ਫ਼ਤਹਿਗੜ੍ਹ ਸਾਹਿਬ – “ਸ. ਸੇਵਾ ਸਿੰਘ ਸੇਖਵਾਂ ਜਿਨ੍ਹਾਂ ਨੇ ਆਪਣੀ ਹੁਣ ਤੱਕ ਦੀ ਬਜੁਰਗੀ ਉਮਰ ਤੱਕ ਖ਼ਾਲਸਾ ਪੰਥ ਦੇ ਨਾਮ ਨਾਲ ਮਾਣ-ਸਨਮਾਨ ਪ੍ਰਾਪਤ ਕੀਤਾ ਅਤੇ ਸਿਆਸੀ ਉੱਚ ਅਹੁਦਿਆ ਦਾ ਆਨੰਦ ਮਾਣਿਆ ਹੈ ਅਤੇ ਜੋ ਬੀਤੇ ਸਮੇਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀਆਂ ਪੰਥ ਵਿਰੋਧੀ ਕਾਰਵਾਈਆ ਅਤੇ ਅਮਲਾਂ ਦੇ ਰੋਸ਼ ਵੱਜੋ ਬਾਦਲ ਦਲ ਨੂੰ ਅਲਵਿਦਾ ਕਹਿਕੇ ਸ. ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਬਣੇ ਡੈਮੋਕ੍ਰੇਟਿਕ ਅਕਾਲੀ ਦਲ ਵਿਚ ਸਾਮਿਲ ਹੋਏ ਸਨ, ਜਿਨ੍ਹਾਂ ਨੇ ਬਾਦਲ ਪਰਿਵਾਰ ਦੀਆਂ ਕਮੀਆ ਦਾ ਖਾਤਮਾ ਕਰਨ ਨੂੰ ਮੁੱਖ ਰੱਖਕੇ ਵੱਖਰਾਂ ਰਾਹ ਚੁਣਿਆ ਸੀ, ਉਨ੍ਹਾਂ ਵੱਲੋਂ ਬੀਤੇ ਦਿਨੀਂ ਸ੍ਰੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵਿਚ ਸਾਮਿਲ ਹੋ ਜਾਣਾ ਕੇਵਲ ਸਿਆਸੀ ਆਤਮ ਹੱਤਿਆ ਕਰਨ ਦੇ ਹੀ ਤੁੱਲ ਨਹੀਂ ਬਲਕਿ ਅਤਿ ਅਫਸੋਸਨਾਕ ਭੰਬਲਭੂਸੇ ਵਾਲਾ ਅਮਲ ਕੀਤਾ ਹੈ । ਜਿਸ ਨਾਲ ਨਾ ਤਾਂ ਬੀਜੇਪੀ-ਆਰ.ਐਸ.ਐਸ. ਦੀ ਹਿੰਦੂਤਵ ਸੋਚ ਉਤੇ ਚੱਲਣ ਵਾਲੇ ਸ੍ਰੀ ਕੇਜਰੀਵਾਲ ਤੇ ਨਾ ਹੀ ਸ. ਸੇਵਾ ਸਿੰਘ ਸੇਖਵਾਂ ਆਮ ਆਦਮੀ ਪਾਰਟੀ ਲਈ ਕੋਈ ਭਵਿੱਖ ਵਿਚ ਕ੍ਰਿਸਮਾ ਕਰ ਸਕਣਗੇ । ਕਿਉਂਕਿ ਜਦੋਂ 2017 ਵਿਚ ਜਦੋਂ ਪੰਜਾਬ ਅਸੈਬਲੀ ਦੀਆਂ ਚੋਣਾਂ ਹੋਈਆ ਸਨ ਤਾਂ ਸ੍ਰੀ ਕੇਜਰੀਵਾਲ ਨੇ ਤਾਨਾਸ਼ਾਹੀ ਸੋਚ ਅਤੇ ਧਨ-ਦੌਲਤਾਂ ਦੇ ਵੱਡੇ ਭੰਡਾਰ ਇਕੱਤਰ ਕਰਦੇ ਹੋਏ ਸੋLਸ਼ਲ ਮੀਡੀਏ ਅਤੇ ਹੋਰ ਪ੍ਰਚਾਰ ਸਾਧਨਾਂ ਦੀ ਖੂਬ ਵਰਤੋਂ ਕਰਕੇ ਆਪਣੀ ਪਾਰਟੀ ਅਤੇ ਆਪਣੇ ਆਪ ਨੂੰ ਇੰਝ ਪੇਸ਼ ਕੀਤਾ ਸੀ ਜਿਵੇਂਕਿ ਇਨ੍ਹਾਂ ਚੋਣਾਂ ਉਪਰੰਤ ਆਮ ਆਦਮੀ ਪਾਰਟੀ ਪੰਜਾਬ ਦੀਆਂ 100 ਅਸੈਬਲੀ ਸੀਟਾਂ ਤੇ ਜਿੱਤੇਗੀ ਅਤੇ ਕੇਜਰੀਵਾਲ ਉਸਦੇ ਮੁੱਖ ਮੰਤਰੀ ਹੋਣਗੇ ਅਤੇ ਉਸ ਗੁੰਮਰਾਹਕੁੰਨ ਪ੍ਰਚਾਰ ਨੂੰ ਕੁਝ ਹੱਦ ਤੱਕ ਪੰਜਾਬੀਆਂ ਅਤੇ ਸਿੱਖਾਂ ਨੇ ਪ੍ਰਵਾਨ ਵੀ ਕੀਤਾ ਸੀ ਉਸ ਸਿਆਸੀ ਤੁਫਾਨ ਦੇ ਬਾਵਜੂਦ ਵੀ ਸ੍ਰੀ ਕੇਜਰੀਵਾਲ ਤੇ ਉਸਦੀ ਆਮ ਆਦਮੀ ਪਾਰਟੀ 20 ਦਾ ਅੰਕੜਾਂ ਵੀ ਪਾਰ ਨਹੀਂ ਸੀ ਕਰ ਸਕੀ । ਹੁਣ ਜਦੋਂ ਪੰਜਾਬ ਵਿਚ ਸ੍ਰੀ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੀ ਕੋਈ ਗੱਲ ਨਹੀਂ ਅਤੇ ਮੁਤੱਸਵੀ ਸੋਚ ਦੀ ਬਦੌਲਤ ਪੰਜਾਬੀਆਂ ਤੇ ਸਿੱਖ ਕੌਮ ਵਿਚ ਉਹ ਸਿਆਸੀ ਮਨਫ਼ੀ ਦੇ ਹਾਸੀਏ ਤੇ ਹੈ, ਉਸ ਸਮੇਂ ਸ. ਸੇਵਾ ਸਿੰਘ ਸੇਖਵਾਂ ਵੱਲੋ ਅਜਿਹਾ ਫੈਸਲਾ ਕਰਨਾ ਸਿਆਸੀ ਬੁੱਧੀਮਾਨਾਂ ਦੀ ਸਮਝ ਤੋਂ ਪਰ੍ਹੇ ਤੇ ਸਿਆਸੀ ਮੌਤ ਵਾਲਾ ਫੈਸਲਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਉਣ ਵਾਲੀਆ 2022 ਫਰਵਰੀ ਦੀਆਂ ਪੰਜਾਬ ਚੋਣਾਂ ਨੂੰ ਮੁੱਖ ਰੱਖਕੇ ਆਪਣੇ ਇਲਾਕੇ ਅਤੇ ਪੰਜਾਬ ਵਿਚ ਸਾਖ ਤੇ ਆਧਾਰ ਗੁਆ ਚੁੱਕੇ ਸਿਆਸਤਦਾਨਾਂ ਵੱਲੋਂ ਗੰਗਾ ਗਏ ‘ਗੰਗਾ ਰਾਮ’ ਜਮੁਨਾ ਗਏ ‘ਜਮਨਾ ਦਾਸ’ ਦੀ ਮੌਕਾਪ੍ਰਸਤੀ ਦੀ ਸੋਚ ਉਤੇ ਅਮਲ ਕਰਨ ਵਾਲੇ ਆਗੂਆਂ ਅਤੇ ਆਮ ਆਦਮੀ ਪਾਰਟੀ ਵਰਗੀ ਪੰਜਾਬ ਸੂਬੇ ਤੇ ਸਿੱਖ ਵਿਰੋਧੀ ਪਾਰਟੀ ਦੇ ਆਗੂਆਂ ਵੱਲੋ ਪੰਜਾਬ ਨਿਵਾਸੀਆ ਤੇ ਸਿੱਖ ਕੌਮ ਨੂੰ ਫਿਰ ਤੋ ਗੁੰਮਰਾਹ ਕਰਨ ਹਿੱਤ ਖੇਡੀਆ ਜਾ ਰਹੀਆ ਸਿਆਸੀ ਖੇਡਾਂ ਅਤੇ ਉਨ੍ਹਾਂ ਦੇ ਹੋਣ ਵਾਲੇ ਹਸਰ ਦਾ ਜਿਕਰ ਕਰਦੇ ਹੋਏ ਅਤੇ ਸ. ਸੇਖਵਾਂ ਵੱਲੋ ਆਪਣੀ ਸਿਆਸੀ ਮੌਤ ਵੱਲ ਵੱਧਣ ਦੇ ਅਮਲਾਂ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਜਦੋਂ ਪੰਜਾਬ ਸੂਬੇ ਦੇ ਨਿਵਾਸੀਆ ਤੇ ਸਿੱਖ ਕੌਮ ਦੀਆਂ ਨਜ਼ਰਾਂ ਵਿਚ ਆਪਣੇ ਕੀਤੇ ਕੁਕਰਮਾ ਤੇ ਅਮਲਾਂ ਦੀ ਬਦੌਲਤ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਪੰਜਾਬੀਆ ਦੀ ਕਚਹਿਰੀ ਵਿਚ ਇਕ ਵੱਡਾ ਦੋਸ਼ੀ ਬਣਕੇ ਖੜ੍ਹੇ ਹਨ, ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਆਪਣੇ ਹੱਥ ਵਿਚ ਗੁਟਕਾ ਸਾਹਿਬ ਫੜਕੇ 2017 ਦੀਆਂ ਚੋਣਾਂ ਤੋਂ ਪਹਿਲੇ ਪੰਜਾਬੀਆ ਤੇ ਸਿੱਖ ਕੌਮ ਨਾਲ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਅਤੇ ਸਿੱਖ ਕੌਮ ਦਾ ਕਤਲੇਆਮ ਕਰਨ ਵਾਲੇ ਸਿਆਸਤਦਾਨਾਂ ਅਤੇ ਅਫ਼ਸਰਸਾਹੀ ਨੂੰ ਸਜਾਵਾ ਦੇਣ ਦਾ ਬਚਨ ਕੀਤਾ ਸੀ ਤੇ ਪੰਜਾਬੀਆ ਨਾਲ ਹੋਰ ਵੀ ਵੱਡੇ ਬਚਨ ਕੀਤੇ ਸਨ, ਜੋ ਅੱਜ ਤੱਕ ਪੂਰੇ ਨਹੀਂ ਕਰ ਸਕੇ, ਫਿਰ ਸ. ਨਵਜੋਤ ਸਿੰਘ ਸਿੱਧੂ ਦਾ ਪੰਜਾਬ ਦਾ ਪ੍ਰਧਾਨ ਬਣਨ ਉਪਰੰਤ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਅਤੇ ਸ. ਸਿੱਧੂ ਦੇ ਖੇਮੇ ਵਿਚ ਪ੍ਰਤੱਖ ਤੌਰ ਤੇ ਇਕ ਵੱਡੀ ਲਾਇਨ ਖਿੱਚੀ ਜਾ ਚੁੱਕੀ ਹੈ ਅਤੇ ਜੋ ਦੋਵੇ ਹੀ ਧੜੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਮਸਲਿਆ ਨੂੰ ਹੱਲ ਕਰਨ ਦੀ ਸਮਰੱਥਾਂ ਤੇ ਸ਼ਕਤੀ ਨਹੀਂ ਰੱਖਦੇ, ਉਹ ਵੀ ਪੰਜਾਬੀਆ ਤੇ ਸਿੱਖ ਕੌਮ ਦੀ ਨਜਰ ਵਿਚ ਅੱਜ ਮਨਫੀ ਹੋ ਚੁੱਕੇ ਹਨ । ਹੁਣ ਇਨ੍ਹਾਂ ਪਾਰਟੀਆ ਦੇ ਆਗੂ ”ਆਇਆ ਰਾਮ ਤੇ ਗਿਆ ਰਾਮ” ਦੀ ਸਵਾਰਥੀ ਖੇਡ ਖੇਡਕੇ ਨਾ ਤਾਂ ਆਪਣੀ ਕੋਈ ਪ੍ਰਾਪਤੀ ਕਰ ਸਕਣਗੇ ਅਤੇ ਨਾ ਹੀ ਪੰਜਾਬੀਆ ਤੇ ਸਿੱਖ ਕੌਮ ਨੂੰ ਲੰਮੇ ਸਮੇਂ ਤੋਂ ਦਰਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਹੱਲ ਕਰ ਸਕਣਗੇ ।
ਇਸ ਲਈ ਅਜਿਹੇ ਸਮਿਆ ਤੇ ਵੱਖ-ਵੱਖ ਪਾਰਟੀਆ ਤੇ ਆਗੂਆਂ ਵੱਲੋ ਪੰਜਾਬੀਆ ਤੇ ਸਿੱਖ ਕੌਮ ਨੂੰ ਕੋਈ 200 ਯੂਨਿਟ, ਕੋਈ 400 ਯੂਨਿਟ, ਕੋਈ 24 ਘੰਟੇ ਮੁਫਤ ਬਿਜਲੀ ਜਾਂ ਹੋਰ ਨਾ ਪੂਰੀਆ ਹੋਣ ਵਾਲੀਆ ਸਹੂਲਤਾਂ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਪੰਜਾਬੀਆ ਤੇ ਸਿੱਖ ਕੌਮ ਦੀ ਹਿੱਕ ਉਤੇ ਨਹੀਂ ਬੈਠ ਸਕੇਗਾ । ਕਿਉਂਕਿ ਪੰਜਾਬੀ ਅਤੇ ਸਿੱਖ ਕੌਮ ਕਿਸੇ ਵੀ ਖੇਤਰ ਵਿਚ ਆਪਣੇ ਆਪ ਨੂੰ ”ਭਿਖਾਰੀ” ਪ੍ਰਵਾਨ ਨਹੀਂ ਕਰ ਸਕਦੇ । ਬਲਕਿ ਪੰਜਾਬੀਆ ਤੇ ਸਿੱਖ ਕੌਮ ਨੂੰ ਤਾਂ ਘੱਟ ਤੋਂ ਘੱਟ ਵਾਜਿਬ ਕੀਮਤਾਂ ਉਤੇ 24 ਘੰਟੇ ਨਿਰਵਿਘਨ ਬਿਜਲੀ-ਪਾਣੀ ਦੀ ਸਪਲਾਈ, ਹਰ ਗਰੀਬ ਤੇ ਅਮੀਰ ਦੀ ਰਸੋਈ ਦੀ ਵਰਤੋਂ ਵਿਚ ਆਉਣ ਵਾਲੀਆ ਵਸਤਾਂ, ਚੁੱਲਾ ਗੈਂਸ, ਤੇਲ, ਚੀਨੀ, ਚਾਹ, ਦਾਲਾ ਆਦਿ ਬਿਨ੍ਹਾਂ ਕਿਸੇ ਮਿਲਾਵਟ ਘੱਟ ਕੀਮਤਾਂ ਉਤੇ, ਉਨ੍ਹਾਂ ਦੇ ਬੱਚਿਆਂ ਦੀ ਵਾਜਿਬ ਫ਼ੀਸਾਂ ਉਤੇ ਜਾਂ ਮੁਫਤ ਉਚੇਰੀ ਵਿਦਿਆ ਦੇ ਨਾਲ-ਨਾਲ ਉਨ੍ਹਾਂ ਦੇ ਸਿਹਤ ਪੱਖੋ ਸਭ ਮੁਫ਼ਤ ਸਹੂਲਤਾਂ ਦੇਣ ਅਤੇ ਇਥੋਂ ਦੇ ਨਿਜਾਮੀ-ਅਫ਼ਸਰਸ਼ਾਹੀ ਪ੍ਰਬੰਧ ਵਿਚ ਉਤਪੰਨ ਹੋ ਚੁੱਕੀ ਵੱਡੀ ਰਿਸਵਤਖੋਰੀ ਅਤੇ ਗੈਰ ਕਾਨੂੰਨੀ ਧੰਦਿਆ ਦਾ ਖਾਤਮਾ ਕਰਕੇ ਇਨਸਾਫ਼ ਵਾਲਾ ਰਾਜ ਪ੍ਰਬੰਧ ਦੇਣ ਦੀ ਅੱਜ ਸਖਤ ਲੋੜ ਹੈ ਅਤੇ 46 ਲੱਖ ਦੀ ਨੌਜ਼ਵਾਨੀ ਦੀ ਬੇਰੁਜਗਾਰੀ ਨੂੰ ਪੰਜਾਬ ਦੀਆਂ ਸਭ ਸਰਹੱਦਾਂ ਖੋਲ੍ਹਕੇ ਦੂਰ ਕਰਨ ਦੀ ਸਮਰੱਥਾਂ ਰੱਖਦੀ ਹੈ । ਜੋ ਕਿ ਕੇਵਲ ਤੇ ਕੇਵਲ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਕਦਰਾਂ-ਕੀਮਤਾਂ ਉਤੇ ਦ੍ਰਿੜਤਾ ਨਾਲ ਲੰਮੇ ਸਮੇਂ ਤੋਂ ਪਹਿਰਾ ਦਿੰਦੀ ਆ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਕੋ ਇਕ ਜਥੇਬੰਦੀ ਹੈ ਜੋ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਸਮੁੱਚੀਆ ਭਵਿੱਖਤ ਉਮੀਦਾਂ ਉਤੇ ਪੂਰੀ ਉਤਰਣ ਅਤੇ ਇਥੋਂ ਦੇ ਨਿਵਾਸੀਆ ਨੂੰ ਇਨਸਾਫ਼ ਦੇਣ ਦੀ ਸਮਰੱਥਾਂ ਤੇ ਸ਼ਕਤੀ ਰੱਖਦੀ ਹੈ ਕਿਉਂਕਿ ਸਾਡੀ ਪਾਰਟੀ ਤੇ ਸਾਡੇ ਅਹੁਦੇਦਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਆਦਰਸ ਮੰਨਦੇ ਹਨ ਅਤੇ ਨਿਰੰਤਰ ”ਸਰਬੱਤ ਦੇ ਭਲੇ” ਦੀ ਸੋਚ ਉਤੇ ਪਹਿਰਾ ਦਿੰਦੇ ਆ ਰਹੇ ਹਨ । ਇਸ ਲਈ ਸਿਆਸੀ ਲੋਭ, ਲਾਲਸਾਵਾ ਅਧੀਨ ਸ. ਸੇਵਾ ਸਿੰਘ ਸੇਖਵਾਂ ਦੀ ਤਰ੍ਹਾਂ ਭੰਬਲਭੂਸੇ ਵਿਚ ਗੈਰ-ਸਿਧਾਤਿਕ ਫੈਸਲੇ ਲੈਣ ਵਾਲਾ ਕੋਈ ਵੀ ਸਖਸ ਨਾ ਤਾਂ ਆਪਣੀ ਕਿਸੇ ਇੱਛਾ ਦੀ ਪੂਰਤੀ ਕਰ ਸਕੇਗਾ, ਨਾ ਹੀ ਆਮ ਆਦਮੀ ਪਾਰਟੀ ਵਰਗੀ ਕਿਸੇ ਪਾਰਟੀ ਨੂੰ ਕੋਈ ਸਿਆਸੀ ਤਾਕਤ ਦੇ ਸਕੇਗਾ ।