍ਰਸਤ ਹੋਈ ਲੀਡਰਸ਼ਿਪ ਅਜਿਹਾ ਨਹੀਂ ਕਰਦੀ, ਤਾਂ ਜਿਵੇਂ ਹੁਣ ਕਿਸਾਨ ਅੰਦੋਲਨ ਸਮੇਂ ਦਿਸ਼ਾਹੀਣ, ਕੰਮਜੋਰ ਅਤੇ ਸਵਾਰਥੀ ਲੀਡਰਸ਼ਿਪ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਵੜਨ ਤੋਂ ਰੋਕਣ ਲਈ ਵੱਡੇ-ਵੱਡੇ ਫਲੈਕਸ ਲਗਾਕੇ ਪਹਿਲੋ ਹੀ ਸੁਚੇਤ ਕਰਦੇ ਹਨ। ਜੇਕਰ ਕੋਈ ਅਜਿਹਾ ਘਟੀਆ ਇਖਲਾਕ ਵਾਲਾ ਆਗੂ ਕਿਸੇ ਪਿੰਡ ਜਾਂ ਸ਼ਹਿਰ ਵਿਚ ਦਾਖਲ ਹੋ ਜਾਂਦਾ ਹੈ ਤਾਂ ਲੋਕ ਉਨ੍ਹਾਂ ਦਾ ਟਮਾਟਰਾਂ, ਅੰਡਿਆਂ ਅਤੇ ਬਦਨਾਮਨੁੰਮਾ ਨਾਅਰੇ ਅਤੇ ਆਵਾਜ਼ਾਂ ਕੱਸਕੇ ‘ਗੋ ਬੈਕ’ ਦੇ ਨਾਅਰੇ ਲਗਾ ਰਹੇ ਹਨ । ਜਿਸ ਤੋਂ ਅਜਿਹੀ ਹਊਮੈ ਵਿਚ ਗ੍ਰਸਤ ਲੀਡਰਸ਼ਿਪ ਨੂੰ ਸਮੇਂ ਦੀ ਨਿਜਾਕਤ ਨੂੰ ਸਮਝਦੇ ਹੋਏ ਆਪਣੀ ਆਮਦ ਉਤੇ ਪੁਲਿਸ ਫੋਰਸ ਤੇ ਨਾਕਿਆ ਰਾਹੀ ਜਨਤਾ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਤੋਬਾ ਕਰ ਲੈਣੀ ਚਾਹੀਦੀ ਹੈ । ਵਰਨਾ ਅਜਿਹੀ ਲੀਡਰਸ਼ਿਪ ਨਤੀਜੇ ਭੁਗਤਣ ਲਈ ਤਿਆਰ ਰਹੇ ।