ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜੇ ਦੇ ਬਾਅਦ ਕਾਬੁਲ ਹਵਾਈ ਅੱਡੇ ‘ਤੇ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਉੱਪਰ ਵੀਰਵਾਰ ਨੂੰ ਹੋਏ ਹਮਲੇ ‘ਚ ਦਰਜਨਾਂ ਦੇ ਮਾਰੇ ਜਾਣ ਦੇ ਨਾਲ ਸੈਂਕੜੇ ਜਖਮੀ ਹੋਏ ਹਨ। ਇਸ ਹਮਲੇ ਵਿੱਚ ਸਥਾਨਕ ਲੋਕਾਂ ਦੇ ਨਾਲ ਨਾਲ ਵਿਦੇਸ਼ੀ ਸੈਨਿਕ ਅਤੇ ਨਾਗਰਿਕ ਵੀ ਸ਼ਿਕਾਰ ਬਣੇ ਹਨ, ਜਿਹਨਾਂ ਵਿੱਚ ਬਰਤਾਨਵੀ ਨਾਗਰਿਕ ਵੀ ਸ਼ਾਮਲ ਹਨ। ਯੂਕੇ ਦੇ ਵਿਦੇਸ਼ ਸਕੱਤਰ ਡੋਮੀਨਿਕ ਰਾਅਬ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਕਾਬੁਲ ਹਵਾਈ ਅੱਡੇ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਦੋ ਬ੍ਰਿਟਿਸ਼ ਬਾਲਗ ਵਿਅਕਤੀ ਅਤੇ ਇੱਕ ਬ੍ਰਿਟਿਸ਼ ਬੱਚਾ ਸ਼ਾਮਲ ਹੈ। ਜਿਕਰਯੋਗ ਹੈ ਕਿ ਆਤਮਘਾਤੀ ਹਮਲਾਵਰਾਂ ਅਤੇ ਬੰਦੂਕਧਾਰੀਆਂ ਨੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਾਹਰ ਕੱਢੇ ਜਾਣ ਦੀ ਉਡੀਕ ਕਰ ਰਹੇ ਲੋਕਾਂ ਦੀ ਭੀੜ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਮ੍ਰਿਤਕਾਂ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ ਅਤੇ ਹੁਣ ਮਰਨ ਵਾਲਿਆਂ ਦੀ ਗਿਣਤੀ 170 ਤੱਕ ਹੋ ਸਕਦੀ ਹੈ ਜਦਕਿ ਤਕਰੀਬਨ ਤਕਰੀਬਨ 200 ਲੋਕ ਜ਼ਖਮੀ ਹੋਏ ਹਨ। ਯੂਕੇ ਦੇ ਵਿਦੇਸ਼ ਸਕੱਤਰ ਡੋਮੀਨਿਕ ਰਾਅਬ ਨੇ ਇਸ ਹਮਲੇ ਵਿੱਚ ਮਰੇ ਬ੍ਰਿਟਿਸ਼ ਨਾਗਰਿਕਾਂ ਅਤੇ ਹੋਰਾਂ ਲਈ ਦੁੱਖ ਪ੍ਰਗਟ ਕੀਤਾ। ਹਾਲਾਂਕਿ ਇਸ ਹਮਲੇ ਵਿੱਚ ਕਿਸੇ ਬ੍ਰਿਟਿਸ਼ ਫੌਜੀ ਦੀ ਮੌਤ ਦੀ ਖਬਰ ਨਹੀਂ ਮਿਲੀ ਹੈ ਪਰ 13 ਅਮਰੀਕੀ ਸੈਨਿਕ ਮਾਰੇ ਗਏ ਹਨ। ਬ੍ਰਿਟਿਸ਼ ਸਰਕਾਰ ਦੁਆਰਾ ਆਪਣੇ ਨਾਗਰਿਕਾਂ ਨੂੰ ਬੰਬ ਧਮਾਕੇ ਤੋਂ ਇਕ ਰਾਤ ਪਹਿਲਾਂ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਸੀ ਕਿਉਂਕਿ ਖੁਫੀਆ ਜਾਣਕਾਰੀ ਅਨੁਸਾਰ ਹਮਲੇ ਦੀ ਸੰਭਾਵਨਾ ਸੀ।