ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ‘ਤੇ ਕਾਬੂ ਪਾਉਣ ਅਤੇ ਨਾਗਰਿਕਾਂ ਨੂੰ ਵਾਧੂ ਸੁਰੱਖਿਆ ਦੇਣ ਦੇ ਮੰਤਵ ਨਾਲ ਫਾਈਜ਼ਰ-ਬਾਇਓਨਟੈਕ ਟੀਕੇ ਦੀਆਂ 35 ਮਿਲੀਅਨ ਹੋਰ ਖੁਰਾਕਾਂ ਦਾ ਆਦੇਸ਼ ਦਿੱਤਾ ਹੈ, ਜੋ ਕਿ 2022 ਦੇ ਦੂਜੇ ਅੱਧ ਵਿੱਚ ਪ੍ਰਾਪਤ ਹੋਣਗੀਆਂ। ਯੂਕੇ ਸਰਕਾਰ ਦੁਆਰਾ ਇਸ ਸਾਲ ਸਭ ਤੋਂ ਕਮਜ਼ੋਰ ਲੋਕਾਂ ਦੀ ਰੱਖਿਆ ਲਈ ਕੋਵਿਡ ਬੂਸਟਰ ਖੁਰਾਕ ਦੇ ਪ੍ਰੋਗਰਾਮ ਦੀ ਤਿਆਰੀ ਕੀਤੀ ਜਾ ਰਹੀ ਹੈ। ਇੰਨੇ ਵੱਡੇ ਪੱਧਰ ‘ਤੇ ਵੈਕਸੀਨ ਦੀਆਂ ਖੁਰਾਕਾਂ ਦਾ ਆਰਡਰ ਦੇਣ ਨਾਲ ਯੂਕੇ ਨੇ ਹੁਣ ਤੱਕ ਅੱਠ ਵੱਖ -ਵੱਖ ਕੋਵਿਡ ਟੀਕਿਆਂ ਦੀਆਂ 540 ਮਿਲੀਅਨ ਤੋਂ ਵੱਧ ਖੁਰਾਕਾਂ ਦਾ ਆਦੇਸ਼ ਦਿੱਤਾ ਹੈ। ਇਹਨਾਂ ਵਿੱਚੋਂ ਹੁਣ ਤੱਕ ਚਾਰ ਵੈਕਸੀਨ ਕੰਪਨੀਆਂ ਨੂੰ ਯੂਕੇ ਵਿੱਚ ਵਰਤੋਂ ਲਈ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਜੁਲਾਈ ਦੇ ਸ਼ੁਰੂ ਵਿੱਚ ਟੀਕਾਕਰਨ ਦੀ ਸੰਯੁਕਤ ਕਮੇਟੀ (ਜੇ ਸੀ ਵੀ ਆਈ) ਦੀ ਸਲਾਹ ਤੋਂ ਬਾਅਦ, ਐੱਨ ਐੱਚ ਐੱਸ ਨੂੰ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਤੀਜੀ ਬੂਸਟਰ ਖੁਰਾਕਾਂ ਦੀ ਯੋਜਨਾਬੰਦੀ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ ਗਈ ਸੀ, ਅਤੇ ਸਿਹਤ ਸਕੱਤਰ ਸਾਜਿਦ ਜਾਵਿਦ ਅਨੁਸਾਰ ਇਹ ਪ੍ਰੋਗਰਾਮ ਸਤੰਬਰ ਵਿੱਚ ਸ਼ੁਰੂ ਹੋ ਸਕਦਾ ਹੈ। ਹਾਲਾਂਕਿ ਯੂਕੇ ਦੀ ਵੈਕਸੀਨ ਕਮੇਟੀ ਨੇ ਅਜੇ ਵੀ ਇਸ ਬਾਰੇ ਆਪਣੀ ਅੰਤਮ ਸਲਾਹ ਦੇਣੀ ਹੈ ਕਿ ਕੀ ਇੱਕ ਬੂਸਟਰ ਪ੍ਰੋਗਰਾਮ ਜਾਰੀ ਰਹਿਣਾ ਚਾਹੀਦਾ ਹੈ? ਅਤੇ ਇਸ ਵਿੱਚ ਕਿਸ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ? ਇਸਦੇ ਇਲਾਵਾ ਯੂਕੇ ਦੁਆਰਾ ਵੈਕਸੀਨ ਦੀਆਂ ਲੱਖਾਂ ਖੁਰਾਕਾਂ ਨੂੰ ਗਰੀਬ ਦੇਸ਼ਾਂ ਵਿੱਚ ਵੰਡਿਆ ਵੀ ਜਾਵੇਗਾ।