ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਆਦਿ ਦੇ ਧਾਰਮਿਕ ਸਥਾਂਨ ਉਤੇ ਮੰਦਭਾਵਨਾ ਅਧੀਨ ਜਾਂ ਨਫ਼ਰਤ ਦੀ ਸੋਚ ਨਾਲ ਹੋਣ ਵਾਲੇ ਅਜਿਹੇ ਹਮਲਿਆ ਦੇ ਸਖ਼ਤ ਵਿਰੁੱਧ ਹੈ । ਕਿਉਂਕਿ ਇਨ੍ਹਾਂ ਸਭ ਧਾਰਮਿਕ ਸਥਾਨਾਂ ਨਾਲ ਸੰਬੰਧਤ ਕੌਮਾਂ, ਧਰਮਾਂ ਦੇ ਕਰੋੜਾਂ ਨਿਵਾਸੀਆ ਦੀਆਂ ਭਾਵਨਾਵਾਂ ਜੁੜੀਆ ਹੁੰਦੀਆ ਹਨ ਅਤੇ ਉਨ੍ਹਾਂ ਦੀ ਇਨ੍ਹਾਂ ਸਥਾਨਾਂ ਵਿਚ ਬਹੁਤ ਵੱਡੀ ਸਰਧਾ ਅਤੇ ਆਸਥਾ ਹੁੰਦੀ ਹੈ । ਜੋ ਪਾਕਿਸਤਾਨ ਦੇ ਰਹੀਮ ਯਾਰ ਖਾਂ (ਪੰਜਾਬ) ਦੇ ਗਨੇਸਾ ਮੰਦਰ ਉਤੇ ਹਮਲਾ ਹੋਇਆ ਹੈ, ਉਸਦੀ ਅਸੀਂ ਇਨਸਾਨੀਅਤ ਅਤੇ ਮਨੁੱਖਤਾ ਦੇ ਬਿਨ੍ਹਾਂ ਤੇ ਅਤੇ ਕੌਮਾਂਤਰੀ ਅਮਨ-ਚੈਨ ਦੇ ਬਿਨ੍ਹਾਂ ਤੇ ਜਿਥੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ, ਉਥੇ ਅਜਿਹੇ ਹਮਲੇ ਹੋਣ ਲਈ ਅਸੀਂ ਇੰਡੀਆ ਦੇ ਮੁਤੱਸਵੀ ਹੁਕਮਰਾਨਾਂ ਵੱਲੋਂ 1984 ਤੋਂ ਸੁਰੂ ਕੀਤੀ ਗਈ ਇਹ ਸਮਾਜ ਵਿਰੋਧੀ ਰੀਤ ਲਈ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੂੰ ਹੀ ਦੋਸ਼ੀ ਅਤੇ ਜ਼ਿੰਮੇਵਾਰ ਠਹਿਰਾਉਦੇ ਹਾਂ । ਕਿਉਂਕਿ ਇਨ੍ਹਾਂ ਨੇ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਉਤੇ ਮੰਦਭਾਵਨਾ ਅਧੀਨ ਹੀ ਫ਼ੌਜੀ ਹਮਲਾ ਨਹੀਂ ਕੀਤਾ, ਬਲਕਿ ਸਾਡੇ ਹੋਰ 36 ਇਤਿਹਾਸਿਕ ਗੁਰੂਘਰਾਂ ਨੂੰ ਵੀ ਇਸੇ ਸੋਚ ਅਧੀਨ ਨਿਸ਼ਾਨਾਂ ਬਣਾਇਆ ਸੀ । ਫਿਰ 1992 ਵਿਚ ਮੁਸਲਿਮ ਕੌਮ ਦੀ ਅਯੁੱਧਿਆ ਵਿਖੇ ਸਥਿਤ ਸ੍ਰੀ ਬਾਬਰੀ ਮਸਜਿਦ ਨੂੰ ਇਕ ਡੂੰਘੀ ਸਾਜਿਸ ਤਹਿਤ ਸਮੁੱਚੀਆਂ ਹਿੰਦੂ ਜਮਾਤਾਂ ਨੇ ਇਕੱਠੇ ਹੋ ਕੇ ਸ਼ਰੇਆਮ ਦਿਨ-ਦਿਹਾੜੇ ਗੈਤੀਆ, ਹਥੌੜੀਆ ਅਤੇ ਹੋਰ ਔਜਾਰਾਂ ਨਾਲ ਲੱਖਾਂ ਦੀ ਗਿਣਤੀ ਵਿਚ ਧਾਵਾ ਬੋਲਕੇ ਢਹਿ-ਢੇਰੀ ਕਰ ਦਿੱਤਾ ਸੀ । ਇਸ ਸੰਬੰਧੀ ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਰੰਜਨ ਗੰਗੋਈ ਨੇ ਸਭ ਦਲੀਲਾਂ, ਅਪੀਲਾਂ ਅਤੇ ਸੱਚ ਨੂੰ ਨਜਰ ਅੰਦਾਜ ਕਰਕੇ ਮੰਦਰ ਦੇ ਹੱਕ ਵਿਚ ਫੈਸਲਾ ਸੁਣਾਇਆ, ਜਿਸਦੇ ਇਵਜਾਨੇ ਵੱਜੋ ਹੁਕਮਰਾਨਾਂ ਕੋਲੋ ਰਾਜ ਸਭਾ ਦੀ ਮੈਬਰੀ ਪ੍ਰਾਪਤ ਕੀਤੀ । ਇਸੇ ਤਰ੍ਹਾਂ ਇਨ੍ਹਾਂ ਨੇ ਦੱਖਣੀ ਸੂਬਿਆਂ ਦੇ ਇਸਾਈ ਚਰਚਾਂ ਅਤੇ ਨਨਜ਼ਾ ਉਤੇ ਹਮਲੇ ਕੀਤੇ ਸਨ । ਇਥੋਂ ਤੱਕ ਇਸਾਈ ਕੌਮ ਦੇ ਇਨਸਾਨੀਅਤ ਸੋਚ ਵਾਲੇ ਆਸਟ੍ਰੇਲੀਅਨ ਪ੍ਰਚਾਰਕ ਸ੍ਰੀ ਗ੍ਰਾਹਮ ਸਟੇਨਜ਼ ਅਤੇ ਉਸਦੇ ਦੋ ਮਾਸੂਮ ਬੱਚਿਆਂ ਨੂੰ ਵੀ ਬੇਰਹਿੰਮੀ ਨਾਲ ਇਕ ਗੱਡੀ ਉਤੇ ਪੈਟਰੋਲ ਛਿੜਕੇ ਮਾਰ ਦਿੱਤਾ ਸੀ। ਜਿਸ ਤੋਂ ਪ੍ਰਤੱਖ ਹੁੰਦਾ ਹੈ ਕਿ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਅਸਥਾਨਾਂ ਉਤੇ ਹਮਲੇ ਕਰਨ ਦੀ ਸਮਾਜ ਵਿਰੋਧੀ ਰੀਤ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਅਤੇ ਜਮਾਤਾਂ ਨੇ ਹੀ ਸੁਰੂ ਕੀਤੀ ਹੈ । ਜਿਸਦੇ ਮਾੜੇ ਨਤੀਜੇ ਅੱਜ ਸਾਹਮਣੇ ਆ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੱਖ-ਵੱਖ ਕੌਮਾਂ, ਧਰਮਾਂ ਨਾਲ ਸੰਬੰਧਤ ਧਾਰਮਿਕ ਸਥਾਨਾਂ ਉਤੇ ਹੋਣ ਵਾਲੇ ਹਿੰਦੂਤਵ ਹਮਲਿਆ ਨੂੰ ਬੀਤੇ ਕੱਲ੍ਹ ਪਾਕਿਸਤਾਨ ਦੇ ਗਨੇਸਾ ਮੰਦਰ ਉਤੇ ਹੋਏ ਹਮਲੇ ਲਈ ਦੋਸ਼ੀ ਤੇ ਜ਼ਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਹਿੰਦੂਤਵ ਹੁਕਮਰਾਨ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਕੌਮਾਂਤਰੀ ਪੱਧਰ ਤੇ ਸੰਦੇਸ਼ ਦੇਣ ਵਾਲੇ ਸਿੱਖ ਕੌਮ ਦੇ ਗੁਰੂਘਰਾਂ ਉਤੇ ਨਿਰੰਤਰ ਹਮਲੇ ਕਰਦੇ ਆ ਰਹੇ ਹਨ । ਜਿਨ੍ਹਾਂ ਵਿਚ ਹਰਿਦੁਆਰ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਗੁਰਦੁਆਰਾ ਗਿਆਨੀ ਗੋਦੜੀ ਜ਼ਬਰੀ ਢਾਹਿਆ ਗਿਆ । ਫਿਰ ਉੜੀਸਾ ਵਿਚ ਜਗਨਨਾਥਪੁਰੀ (ਮੰਗੂ ਮੱਠ) ਗੁਰੂਘਰ ਨੂੰ ਵੀ ਇਸੇ ਮੰਦਭਾਵਨਾ ਅਧੀਨ ਢਾਹਿਆ ਗਿਆ । ਫਿਰ ਸਿੱਕਮ ਵਿਚ ਗੁਰਦੁਆਰਾ ਡਾਂਗਮਾਰ ਨੂੰ ਤਹਿਸ-ਨਹਿਸ ਕਰਨਾ ਵੀ ਇਨ੍ਹਾਂ ਦੀ ਉਪਰੋਕਤ ਸਾਜਿਸ ਦਾ ਹੀ ਹਿੱਸਾ ਹੈ । ਇਸੇ ਤਰ੍ਹਾਂ ਦਿੱਲੀ ਦੇ ਤੁਗਲਕਾਬਾਦ ਵਿਖੇ ਭਗਤ ਰਵੀਦਾਸ ਨਾਲ ਸੰਬੰਧਤ ਮੰਦਰ ਨੂੰ ਵੀ ਨਿਸ਼ਾਨਾਂ ਬਣਾਇਆ ਗਿਆ । ਫਿਰ ਬਾਰਾਮੁਲਾ ਕਸ਼ਮੀਰ ਜੀ.ਟੀ. ਰੋਡ ਤੇ ਸਥਿਤ ਗੁਰੂਘਰ ਨੂੰ ਵੀ ਇਨ੍ਹਾਂ ਨੇ ਢਹਿ-ਢੇਰੀ ਕੀਤਾ । 2001 ਵਿਚ ਅਫ਼ਗਾਨੀਸਤਾਨ ਦੇ ਬਾਮੀਆ ਵੈਲੀ ਵਿਖੇ ਬੁੱਧ ਦੀਆਂ ਮੂਰਤੀਆ ਨੂੰ ਉਥੋਂ ਦੇ ਤਾਲਿਬਾਨਾਂ ਵੱਲੋਂ ਤੋੜ ਦਿੱਤਾ ਸੀ, ਕਿਉਂਕਿ ਉਨ੍ਹਾਂ ਪਿੱਛੇ ਵੀ ਹਿੰਦੂਤਵ ਕੱਟੜਵਾਦੀ ਜਮਾਤ ਆਰ.ਐਸ.ਐਸ. ਹੀ ਕੰਮ ਕਰਦੀ ਹੈ । ਫਿਰ ਤਾਲਿਬਾਨਾਂ ਅਤੇ ਇਨ੍ਹਾਂ ਮਸਜਿਦਾਂ, ਚਰਚਾਂ, ਗੁਰੂਘਰਾਂ ਉਤੇ ਹਮਲਾ ਕਰਨ ਵਾਲੀਆ ਹਿੰਦੂਤਵ ਜਮਾਤਾਂ ਵਿਚ ਕੀ ਫ਼ਰਕ ਰਹਿ ਗਿਆ ਹੈ ?
ਉਨ੍ਹਾਂ ਕਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਕੋਟਕਪੂਰਾ ਅਤੇ ਹੋਰ ਕਈ ਸਥਾਨਾਂ ਉਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਜ਼ਸੀ ਢੰਗ ਨਾਲ ਅਪਮਾਨਿਤ ਕਾਰਵਾਈ ਹੋਇਆ ਨੂੰ 6 ਸਾਲ ਦਾ ਸਮਾਂ ਹੋ ਚੁੱਕਿਆ ਹੈ । ਬਰਗਾੜੀ ਵਿਖੇ ਇਨਸਾਫ਼ ਪ੍ਰਾਪਤੀ ਲਈ ਅਮਨਮਈ ਢੰਗ ਨਾਲ ਰੋਸ਼ ਕਰ ਰਹੇ ਸਿੱਖਾਂ ਉਤੇ ਹਮਲਾ ਕਰਕੇ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ ਅਤੇ ਅਨੇਕਾ ਨੂੰ ਜ਼ਖਮੀ ਕਰ ਦਿੱਤਾ ਗਿਆ । ਪਰ ਅਜੇ ਤੱਕ ਇਕ ਵੀ ਦੋਸ਼ੀ ਨੂੰ ਨਾ ਤਾਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਕਾਨੂੰਨ ਅਨੁਸਾਰ ਕੋਈ ਸਜਾਵਾਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ । ਬਲਕਿ ਜਿਨ੍ਹਾਂ ਪੁਲਿਸ ਅਧਿਕਾਰੀਆ ਨੇ ਗੈਰ ਵਿਧਾਨਿਕ ਢੰਗ ਨਾਲ ਗੋਲੀ ਚਲਾਕੇ ਸਿੱਖਾਂ ਨੂੰ ਸ਼ਹੀਦ ਕੀਤਾ, ਉਨ੍ਹਾਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਅਤੇ ਉਸਦੇ ਜੱਜ, ਸਭ ਤੱਥਾਂ, ਸਬੂਤਾਂ ਨੂੰ ਨਜ਼ਰ ਅੰਦਾਜ ਕਰਕੇ ਜਮਾਨਤਾਂ ਵੀ ਦੇ ਰਹੇ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਉਤੇ ਰੋਕਾਂ ਲਗਾਉਦੇ ਹੋਏ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਪਹਿਲੇ 7 ਦਿਨ ਦਾ ਨੋਟਿਸ ਦੇਣ ਦੇ ਵੀ ਹੁਕਮ ਕਰ ਰਹੇ ਹਨ । ਜੋ ਕਾਨੂੰਨ, ਇਨਸਾਫ਼ ਦਾ ਜਨਾਜਾ ਕੱਢਣ ਦੇ ਤੁੱਲ ਅਮਲ ਹਨ । 05 ਅਗਸਤ 2019 ਨੂੰ ਇਨ੍ਹਾਂ ਕੱਟੜਵਾਦੀ ਹੁਕਮਰਾਨਾਂ ਨੇ ਕਸ਼ਮੀਰੀਆਂ ਨੂੰ ਖੁਦਮੁਖਤਿਆਰੀ ਪ੍ਰਦਾਨ ਕਰਦੀ ਆਰਟੀਕਲ 370, ਧਾਰਾ 35ਏ ਨੂੰ ਤਾਨਾਸ਼ਾਹੀ ਸੋਚ ਅਧੀਨ ਰੱਦ ਕਰਕੇ ਉਨ੍ਹਾਂ ਦੀ ਖੁਦਮੁਖਤਿਆਰੀ ਦੀ ਆਜ਼ਾਦੀ ਨੂੰ ਖਤਮ ਕਰ ਦਿੱਤਾ ਹੈ । ਜੰਮੂ-ਕਸ਼ਮੀਰ ਵਿਚ ਅਫਸਪਾ ਅਤੇ ਯੂ.ਏ.ਪੀ.ਏ ਵਰਗੇ ਕਾਲੇ ਕਾਨੂੰਨ ਲਾਗੂ ਕਰਕੇ ਕਸ਼ਮੀਰੀਆਂ, ਸਿੱਖਾਂ ਨੂੰ ਦਬਾਉਣ ਦੀ ਅਸਫਲ ਕੋਸ਼ਿਸ਼ ਹੋ ਰਹੀ ਹੈ । ਲੰਮੇ ਸਮੇਂ ਤੋਂ ਹੁਕਮਰਾਨਾਂ ਦੇ ਸਾਡੇ ਉਤੇ ਜ਼ਬਰ-ਜੁਲਮ ਨਿਰੰਤਰ ਜਾਰੀ ਹਨ । ਬੀਤੇ ਸਮੇਂ ਦੇ ਪੰਜਾਬ ਦੇ ਕਤਲੇਆਮ ਦੇ ਦੁਖਾਂਤ, ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਦੇ ਦੁਖਾਂਤ ਨੂੰ ਸਿੱਖ ਕੌਮ ਕਤਈ ਵੀ ਨਹੀਂ ਭੁੱਲ ਸਕਦੀ । ਜਦੋਂ ਹਿੰਦੂ ਕੌਮ ਆਪਣੇ ਸੋਮਨਾਥ ਦੇ ਮੰਦਰ ਉਤੇ ਹੋਏ ਹਮਲਿਆ ਨਹੀਂ ਭੁੱਲੀ ਤਾਂ ਸਿੱਖ ਕੌਮ ਆਪਣੇ ਉਤੇ ਹੋਏ ਜ਼ਬਰ ਨੂੰ ਕਿਵੇ ਭੁੱਲ ਸਕਦੀ ਹੈ । ਉਨ੍ਹਾਂ ਹਿੰਦੂਤਵ ਹੁਕਮਰਾਨਾਂ ਵੱਲੋਂ ਇੰਡੀਆ ਵਿਚ ਸਥਿਤ ਪਾਕਿਸਤਾਨ ਦੇ ਸਫ਼ੀਰ ਨੂੰ ਮੰਦਰ ਉਤੇ ਹੋਏ ਹਮਲੇ ਸੰਬੰਧੀ ਬੁਲਾਉਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਕਿਹਾ ਕਿ ਜਦੋਂ ਸਭ ਹਿੰਦੂ ਕੱਟੜਵਾਦੀ ਸੰਗਠਨਾਂ ਤੇ ਹੁਕਮਰਾਨਾਂ ਨੇ ਬਾਬਰੀ ਮਸਜਿਦ ਉਤੇ ਹਮਲਾ ਕੀਤਾ ਸੀ ਅਤੇ ਢਹਿ-ਢੇਰੀ ਕੀਤਾ ਸੀ, ਕੀ ਉਸ ਸਮੇਂ ਪਾਕਿਸਤਾਨ ਨੇ ਇੰਡੀਅਨ ਅੰਬੈਸੀ ਜਾਂ ਇੰਡੀਅਨ ਅੰਬੈਸਡਰ ਨੂੰ ਬੁਲਾਇਆ ਸੀ ?
ਸ. ਮਾਨ ਨੇ ਸਮੁੱਚੇ ਕੌਮਾਂ, ਧਰਮਾਂ ਅਤੇ ਇਨਸਾਫ਼ ਪਸ਼ੰਦ ਸਖਸ਼ੀਅਤਾਂ ਅਤੇ ਸਮੁੱਚੇ ਖ਼ਾਲਸਾ ਪੰਥ ਨਾਲ ਸੰਬੰਧਤ ਜਥੇਬੰਦੀਆਂ ਨੂੰ ਸੰਜ਼ੀਦਾ ਅਪੀਲ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੇ ਜ਼ਬਰ-ਜੁਲਮ ਅਤੇ ਇਨਸਾਫ਼ ਪ੍ਰਾਪਤੀ ਲਈ ਜੂਝ ਰਿਹਾ ਹੈ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਉਤੇ ਨਿਰੰਤਰ ਪਹਿਰਾ ਦਿੰਦਾ ਆ ਰਿਹਾ ਹੈ । ਇਸੇ ਸੋਚ ਨੂੰ ਲੈਕੇ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਅਤੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ 01 ਜੁਲਾਈ ਤੋਂ ਬਰਗਾੜੀ ਵਿਖੇ ਮੋਰਚਾ ਸੁਰੂ ਕੀਤਾ ਹੋਇਆ ਹੈ । ਅਗਲੀਆ ਵਿਚਾਰਾਂ ਕਰਨ ਲਈ 08 ਅਗਸਤ ਨੂੰ ਬਰਗਾੜੀ ਵਿਖੇ ਇਕੱਠ ਰੱਖਿਆ ਗਿਆ ਹੈ, ਉਸ ਵਿਚ ਸਭ ਵਰਗ ਸੱਚ-ਇਨਸਾਫ਼ ਦਾ ਬੋਲਬਾਲਾ ਕਰਨ ਹਿੱਤ ਹੁੰਮਹੁੰਮਾਕੇ ਇਸ ਇਨਸਾਨੀਅਤ ਪੱਖੀ ਇਕੱਠ ਵਿਚ ਸਮੂਲੀਅਤ ਕਰਨ ।