ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਮੁਲਾਕਾਤ ਦੌਰਾਨ ਵਿਸਕਾਨਸਨ ਸਟੇਟ ਯੂਨੀਵਰਸਿਟੀ ਦੇ ਅੰਤਰ ਰਾਸ਼ਟਰੀ ਪ੍ਰੋਗਰਾਮ ਦੀ ਐਸੋਸੀਏਟ ਡਾਇਰੈਕਟਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਪਹਿਲਾਂ ਨਾਲੋਂ ਵੀ ਵਧੇਰੇ ਮਜ਼ਬੂਤ ਰਿਸ਼ਤੇ ਉਸਾਰਨੇ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਵਿਸ਼ਵ ਖੋਜ ਭਾਈਚਾਰੇ ਵਿੱਚ ਬਹੁਤ ਉੱਚੀ ਥਾਂ ਹਾਸਿਲ ਹੈ। ਉਨ੍ਹਾਂ ਆਖਿਆ ਕਿ ਵਿਸਕਾਨਸਨ ਸਟੇਟ ਯੂਨੀਵਰਸਿਟੀ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਦੁਵੱਲਾ ਮਿਲਾਪ ਦੋਹਾਂ ਦੇਸ਼ਾਂ ਦੇ ਖੇਤੀ ਵਿਕਾਸ ਲਈ ਲਾਹੇਵੰਦ ਰਹੇਗਾ।
ਵਿਨਕਾਨਸਨ ਸਟੇਟ ਯੂਨੀਵਰਸਿਟੀ ਦੇ ਅੰਤਰ ਰਾਸ਼ਟਰੀ ਪ੍ਰੋਗਰਾਮਾਂ ਦੇ ਐਸੋਸੀਏਟ ਡਾਇਰੈਕਟਰ ਡਾ: ਸ਼੍ਰੀਮਤੀ ਲੌਰਾ ਵੈਨ ਟੋਲ ਨੇ ਦੱਸਿਆ ਕਿ ਉਸ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਅਕਾਦਮਿਕ ਅਤੇ ਖੋਜ ਦੇ ਪ੍ਰੋਗਰਾਮ ਹਨ ਜਿਸ ਦਾ ਭਾਰਤੀ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਨਾਲ ਸਾਂਝ ਦੀ ਸੁਰੂਆਤ ਪ੍ਰੋਗਰਾਮ ਅਧੀਨ ਅੰਤਰ ਰਾਸ਼ਟਰੀ ਵਿਕਾਸ ਦੀਆਂ ਕਾਫੀ ਸੰਭਾਵਨਾਵਾਂ ਹਨ ਜਿਨ੍ਹਾਂ ਨੂੰ ਇਸ ਸਮਝੌਤੇ ਅਧੀਨ ਲਾਗੂ ਕੀਤਾ ਜਾ ਸਕਦਾ ਹੈ। ਡਾ: ਵੈਨ ਟੋਲ ਨੇ ਕਿਹਾ ਕਿ ਖੋਜ, ਪਸਾਰ ਅਤੇ ਸਿੱਖਿਆ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜ ਸਚਮੁੱਚ ਮਹੱਤਵਪੂਰਨ ਹਨ। ਡਾ: ਟੋਲ ਨੇ ਕਿਹਾ ਕਿ ਪੀ ਏ ਯੂ ਦੀ ਖੇਤੀ ਖੋਜ ਨੂੰ ਦੇਣ ਬਾਰੇ ਵਿਸ਼ਵ ਪੱਧਰ ਤੇ ਪਹਿਚਾਣ ਹੈ ਅਤੇ ਅੱਜ ਇਸ ਯੂਨੀਵਰਸਿਟੀ ਵਿੱਚ ਆ ਕੇ ਬੇਹੱਦ ਤਸੱਲੀ ਅਤੇ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਸਾਡੇ ਸਾਂਝ ਦੇ ਪ੍ਰੋਗਰਾਮ ਦਾ ਵਿਸਕਾਨਸਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਵਧੇਰੇ ਫਾਇਦਾ ਹੋਵੇਗਾ। ਵਫਦ ਦੇ ਦੂਜੇ ਮੈਂਬਰ ਡਾ: ਸਿਰੀਨਿਵਾਸਨ ਦਮੋਦਰਨ ਨੇ ਵੀ ਇਸ ਮੌਕੇ ਦੁਵੱਲੇ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਭੋਜਨ ਤਕਨਾਲੋਜੀ ਦਾ ਵਿਸ਼ਾ ਵਿਸ਼ਵ ਪ੍ਰਸਿੱਧੀ ਅਤੇ ਮਹੱਤਤਾ ਵਾਲਾ ਵਿਸ਼ਾ ਹੈ ਜਿਸ ਨੂੰ ਵਿਦਿਅਕ ਅਤੇ ਖੋਜ ਪ੍ਰੋਗਰਾਮਾਂ ਵਿੱਚ ਵੱਖ ਵੱਖ ਪਹਿਲੂਆਂ ਤੇ ਵਿਚਾਰਿਆ ਜਾਣਾ ਚਾਹੀਦਾ ਹੈ।
ਇਸ ਮੌਕੇ ਬੋਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ:ਮਨਜੀਤ ਸਿੰਘ ਕੰਗ ਨੇ ਵਫਦ ਨੂੰ ਦੱਸਿਆ ਕਿ ਸਾਡੀ ਯੂਨੀਵਰਸਿਟੀ ਦੇ ਵਿਸ਼ਵ ਦੀਆਂ ਪ੍ਰਮੁਖ ਯੂਨੀਵਰਸਿਟੀਆਂ ਨਾਲ ਪਹਿਲਾਂ ਹੀ ਚਲ ਰਹੇ ਵਿਦਿਅਕ ਸਾਂਝ ਦੇ ਪ੍ਰੋਗਰਾਮ ਬਹੁਤ ਸਫਲਤਾ ਨਾਲ ਚੱਲ ਰਹੇ ਹਨ। ਡਾ: ਕੰਗ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਵਿਦਿਅਕ ਅਤੇ ਖੋਜ ਗੁਣਵਤਾ ਦੇ ਵਾਧੇ ਲਈ ਯੂਨੀਵਰਸਿਟੀ ਵੱਲੋਂ ਅਜਿਹੇ ਸਾਂਝ ਦੇ ਪ੍ਰੋਗਰਾਮ ਉਲੀਕਣਾ ਭਵਿੱਖ ਦੀਆਂ ਮੁੱਖ ਯੋਜਨਾਵਾਂ ਵਿੱਚ ਸ਼ਾਮਿਲ ਹਨ। ਉਨ੍ਹਾਂ ਆਖਿਆ ਕਿ ਵਿਸਕਾਨਸਨ ਸਟੇਟ ਯੂਨੀਵਰਸਿਟੀ ਖੋਜ ਅਤੇ ਪੜ੍ਹਾਈ ਪੱਖੋਂ ਦੁਨੀਆਂ ਦੀਆਂ ਪਹਿਲੇ ਦਰਜੇ ਦੀਆਂ ਯੂਨੀਵਰਸਿਟੀਆਂ ਵਿੱਚੋਂ ਹੈ, ਇਸ ਲਈ ਸਾਡੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਸ ਸਾਂਝ ਦਾ ਲਾਭ ਮਿਲਣਾ ਸੁਭਾਵਿਕ ਹੈ।
ਖੇਤੀ ਕਾਲਜ ਦੇ ਡੀਨ ਡਾ: ਯਾਦਵਿੰਦਰ ਸਿੰਘ, ਡਾ: ਜਸਵਿੰਦਰ ਕੌਰ ਸੰਘਾ, ਭੋਜਨ ਤਕਨਾਲੋਜੀ ਵਿਭਾਗ ਦੇ ਮੁਖੀ ਡਾ: ਕੇ ਐਸ ਮਿਨਹਾਸ, ਰਜਿਸਟਰਾਰ ਡਾ: ਰਾਜ ਕੁਮਾਰ ਮਹੇ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ ਸੈਂ੍ਯਭੀ, ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਅਤੇ ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ ਪਰਿਤਪਾਲ ਸਿੰਘ ਲੁਬਾਣਾ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਰਜਿੰਦਰ ਸਿੰਘ ਸਿੱਧੂ ਨੇ ਆਪੋ ਆਪਣੇ ਅਧਿਕਾਰ ਖੇਤਰ ਵਿੱਚ ਪੜਾਏ ਜਾਂਦੇ ਪਾਠਕ੍ਰਮ ਅਤੇ ਭਵਿੱਖਮੁਖੀ ਯੋਜਨਾਵਾਂ ਬਾਰੇ ਵਿਸਕਾਨਸਨ ਸਟੇਟ ਯੂਨੀਵਰਸਿਟੀ ਦੇ ਮਾਹਿਰਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਡਾ: ਪ੍ਰਦੀਪ ਕੁਮਾਰ ਖੰਨਾ ਕੋਆਰਡੀਨੇਟਰ ਖੋਜ ਕਾਲਜ ਆਫ ਬੇਸਿਕ ਸਾਇੰਸਜ਼, ਡਾ: ਹਰਜੀਤ ਸਿੰਘ ਧਾਲੀਵਾਲ ਅਪਰ ਨਿਰਦੇਸ਼ਕ ਪਸਾਰ ਸਿੱਖਿਆ, ਡਾ: ਚਰਨਜੀਤ ਸਿੰਘ ਪਨੂੰ ਕੋਆਰਡੀਨੇਟਰ ਖੋਜ ਖੇਤੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਅਤੇ ਡਿਪਟੀ ਡਾਇਰੈਕਟਰ ਲੋਕ ਸੰਪਰਕ ਡਾ: ਨਿਰਮਲ ਜੌੜਾ ਵੀ ਹਾਜ਼ਰ ਸਨ।
ਦੁਵੱਲਾ ਸਹਿਯੋਗ ਭਾਰਤ-ਅਮਰੀਕਾ ਖੇਤੀ ਲਈ ਲਾਹੇਵੰਦ-ਡਾ: ਲਾਓਰਾ ਵੈਨ ਟੋਲ
This entry was posted in ਪੰਜਾਬ, ਮੁਖੱ ਖ਼ਬਰਾਂ.