ਗਲਾਸਗੋ/ ਇੰਗਲੈਂਡ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਅਤੇ ਵੇਲਜ਼ ਵਿੱਚ ਨਸ਼ੀਲੇ ਪਦਾਰਥਾਂ ਦੀ ਵਜ੍ਹਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਰਿਕਾਰਡ ਪੱਧਰ ‘ਤੇ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੰਕੜਿਆਂ ਅਨੁਸਾਰ ਇੰਗਲੈਂਡ ਅਤੇ ਵੇਲਜ਼ ਵਿੱਚ ਨਸ਼ੀਲੇ ਪਦਾਰਥਾਂ ਨਾਲ ਸੰਬੰਧਤ ਮੌਤਾਂ 25 ਸਾਲਾਂ ਤੋਂ ਵੱਧ ਸਮੇਂ ਵਿੱਚ ਆਪਣੇ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ। ਰਾਸ਼ਟਰੀ ਅੰਕੜਾ ਦਫਤਰ ਦੁਆਰਾ 2020 ਵਿੱਚ ਨਸ਼ਿਆਂ ਨਾਲ ਕੁੱਲ 4,561 ਮੌਤਾਂ ਦਰਜ ਕੀਤੀਆਂ ਗਈਆਂ ਅਤੇ 1993 ਵਿੱਚ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਇਹ ਸਭ ਤੋਂ ਵੱਡੀ ਸੰਖਿਆ ਹੈ। ਪਿਛਲੇ ਸਾਲ ਦਰਜ ਹੋਈਆਂ ਮੌਤਾਂ ਵਿੱਚੋਂ, ਦੋ ਤਿਹਾਈ (2,996) ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਸਬੰਧਤ ਸਨ ਜਦਕਿ ਅੱਧੀਆਂ ਮੌਤਾਂ ਵਿੱਚ (2,263) ਹੈਰੋਇਨ ਜਾਂ ਮਾਰਫਿਨ ਕਰਕੇ ਹੋਈਆਂ ਸਨ। ਅੰਕੜਿਆਂ ਅਨੁਸਾਰ ਤਕਰੀਬਨ 1,050 ਮੌਤਾਂ ਜੋ ਕਿ ਨਸ਼ੀਲੇ ਪਦਾਰਥਾਂ ਦੇ ਜ਼ਹਿਰ ਨਾਲ 2020 ਵਿੱਚ ਹੋਈਆਂ। ਇਹਨਾਂ ਮੌਤਾਂ ਸੰਬੰਧੀ ਜਾਰੀ ਹੋਏ ਰਿਕਾਰਡ ਵਿੱਚ ਸਿਰਫ ਡਰੱਗ ਓਵਰਡੋਜ਼ ਆਦਿ ਦਾ ਜ਼ਿਕਰ ਹੈ। ਸਿਹਤ ਮਾਹਿਰਾਂ ਅਨੁਸਾਰ ਨਸ਼ੀਲੇ ਪਦਾਰਥਾਂ ਦੇ ਜ਼ਹਿਰ ਨਾਲ ਹੋਣ ਵਾਲੀਆਂ ਅੱਧੀਆਂ ਤੋਂ ਵੱਧ ਮੌਤਾਂ ਵਿੱਚ ਇੱਕ ਤੋਂ ਵੱਧ ਦਵਾਈਆਂ ਸ਼ਾਮਲ ਹੁੰਦੀਆਂ ਹਨ ਅਤੇ ਉਨ੍ਹਾਂ ਮਾਮਲਿਆਂ ਵਿੱਚ ਇਹ ਦੱਸਣਾ ਸੰਭਵ ਨਹੀਂ ਹੁੰਦਾ ਕਿ ਕਿਹੜੀ ਨਸ਼ੀਲੀ ਦਵਾਈ ਮੌਤ ਲਈ ਮੁੱਖ ਤੌਰ ‘ਤੇ ਜ਼ਿੰਮੇਵਾਰ ਸੀ। ਅੰਕੜੇ ਜਾਹਿਰ ਕਰਦੇ ਹਨ ਕਿ ਪਿਛਲੇ 10 ਸਾਲਾਂ ਵਿੱਚ ਨਸ਼ੀਲੇ ਪਦਾਰਥਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ 60.9 ਪ੍ਰਤੀਸ਼ਤ ਵਧੀ ਹੈ। ਇੰਗਲੈਂਡ ਅਤੇ ਵੇਲਜ਼ ਵਿੱਚ 2010 ਵਿੱਚ ਪ੍ਰਤੀ ਮਿਲੀਅਨ ਆਬਾਦੀ ਪਿੱਛੇ ਇਹਨਾਂ ਮੌਤਾਂ ਦੀ ਦਰ 49.4 ਸੀ ਜੋ ਕਿ 2020 ਵਿੱਚ 79.5 ਪ੍ਰਤੀਸ਼ਤ ਹੋ ਗਈ ਹੈ। ਪਿਛਲੇ ਹਫਤੇ, ਜਾਰੀ ਕੀਤੇ ਵੱਖਰੇ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ ਪਿਛਲੇ ਸਾਲ ਨਸ਼ਿਆਂ ਦੀ ਦੁਰਵਰਤੋਂ ਨਾਲ 1,339 ਲੋਕਾਂ ਦੀ ਮੌਤ ਹੋਈ ਜੋ ਕਿ ਯੂਰਪ ਵਿੱਚ ਡਰੱਗ ਨਾਲ ਸਬੰਧਤ ਸਭ ਤੋਂ ਭੈੜੀ ਮੌਤ ਦਰ ਹੈ ਅਤੇ ਗਲਾਸਗੋ ਸ਼ਹਿਰ ਸਾਰੇ ਯੂਰਪੀਅਨ ਸ਼ਹਿਰਾਂ ਵਿੱਚੋਂ ਸਭ ਤੋਂ ਜਿਆਦਾ ਪ੍ਰਭਾਵਿਤ ਹੈ।
ਇੰਗਲੈਂਡ ਅਤੇ ਵੇਲਜ਼ ਵਿੱਚ ਨਸ਼ੀਲੇ ਪਦਾਰਥਾਂ ਨਾਲ ਹੁੰਦੀਆਂ ਮੌਤਾਂ ਪਹੁੰਚੀਆਂ ਰਿਕਾਰਡ ਪੱਧਰ ‘ਤੇ
This entry was posted in ਅੰਤਰਰਾਸ਼ਟਰੀ.