ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਇਸ ਹਫਤੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਸਕਾਟਲੈਂਡ ਦੌਰੇ ਦੌਰਾਨ ਉਹਨਾਂ ਦਾ ਇੱਕ ਸਟਾਫ ਮੈਂਬਰ ਕੋਰੋਨਾ ਪਾਜੇਟਿਵ ਹੋਣ ਦੇ ਬਾਅਦ ਇਕਾਂਤਵਾਸ ਹੋ ਰਿਹਾ ਹੈ। ਪਰ ਪ੍ਰਧਾਨ ਮੰਤਰੀ ਇਸ ਵਾਰ ਇਕਾਂਤਵਾਸ ਹੋਣ ਤੋਂ ਬਚ ਗਏ ਹਨ, ਕਿਉਂਕਿ ਉਹ ਟੈਸਟ ਐਂਡ ਟਰੇਸ ਦੁਆਰਾ ਇਕਾਂਤਵਾਸ ਲਈ ਸੂਚਿਤ ਨਹੀਂ ਕੀਤੇ ਗਏ ਹਨ। ਡਾਉਨਿੰਗ ਸਟ੍ਰੀਟ ਅਨੁਸਾਰ ਪ੍ਰਧਾਨ ਮੰਤਰੀ ਨੂੰ ਇਕਾਂਤਵਾਸ ਲਈ ਨਹੀਂ ਕਿਹਾ ਗਿਆ ਹੈ ਕਿਉਂਕਿ ਉਹ ਪੀੜਤ ਵਿਅਕਤੀ ਦੇ ਨੇੜਲੇ ਸੰਪਰਕ ਵਿੱਚ ਨਹੀਂ ਆਏ ਸਨ। ਜੌਹਨਸਨ ਅਤੇ ਸਿਵਲ ਕਰਮਚਾਰੀ ਨੇ ਕੁੱਝ ਸਮਾਂ ਗਲਾਸਗੋ ਵਿੱਚ ਇੱਕੋ ਕਮਰੇ ਵਿੱਚ ਇਕੱਠੇ ਬਿਤਾਇਆ ਅਤੇ ਫਿਰ ਇੱਕ ਹੀ ਹਵਾਈ ਜਹਾਜ਼ ਵਿੱਚ ਏਬਰਡੀਨ ਲਈ ਉਡਾਣ ਭਰੀ। ਪਰ ਇਹ ਮੰਨਿਆ ਜਾਂਦਾ ਹੈ ਕਿ ਉਹ ਜਹਾਜ਼ ਵਿੱਚ ਇੱਕ ਦੂਜੇ ਦੇ ਨੇੜੇ ਨਹੀਂ ਬੈਠੇ ਅਤੇ ਨਾ ਹੀ ਜਿਆਦਾਤਰ ਸਮਾਂ ਇੱਕ ਦੂਜੇ ਦੇ ਨੇੜੇ ਬਿਤਾਇਆ। ਜਿਸ ਕਰਕੇ ਜੌਹਨਸਨ ਦੀ ਪਛਾਣ ਐਨ ਐਚ ਐਸ ਟੈਸਟ ਅਤੇ ਟਰੇਸ ਦੁਆਰਾ ਸੰਕਰਮਿਤ ਵਿਅਕਤੀ ਦੇ ਨੇੜਲੇ ਸੰਪਰਕ ਵਜੋਂ ਨਹੀਂ ਕੀਤੀ ਗਈ ਹੈ। ਇਹ ਸਟਾਫ ਮੈਂਬਰ ਦੌਰੇ ਦੌਰਾਨ ਇਕਾਂਤਵਾਸ ਲਈ ਹੋਰ ਨੇੜਲੇ ਸੰਪਰਕਾਂ ਨਾਲ ਇਕਾਂਤਵਾਸ ਹੋਣ ਲਈ ਸਕਾਟਲੈਂਡ ਵਿੱਚ ਹੀ ਰਿਹਾ ਜਦਕਿ ਜੌਹਨਸਨ ਲੰਡਨ ਪਰਤੇ ਸਨ। ਇਹ ਮੰਨਿਆ ਜਾਂਦਾ ਹੈ ਕਿ ਪੀੜਤ ਵਿਅਕਤੀ ਐਡਵਾਂਸ ਟੀਮ ਦਾ ਮੈਂਬਰ ਸੀ ਜੋ ਦੋ ਦਿਨਾਂ ਯਾਤਰਾ ਦੀ ਤਿਆਰੀ ਲਈ ਪ੍ਰਧਾਨ ਮੰਤਰੀ ਤੋਂ ਪਹਿਲਾਂ ਸਕਾਟਲੈਂਡ ਗਿਆ ਸੀ, ਅਤੇ ਉਸਨੇ ਜੌਹਨਸਨ ਦੇ ਨਾਲ ਲੰਡਨ ਤੋਂ ਉਡਾਣ ਨਹੀਂ ਭਰੀ ਸੀ। ਇਸ ਤੋਂ ਪਹਿਲਾਂ ਬੋਰਿਸ ਪਿਛਲੇ ਸਾਲ ਮਾਰਚ ਵਿੱਚ ਖੁਦ ਕੋਵਿਡ ਪੀੜਤ ਰਹਿ ਚੁੱਕੇ ਹਨ ਅਤੇ ਪਿਛਲੇ ਮਹੀਨੇ ਵੀ ਸਿਹਤ ਸਕੱਤਰ ਸਾਜਿਦ ਜਾਵਿਦ ਦੇ ਕੋਰੋਨਾ ਪਾਜੇਟਿਵ ਹੋਣ ਕਰਕੇ ਨੇੜਲੇ ਸੰਪਰਕ ਵਜੋਂ ਇਕਾਂਤਵਾਸ ਹੋ ਚੁੱਕੇ ਹਨ।
ਸਕਾਟਲੈਂਡ ਦੌਰੇ ਮੌਕੇ ਸਟਾਫ ਮੈਂਬਰ ਦੇ ਕੋਰੋਨਾ ਪੀੜਤ ਹੋਣ ਉਪਰੰਤ ਇਕਾਂਤਵਾਸ ਨਹੀਂ ਹੋਣਗੇ ਬੋਰਿਸ ਜੌਹਨਸਨ
This entry was posted in ਅੰਤਰਰਾਸ਼ਟਰੀ.