ਮਹਿਤਾ ਚੌਕ/ ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਦੇ ਨਵ ਨਿਯੁਕਤ ਗ੍ਰੰਥੀ ਸਿੰਘ ਸਾਹਿਬਾਨ ਦਾ ਪੰਥ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਵਿਖੇ ਪਹੁੰਚਣ ’ਤੇ ਜਥੇਬੰਦੀ ਵੱਲੋਂ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ।
ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਨਤਮਸਤਕ ਹੋਣ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਨਵ ਨਿਯੁਕਤ ਗ੍ਰੰਥੀ ਸਿੰਘ ਸਾਹਿਬਾਨ ਭਾਈ ਰਾਜਦੀਪ ਸਿੰਘ ਜੀ, ਸਿੰਘ ਸਾਹਿਬ ਭਾਈ ਬਲਜੀਤ ਸਿੰਘ ਜੀ, ਸਿੰਘ ਸਾਹਿਬ ਭਾਈ ਸੁਲਤਾਨ ਸਿੰਘ ਜੀ ਅਤੇ ਸਿੰਘ ਸਾਹਿਬ ਭਾਈ ਅਮਰਜੀਤ ਸਿੰਘ ਜੀ ਸਮੇਤ ਅਰਦਾਸੀਏ ਭਾਈ ਗੁਰਚਰਨ ਸਿੰਘ ਜੀ, ਭਾਈ ਸੁਖਦੇਵ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜੋਰਾ ਸਿੰਘ ਨੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨਾਲ ਮੁਲਾਕਾਤ ਕਰਦਿਆਂ ਪੰਥਕ ਵਿਚਾਰਾਂ ਕੀਤੀਆਂ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਨੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਵਿਖੇ ਦਰਸ਼ਨ ਦੇਣ ਪਹੁੰਚੇ ਸਿੰਘ ਸਾਹਿਬਾਨ ਦਾ ਕੋਟਨਿ ਕੋਟਿ ਧੰਨਵਾਦ ਕੀਤਾ ਅਤੇ ਨਵ ਨਿਯੁਕਤ ਸਿੰਘ ਸਾਹਿਬਾਨ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਸੇਵਾ, ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਦਮਦਮੀ ਟਕਸਾਲ ਵੱਲੋਂ ਹਰ ਤਰਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਿੰਘ ਸਾਹਿਬਾਨ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਪੰਥ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਵਰੋਸਾਈ ਇਸ ਜਥੇਬੰਦੀ ਦਮਦਮੀ ਟਕਸਾਲ ਦਾ ਪੰਥਕ ਖੇਤਰ ਵਿਚ ਅਹਿਮ ਸਥਾਨ ਅਤੇ ਬਹੁਤ ਵੱਡੀ ਦੇਣ ਹੈ। ਗੁਰਬਾਣੀ ਉਚਾਰਨ ਦੀ ਸ਼ੁੱਧ ਸੰਥਿਆ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਤੋਂ ਇਲਾਵਾ ਸ਼ਹਾਦਤਾਂ, ਇਤਿਹਾਸਕ ਗੁਰਧਾਮਾਂ ਦੀ ਰਾਖੀ ਲਈ ਸਦਾ ਹੀ ਖੰਡਾ ਖੜਕਾਉਣਾ ਅਤੇ ਸਿੱਖੀ ‘ਤੇ ਹੁੰਦੇ ਹਮਲਿਆਂ ਨੂੰ ਰੋਕਣ ਲਈ ਵੀ ਹਮੇਸ਼ਾਂ ਉਪਰਾਲੇ ਕਰਦੀ ਰਹੀ ਹੈ । ਕੌਮ ਨੂੰ ਵਿਦਵਾਨ ਦਿੱਤੇ ਉੱਥੇ ਅਨੇਕਾਂ ਸ਼ਹੀਦ ਵੀ ਦਿੱਤੇ । ਜਿਨ੍ਹਾਂ ਦੀ ਕੌਮ ਦੀ ਰਾਖੀ ਲਈ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਨ ਤੋਂ ਕਦੀ ਪਿੱਛੇ ਨਾ ਹਟਣ ਦੀ ਪਿਰਤ ਤੋਂ ਪੀੜੀਆਂ ਸਦਾ ਹੀ ਸੇਧ ਲੈਣਗੀਆਂ।