ਸਰੀ, (ਹਰਦਮ ਮਾਨ) – ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਦੀ ਵੈਨਕੂਵਰ ਇਕਾਈ ਦੀ ਜ਼ਰੂਰੀ ਮੀਟਿੰਗ ਹੋਈ ਜਿਸ ਵਿੱਚ ਆਪਣੇ ਗਾਹਕ ਨਾਲ ਕਥਿਤ ਤੌਰ ਤੇ ਠੱਗੀ ਮਾਰਨ ਵਾਲੇ ਜੋਤਸ਼ੀ ਦੀ ਸ਼ਿਕਾਇਤ ਸੁਸਾਇਟੀ ਕੋਲ ਆਉਣ ਤੇ ਵਿਚਾਰ ਚਰਚਾ ਕਰਨ ਉਪਰੰਤ ਉਸ ਜੋਤਸ਼ੀ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ ਲਿਆ ਗਿਆ ਤਾਂ ਜੋ ਉਸ ਦਾ ਪਰਦਾਫਾਸ਼ ਕਰਕੇ ਲੋਕਾਂ ਨੂੰ ਸੁਚੇਤ ਕੀਤਾ ਜਾਵੇ ਕਿ ਇਨ੍ਹਾਂ ਠੱਗਾਂ ਤ਼ ਬਚਿਆ ਜਾਵੇ ਅਤੇ ਆਪਣੀ ਖੂਨ ਪਸੀਨੇ ਦੀ ਕਮਾਈ ਸੰਭਾਲ ਕੇ ਰੱਖੀ ਜਾਵੇ।
ਸੁਸਾਇਟੀ ਵੱਲੋਂ 28 ਜੁਲਾਈ 21 ਨੂੰ ਐਸਪਿਨ ਪਾਰਕ ਸਰੀ ਵਿਚ ਏਸ਼ੀਅਨ ਬਜ਼ੁਰਗ ਔਰਤਾਂ ਉੱਪਰ ਇੱਕ ਗੋਰੇ ਜੋੜੇ ਵੱਲੋਂ ਕੀਤੀਆਂ ਨਸਲਵਾਦੀ ਟਿੱਪਣੀਆਂ ਅਤੇ ਉਨ੍ਹਾਂ ਉੱਪਰ ਗਾਰਬੇਜ ਸੁੱਟੇ ਜਾਣ ਵਾਲੀ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਸੁਸਾਇਟੀ ਮੈਂਬਰਾਂ ਨੇ ਕਿਹਾ ਕਿ ਬੀਤੇ ਸਮੇਂ ਵਿਚ ਵਿਚ ਅਜਿਹੀਆਂ ਕਰਤੂਤਾਂ ਤੇ ਕੋਈ ਠੋਸ ਕਦਮ ਨਾ ਚੁੱਕੇ ਜਾਣ ਕਾਰਨ ਹੀ ਵਾਰ ਵਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜੋ ਵਰਤਾਰਾ ਬਹੁਤ ਮੰਦਭਾਗਾ ਹੈ, ਸਰਕਾਰ ਇਸ ਨੂੰ ਰੋਕਣ ਲਈ ਤੁਰੰਤ ਕੋਈ ਠੋਸ ਕਦਮ ਚੁੱਕੇ ਅਤੇ ਪੁਲੀਸ ਪ੍ਰਸ਼ਾਸ਼ਨ ਕਾਨੂੰਨੀ ਕਾਰਵਾਈ ਕਰੇ।
ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਕਰੋਨਾ ਕਾਰਨ ਲੇਟ ਹੋਈ ਸੁਸਾਇਟੀ ਦੀ ਸਲਾਨਾ ਚੋਣ ਤੁਰੰਤ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ, ਜਿਸ ਅਨੁਸਾਰ ਇਹ ਚੋਣ 29 ਅਗਸਤ 2021 (ਐਤਵਾਰ) ਨੂੰ ਪ੍ਰੋਗਰੈਸਿਵ ਕਲਚਰਲ ਸੈਂਟਰ (#126, 7536 – 130 ਸਟਰੀਟ ਸਰੀ) ਵਿਖੇ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਕਰਵਾਈ ਜਾਵੇਗੀ ਪਰ ਉਸ ਤੋਂ ਪਹਿਲਾਂ 22 ਅਗਸਤ 2021 (ਐਤਵਾਰ) ਦੁਪਹਿਰ 2 ਵਜੇ ਇਸੇ ਥਾਂ ਤੇ ਹੀ ਸੁਸਾਇਟੀ ਦੀ ਮੀਟਿੰਗ ਹੋਵੇਗੀ ਜਿਸ ਵਿਚ ਸੁਸਾਇਟੀ ਦੇ ਸਾਰੇ ਮੈਂਬਰ ਅਤੇ ਨਵੀਂ ਮੈਂਬਰਸ਼ਿਪ ਲੈਣ ਦੇ ਚਾਹਵਾਨ ਮੈਂਬਰਸ਼ਿੱਪ ਫਾਰਮ ਭਰ ਸਕਣਗੇ। ਇਸ ਮੀਟਿੰਗ ਵਿਚ ਸਲਾਨਾ ਰਿਪੋਰਟ ਪੇਸ਼ ਕੀਤੀ ਜਾਵੇਗੀ ਅਤੇ ਹੋਰ ਵਿਚਾਰਾਂ ਵੀ ਹੋਣਗੀਆਂ।