ਫ਼ਤਹਿਗੜ੍ਹ ਸਾਹਿਬ – “1973 ਵਿਚ ਸਮੁੱਚੀ ਰਵਾਇਤੀ ਅਕਾਲੀ ਲੀਡਰਸ਼ਿਪ ਨੇ ਸ. ਕਪੂਰ ਸਿੰਘ ਆਈ.ਸੀ.ਐਸ. ਰਾਹੀ ਲਿਖਤ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਉਤੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਕੇ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ਅਤੇ ਸੰਘੀ ਢਾਂਚੇ ਨੂੰ ਕਾਇਮ ਕਰਨ ਅਧੀਨ ਜੋ ਮਤਾ ਜੈਕਾਰਿਆ ਦੀ ਗੂੰਜ ਵਿਚ ਪਾਸ ਕੀਤਾ ਗਿਆ ਸੀ, ਜਿਸ ਵਿਚ ਸਿੱਖ ਕੌਮ ਦੀ ਵੱਖਰੀ ਤੇ ਅਣਖ਼ੀਲੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਪ੍ਰਵਾਨ ਕਰਨ ਅਤੇ ਬਹੁਗਿਣਤੀ ਸਿੱਖ ਵਸੋਂ ਵਾਲੇ ਪੰਜਾਬ ਸੂਬੇ ਨੂੰ ਇਸ ਰਾਹੀ ਕਾਨੂੰਨੀ ਤੌਰ ਤੇ ਵੱਧ ਅਧਿਕਾਰ ਪ੍ਰਦਾਨ ਕਰਨ ਦੀ ਪ੍ਰਕਿਰਿਆ ਸੀ ਅਤੇ ਸਭਨਾਂ ਆਗੂਆਂ ਨੇ ਇਸ ਉਤੇ ਦਸਤਖਤ ਕਰਕੇ ਪ੍ਰਵਾਨਗੀ ਦਿੱਤੀ ਸੀ । ਇਸ ਆਨੰਦਪੁਰ ਸਾਹਿਬ ਮਤੇ ਦੀ ਪ੍ਰਕਿਰਿਆ ਵਿਚ ਉਸ ਸਮੇਂ ਦੇ ਦੋਵੇ ਪ੍ਰਮੁੱਖ ਆਗੂ ਸ. ਗੁਰਚਰਨ ਸਿੰਘ ਟੋਹੜਾ, ਜਗਦੇਵ ਸਿੰਘ ਤਲਵੰਡੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਸਾਮਿਲ ਸਨ । ਜਿਸਨੂੰ ਬਾਅਦ ਵਿਚ ਦਾਸ ਅਤੇ ਇਨ੍ਹਾਂ ਰਵਾਇਤੀ ਆਗੂਆਂ ਦੀ ਸਾਂਝੀ ਪ੍ਰਵਾਨਗੀ ਨਾਲ ”ਅੰਮ੍ਰਿਤਸਰ ਐਲਾਨਨਾਮੇ” ਅਧੀਨ ਮਿਤੀ 01 ਮਈ 1994 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਂਨ ਉਤੇ ਸਮੂਹਿਕ ਰੂਪ ਵਿਚ ਇਕੱਤਰ ਹੋ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਤੇ ਉਸ ਸਮੇਂ ਦੇ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰੋ. ਮਨਜੀਤ ਸਿੰਘ ਦੀ ਹਾਜਰੀ ਵਿਚ ਪਾਸ ਕੀਤਾ ਸੀ । ਇਸ ਅੰਮ੍ਰਿਤਸਰ ਐਲਾਨਨਾਮੇ ਦੇ ਮਤੇ ਉਤੇ ਸ. ਗੁਰਚਰਨ ਸਿੰਘ ਟੋਹੜਾ, ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਜਥੇ: ਜਗਦੇਵ ਸਿੰਘ ਤਲਵੰਡੀ, ਭਾਈ ਮਨਜੀਤ ਸਿੰਘ ਭੂਰਾਕੋਨਾ, ਕਰਨਲ ਜਸਮੇਰ ਸਿੰਘ ਬਾਲਾ ਅਤੇ ਦਾਸ ਦੇ ਦਸਤਖ਼ਤ ਸਨ । ਜਿਸਦੀ ਫੋਟੋਗ੍ਰਾਂਫ ਜਾਣਕਾਰੀ ਹਿੱਤ ਇਸ ਪ੍ਰੈਸ ਬਿਆਨ ਨਾਲ ਦਿੱਤੀ ਜਾ ਰਹੀ ਹੈ, ਜਿਸ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਅਤੇ ਸ੍ਰੀ ਅੰਮ੍ਰਿਤਸਰ ਐਲਾਨਨਾਮੇ ਨੂੰ ਸ਼ਾਇਦ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਏ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਭੁੱਲ ਚੁੱਕੇ ਹਨ । ਤਦ ਹੀ ਸ. ਮਾਲਵਿੰਦਰ ਸਿੰਘ ਮਾਲੀ ਵੱਲੋਂ ਆਈ.ਸੀ.ਐਸ. ਕਪੂਰ ਸਿੰਘ ਦੇ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਦੀ ਰੋਸ਼ਨੀ ਵਿਚ ਬੋਲੇ ਸ਼ਬਦਾਂ ਅਤੇ ਉਸੇ ਤਰਜ ਉਤੇ ਕਸ਼ਮੀਰੀਆਂ ਨੂੰ ਵਿਧਾਨ ਦੀ ਧਾਰਾ 35ਏ ਅਤੇ ਆਰਟੀਕਲ 370 ਰਾਹੀ ਮਿਲੇ ਖੁਦਮੁਖਤਿਆਰੀ ਦੇ ਅਧਿਕਾਰਾਂ ਦਾ ਅੱਜ ਗੈਰ-ਦਲੀਲ ਢੰਗ ਨਾਲ ਵਿਰੋਧ ਕਰਕੇ ਅਤੇ ਸ. ਟੋਹੜਾ ਦੇ ਲੰਮਾਂ ਸਮਾਂ ਨਜ਼ਦੀਕੀ ਰਹੇ ਸ. ਮਾਲਵਿੰਦਰ ਸਿੰਘ ਮਾਲੀ ਜਿਨ੍ਹਾਂ ਨੇ ਨਹਿਰੂ ਵੱਲੋਂ 1948 ਵਿਚ ਯੂ.ਐਨ. ਦੀ ਸਕਿਊਰਟੀ ਕੌਂਸਲ ਵਿਚ ਕਸ਼ਮੀਰੀਆਂ ਰਾਏਸੁਮਾਰੀ ਕਰਵਾਉਣ ਲਈ ਦਸਤਖ਼ਤ ਕਰਕੇ ਮਤਾ ਦਾਖਲ ਕੀਤਾ ਸੀ, ਉਸਦੇ ਸੱਚ ਦਾ ਹਵਾਲਾ ਦਿੰਦੇ ਹੋਏ ਇਥੋਂ ਦੇ ਨਿਵਾਸੀਆ ਨੂੰ ਸੱਚ ਤੋਂ ਹੀ ਜਾਣੂ ਕਰਵਾਇਆ ਹੈ, ਉਨ੍ਹਾਂ ਉਤੇ ਅੰਗਰੇਜ਼ਾਂ ਦੇ ਬਣਾਏ ਹੋਏ ”ਦੇਸ਼ਧ੍ਰੋਹੀ” ਦੇ ਵਿਰੋਧੀਆਂ ਦੀ ਆਵਾਜ਼ ਨੂੰ ਕੁੱਚਲਣ ਵਾਲੇ ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਕਰਕੇ ਆਪਣੀ ਹੀ ਅਕਲ ਦਾ ਜਨਾਜ਼ਾਂ ਕੱਢਣ ਦੀ ਬਜਰ ਗੁਸਤਾਖੀ ਕਰ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆ ਵੱਲੋਂ ਗੈਰ ਸਿਧਾਤਿਕ ਢੰਗ ਨਾਲ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਅਤੇ ਸਿਆਸੀ ਵਿਰੋਧੀਆਂ ਉਤੇ ਬਿਨ੍ਹਾਂ ਕਿਸੇ ਤਰਕ ਦੇ ਅਵਾਜੇ ਕੱਸਣ ਲਈ ਬੀਤੇ ਦਿਨੀਂ ਸ. ਮਾਲਵਿੰਦਰ ਸਿੰਘ ਮਾਲੀ ਜਿਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇ ਬਣੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਨੇ ਆਪਣਾ ਸਲਾਹਕਾਰ ਨਿਯੁਕਤ ਕੀਤਾ ਹੈ, ਵੱਲੋਂ ਆਪਣੀ ਅਣਖ਼ੀਲੀ ਆਵਾਜ਼ ਨੂੰ ਉਜਾਗਰ ਕਰਦੇ ਹੋਏ ਕਸ਼ਮੀਰੀਆਂ, ਪੰਜਾਬੀਆਂ, ਸਿੱਖਾਂ ਦੇ ਵੱਧ ਅਧਿਕਾਰਾਂ ਅਤੇ ਖੁਦਮੁਖਤਿਆਰੀ ਦੀ ਗੱਲ ਕਰਨ ਉਤੇ ਤਾਂ ਸੁਖਬੀਰ ਸਿੰਘ ਬਾਦਲ ਵੱਲੋ ਉਨ੍ਹਾਂ ਉਤੇ ਦੇਸ਼ਧ੍ਰੋਹੀ ਦੇ ਕੇਸ ਦਰਜ ਕਰਨ ਦੀ ਗੱਲ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਉਸ ਸਮੇਂ ਦੀ ਰਵਾਇਤੀ ਲੀਡਰਸ਼ਿਪ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਦੀ ਖੁਦਮੁਖਤਿਆਰੀ ਅਤੇ ਆਜ਼ਾਦੀ ਦੀ ਭਾਵਨਾ ਨੂੰ ਸੱਟ ਮਾਰਨ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੋਂ ਤੱਕ ਬੀਜੇਪੀ, ਆਮ ਆਦਮੀ ਪਾਰਟੀ ਅਤੇ ਹੋਰਨਾਂ ਹਿੰਦੂ ਕੱਟੜਵਾਦੀ ਜਮਾਤਾਂ ਦੀ ਗੱਲ ਹੈ, ਉਨ੍ਹਾਂ ਨੇ ਤਾਂ ”ਦੁਸ਼ਮਣ ਬਾਤ ਕਰੇ ਅਣਹੋਣੀ” ਉਤੇ ਹਰ ਸਮੇਂ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਬਿਹਤਰੀ ਦੇ ਵਿਰੁੱਧ ਅਮਲ ਕਰਨਾ ਹੀ ਹੈ । ਸਿੱਖ ਭਾਵੇ ਕਿਸੇ ਵੀ ਸਿਆਸੀ ਜਮਾਤ ਜਾਂ ਸੰਗਠਨ ਵਿਚ ਚਲਾ ਜਾਵੇ ਉਸਦੀ ਕੌਮੀਅਤ ਅਤੇ ਅਣਖ ਕਦੇ ਨਹੀਂ ਮਰਦੀ । ਕਦੀ ਨਾ ਕਦੀ ਉਹ ਫਿਰ ਉੱਠ ਖੜ੍ਹਦੀ ਹੈ ਜਿਸਨੂੰ ਇਹ ਮੁਤੱਸਵੀ ਸੰਗਠਨ ਅਤੇ ਸ. ਸੁਖਬੀਰ ਸਿੰਘ ਬਾਦਲ ਵਰਗੇ ਮੌਕਾਪ੍ਰਸਤ ਸਿਆਸਤਦਾਨ ਨਹੀਂ ਰੋਕ ਸਕਦੇ । ਬੀਜੇਪੀ-ਆਰ.ਐਸ.ਐਸ. ਆਦਿ ਜਮਾਤਾਂ ਤਾਂ ਸਾਡੇ ਸੂਬੇ ਅਤੇ ਸਿੱਖ ਕੌਮ ਦੇ ਸਦਾ ਹੀ ਖਿਲਾਫ਼ ਰਹਿੰਦੀਆ ਹਨ । ਇਨ੍ਹਾਂ ਸਭਨਾਂ ਨੇ ਹੀ ਮਰਹੂਮ ਇੰਦਰਾ ਗਾਂਧੀ ਅਤੇ ਕਾਂਗਰਸ ਨਾਲ ਰਲਕੇ ਸਾਡੇ ਗੁਰਧਾਮਾਂ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ । ਜਿਥੋਂ ਤੱਕ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਦੀ ਗੱਲ ਹੈ, ਉਹ ਤਾਂ ਪਾਕਿਸਤਾਨ ਦੀ ਇਮਰਾਨ ਖਾਨ ਹਕੂਮਤ ਦੇ ਸਿੱਖ ਕੌਮ ਨਾਲ ਸੰਬੰਧਾਂ ਅਤੇ ਸਿੱਖਾਂ ਵੱਲੋਂ ਖੁੱਲ੍ਹੇ ਦਰਸ਼ਨ ਦੀਦਾਰਾਂ ਦੀ ਕੀਤੀ ਜਾਣ ਵਾਲੀ ਅਰਦਾਸ ਦਾ ਨਤੀਜਾ ਹੈ । ਜਿਸ ਵਿਚ ਸ. ਨਵਜੋਤ ਸਿੰਘ ਸਿੱਧੂ ਨੇ ਵੀ ਹਾਂਪੱਖੀ ਭੂਮਿਕਾ ਨਿਭਾਕੇ ਸਾਡੇ ਮਹਾਨ ਧਾਰਮਿਕ ਸਥਾਂਨ ਸ੍ਰੀ ਕਰਤਾਪੁਰ ਸਾਹਿਬ ਦੇ ਲਾਂਘੇ ਨੂੰ ਖੁਲਵਾਇਆ । ਜਦੋਂਕਿ ਕੱਟੜਵਾਦੀ ਲੋਕ ਇਸਦਾ ਉਸ ਸਮੇਂ ਵੀ ਵਿਰੋਧ ਕਰਦੇ ਸੀ । ਇਸੇ ਮੰਦਭਾਵਨਾ ਭਰੀ ਸੋਚ ਅਧੀਨ ਕਸ਼ਮੀਰੀਆਂ ਦੀ ਖੁਦਮੁਖਤਿਆਰੀ ਤੇ ਆਜ਼ਾਦੀ ਦੀ ਗੱਲ ਕਰਨ ਵਾਲੀ ਹੁਰੀਅਤ ਕਾਨਫਰੰਸ ਦੇ ਦੋਵੇ ਜਮਹੂਰੀ ਪੱਖੀ ਸੰਗਠਨਾਂ ਉਤੇ ਜੋ ਪਾਬੰਦੀ ਲਗਾਉਣ ਦੇ ਮਨਸੂਬੇ ਬਣਾਏ ਜਾ ਰਹੇ ਹਨ, ਜਿਥੇ ਅਸੀਂ ਇਸਦਾ ਜੋਰਦਾਰ ਵਿਰੋਧ ਕਰਦੇ ਹਾਂ, ਉਥੇ ਅਸੀਂ ਕਸ਼ਮੀਰ ਵਿਚ ਆਰਟੀਕਲ 370 ਅਤੇ ਧਾਰਾ 35ਏ ਨੂੰ ਜ਼ਬਰੀ ਖਤਮ ਕਰਨ ਦੇ ਅਮਲਾਂ ਦਾ ਜੋਰਦਾਰ ਵਿਰੋਧ ਵੀ ਕਰਦੇ ਹਾਂ ਅਤੇ ਕਸ਼ਮੀਰੀਆਂ ਦੀ ਖੁਦਮੁਖਤਿਆਰੀ 1948 ਦੇ ਨਹਿਰੂ ਵੱਲੋ ਪੇਸ਼ ਕੀਤੇ ਗਏ ਯੂ.ਐਨ. ਦੇ ਮਤੇ ਦਾ ਪੂਰਨ ਸਮਰਥਨ ਕਰਦੇ ਹਾਂ ਅਤੇ ਕਸ਼ਮੀਰੀਆਂ ਨੂੰ ਇਹ ਰਾਏਸੁਮਾਰੀ ਦਾ ਹੱਕ ਹਰ ਕੀਮਤ ਤੇ ਮਿਲਣਾ ਚਾਹੀਦਾ ਹੈ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਲਹਿੰਦੇ ਪੰਜਾਬ (ਪਾਕਿਸਤਾਨ) ਅਤੇ ਚੜ੍ਹਦੇ ਪੰਜਾਬ ਦਾ ਪੁਰਾਤਨ ਬਹੁਤ ਡੂੰਘਾਂ ਰਿਸਤਾ ਹੈ । ਅਸੀਂ ਕਦੀ ਵੀ ਨਹੀਂ ਸੀ ਚਾਹਿਆ ਕਿ ਸਾਡੇ ਸੈਕੜਿਆ ਦੀ ਗਿਣਤੀ ਵਿਚ ਧਾਰਮਿਕ ਸਥਾਂਨ ਸਾਡੇ ਤੋਂ ਦੂਰ ਕੀਤੇ ਜਾਣ ਅਤੇ ਸਾਡੇ ਗੁਰੂ ਸਾਹਿਬਾਨ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਨੂੰ ਦੋ ਹਿੱਸਿਆ ਵਿਚ ਵੰਡ ਦਿੱਤਾ ਜਾਵੇ । ਇਹ ਤਾਂ ਨਹਿਰੂ, ਗਾਂਧੀ, ਪਟੇਲ, ਜਿਨਾਹ ਦੀ ਆਪਣੀ ਸਿਆਸੀ ਖੇਡ ਸੀ ਜਿਨ੍ਹਾਂ ਨੇ ਸਾਡੇ ਗੁਰਧਾਮਾਂ ਨੂੰ ਜ਼ਬਰੀ ਸਾਡੇ ਤੋਂ ਅਲੱਗ ਕਰ ਦਿੱਤਾ । ਜਦੋਂਕਿ ਅਸੀਂ ਰੋਜਾਨਾ ਹੀ ਦੋਵੇ ਸਮੇਂ ਦੀ ਅਰਦਾਸ ਵਿਚ ਅੱਜ ਵੀ ਆਪਣੇ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਾਂ ਦੀ ਗੱਲ ਕਰਦੇ ਆ ਰਹੇ ਹਾਂ । ਕਿਉਂਕਿ ਸਾਡੇ ਖ਼ਾਲਸਾ ਰਾਜ ਦੀ ਰਾਜਧਾਨੀ ਲਾਹੌਰ ਸੀ ਅਤੇ ਇਹ ਕਹਾਵਤ ਵੀ ਪ੍ਰਮੁੱਖ ਹੈ ਕਿ ”ਜਿਸਨੇ ਲਾਹੌਰ ਨਹੀਂ ਦੇਖਿਆ, ਉਹ ਅਜੇ ਜੰਮਿਆ ਹੀ ਨਹੀਂ”। ਹੁਣ ਫਿਰ ਸ੍ਰੀ ਕਰਤਾਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ ਹੈ । ਜਿਸਦਾ ਕੱਟੜਵਾਦੀ ਲੋਕ ਤੇ ਜਮਾਤਾਂ ਕਦੇ ਵੀ ਸਮਰਥਨ ਨਹੀਂ ਕਰ ਸਕਦੇ ।
ਜੋ ਬਾਦਲ ਦਲੀਆ ਨੇ ਖੁਦਮੁਖਤਿਆਰੀ ਅਤੇ ਵੱਧ ਅਧਿਕਾਰਾਂ ਦੀ ਹੁਣ ਗੈਰ ਦਲੀਲ ਢੰਗ ਨਾਲ ਵਿਰੋਧਤਾ ਸੁਰੂ ਕਰ ਦਿੱਤੀ ਹੈ ਅਸਲੀਅਤ ਵਿਚ ਇਨ੍ਹਾਂ ਨੂੰ ਸਿੱਖ ਮਜ੍ਹਬ ਦੀ, ਸਿੱਖੀ ਮਨੁੱਖਤਾ ਪੱਖੀ ਤੇ ਇਨਸਾਨੀਅਤ ਪੱਖੀ ਅਮਨ ਚੈਨ ਤੇ ਜਮਹੂਰੀਅਤ ਵਾਲੇ ਅਸੂਲਾਂ ਨਿਯਮਾਂ ਦੀ ਜਾਣਕਾਰੀ ਹੀ ਨਹੀਂ ਹੈ । ਤਦੇ ਤਾਂ ਸੁਖਬੀਰ ਸਿੰਘ ਬਾਦਲ ਤਕਰੀਰ ਕਰਦੇ ਹੋਏ ਇਹ ਕਹਿ ਦਿੰਦੇ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਮੇਰੇ ਪਿਤਾ ਸਮਾਨ ਹਨ । ਹੁਣ ਇਸ ਗੱਲ ਤੋਂ ਪੰਜਾਬੀਆਂ ਤੇ ਸਿੱਖ ਕੌਮ ਨੂੰ ਸੁਖਬੀਰ ਸਿੰਘ ਬਾਦਲ ਦੀ ਦੁਨਿਆਵੀ, ਸਮਾਜਿਕ ਅਤੇ ਇਨਸਾਨੀ ਜਾਣਕਾਰੀ ਬਾਰੇ ਖੁਦ-ਬ-ਖੁਦ ਗਿਆਨ ਹੋ ਜਾਵੇਗਾ। ਜੇਕਰ ਜਾਣਕਾਰੀ ਹੁੰਦੀ ਫਿਰ ਇਹ ਕਦੀ ਵੀ ਖੁਦਮੁਖਤਿਆਰੀ ਅਤੇ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲੇ ਸ. ਮਾਲਵਿੰਦਰ ਸਿੰਘ ਮਾਲੀ ਵਰਗੇ ਸਿੱਖਾਂ ਉਤੇ ਦੇਸ਼ਧ੍ਰੋਹੀ ਦੇ ਅੰਗਰੇਜ਼ਾਂ ਦੀ ਬੋਲੀ ਬੋਲਣ ਵਾਲੇ ਕੇਸ ਦਰਜ ਕਰਨ ਦੀ ਗੱਲ ਕਦੀ ਨਾ ਕਰਦੇ।