ਨਿਮਰਤਾ ਨੇ ਹਾਸੇ-ਹਾਸੇ ਵਿੱਚ ਹੀ ਉਦੈ ਨੂੰ ਇਹ ਗੱਲ ਕਹੀ ਸੀ ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਉਸਦੀ ਇਸ ਇੱਕੋ ਗੱਲ ਨਾਲ ਉਦੈ ਭੜਕ ਜਾਊਗਾ।
‘ਠੀਕ ਹੈ ਪਰ ਹੁਣ ਗੁੱਸਾ ਛੱਡੋ ਅੱਗੇ ਤੋਂ ਨਹੀਂ ਕਹਿੰਦੀ।
‘‘ਤੈਨੂੰ ਇਹ ਕਹਿਣਾ ਹੀ ਨਹੀਂ ਚਾਹੀਦਾ ਸੀ ਕੀ ਮੈਂ ਇੱਥੇ ਲੋੜ ਨੂੰ ਆਉਂਦਾ ਆਂ ਮੈਂ ਲੋੜ ਨੂੰ ਆਵਾਂ ਚਾਹੇ ਉਦਾਂ ਆਵਾਂ ਇਹ ਸਿਰਫ਼ ਤੇ ਸਿਰਫ ਮੇਰੀ ਮਰਜ਼ੀ ਆ ਤੈਨੂੰ ਕੀ?
‘ਕਿਉਂ ਮੈਨੂੰ ਕੁਝ ਨੀ?
‘‘ਹਾਂ ਨਹੀਂ ਤਾਂ ਮਤਲਬ ਨਹੀਂ।
‘ਤੁਸੀਂ ਬਦਲੀਆਂ ਗੱਲਾਂ ਕਰਦੇ ਹੋ ਪਹਿਲਾਂ ਤੁਸੀਂ ਮੈਨੂੰ ਐਦਾਂ ਕਦੇ ਨਹੀਂ ਸੀ ਕਿਹਾ ਤੇ ਹੁਣ?
‘‘ਪਹਿਲਾਂ ਦੀ ਗੱਲ ਹੋਰ ਸੀ ਉਦੋਂ ਸਮਾਂ ਹੋਰ ਸੀ ਹਾਲਾਤ ਹੋਰ ਸੀ ਹੁਣ ਉਹ ਗੱਲ ਕਿੱਥੇ।
‘ਤੇ ਜੋ ਤੁਸੀਂ ਕਹਿੰਦੇ ਹੁੰਦੇ ਸੀ ਕਿ ਤੁਹਾਡਾ ਮੇਰੇ ਨਾਲ ਦਿਲ ਦਾ ਰਿਸ਼ਤਾ ਹੈ ਉਸਦਾ ਕੀ?
‘‘ਹਾ-ਹਾ-ਹਾ ਜਿਸ ਧੰਦੇ ’ਚ ਤੂੰ ਪਈ ਹੋਈ ਆਂ ਐਥੇ ਕਿਸੇ ਵੀ ਤਰ੍ਹਾਂ ਦੇ ਰਿਸ਼ਤੇ ਨਾਤੇ ਦਾ ਕੀ ਮਤਲਬ ਰਹਿ ਜਾਂਦਾ?
‘ਫਿਰ ਅੱਜ ਤੱਕ ਬਿਨਾਂ ਈ ਰਿਸ਼ਤੇ ਤੋਂ ਆਉਂਦੇ ਰਹੇ?
‘‘ਨਹੀਂ ਇੱਕ ਰਿਸ਼ਤਾ ਸੀ ਉਸੇ ਕਰਕੇ ਆਉਂਦਾ ਸੀ।
‘ਅੱਛਾ ਉਹ ਕਿਹੜਾ ਰਿਸ਼ਤਾ?
‘‘ਗਾਹਕ ਦਾ ਹੋਰ ਕਿਸਦਾ?
‘ਤੇ ਮੈਂ ਕੀ ਸੀ ਮੈਨੂੰ ਕੀ ਮੰਨਦੇ ਸੀ?
‘ਉਹੀ ਜੋ ਤੂੰ ਹੈਂ ਉਹੀ ਮੰਨਦਾ ਸੀ ਹੋਰ ਕੀ ਮੰਨਣਾ ਸੀ ਤੈਨੂੰ?
ਫਿਰ ਨਿਮਰਤਾ ਕੁਝ ਨਾ ਬੋਲੀ ਉਸਨੂੰ ਉਦੈ ਦੇ ਰਿਸ਼ਤੇ ਵਾਲੀ ਗੱਲ ਸਮਝ ਆ ਗਈ ਸੀ।
ਖਾਲੀ ਮੁੱਠੀ
ਹੱਥਾਂ ’ਚ ਪੈੱਗ ਫੜੀ ਉਹ ਬਾਹਰ ਬਾਲਕੋਨੀ ’ਚ ਖੜ੍ਹੀ ਹੋ ਗਈ। ਹੁਣ ਸ਼ਬਾਨਾ ਸਿਪ-ਸਿਪ ਕਰਕੇ ਨਾਲ਼ੇ ਤਾਂ ਪੈੱਗ ਪੀਈ ਜਾ ਰਹੀ ਸੀ ਤੇ ਨਾਲ਼-ਨਾਲ਼ ਆਸੇ-ਪਾਸੇ ਦੇਖੀ ਜਾਂਦੀ ਸੀ ਦੂਰ ਸੜ੍ਹਕ ਤੇ ਕਾਰਾਂ-ਗੱਡੀਆਂ ਦੀ ਇੱਕ ਵੱਡੀ ਭੀੜ ਸੀ ਜਿਸਨੂੰ ਦੇਖ ਕੇ ਸ਼ਬਾਨਾ ਨੇ ਮੂੰਹ ਦੂਸਰੇ ਪਾਸੇ ਕਰ ਲਿਆ ਕਿਉਂਕਿ ਉਹ ਜਾਣਦੀ ਸੀ ਕਿ ਇਹ ਸਾਰੀਆਂ ਕਾਰਾਂ-ਗੱਡੀਆਂ ਵੱਡੇ-ਵੱਡੇ ਧਨਾਢਾਂ ਦੀਆਂ ਨੇ ਉਹ ਧਨਾਢ ਜਿਹਨਾਂ ਨੂੰ ਦੇਖਦੇ ਸਾਰ ਸ਼ਬਾਨਾ ਨੂੰ ਖਿਝ ਚੜ੍ਹ ਜਾਂਦੀ ਸੀ ਪਰ ਮਜ਼ਬੂਰੀ ਵੱਸ ਸ਼ਬਾਨਾ ਨੂੰ ਉਹਨਾਂ ਦਾ ਸਾਥ ਝੱਲਣਾ ਪੈਂਦਾ।
ਆਸ-ਪਾਸ ਦੇਖਦੇ ਹੋਏ ਸ਼ਬਾਨਾ ਦੀ ਨਜ਼ਰ ਇੱਕ ਸਾਇਕਲ ਵਾਲੇ ਤੇ ਚਲੀ ਗਈ ਜਿਸਨੇ ਸਾਇਕਲ ਦੇ ਡੰਡੇ ਤੇ ਆਪਣੇ ਮੁੰਡੇ ਨੂੰ ਤੇ ਪਿੱਛੇ ਕੇਰਿਅਰ ਤੇ ਕੁੜੀ ਨੂੰ ਬਿਠਾਇਆ ਹੋਇਆ ਸੀ। ਉਹਨਾਂ ਵੱਲ ਨੂੰ ਦੇਖਕੇ ਸ਼ਬਾਨਾ ਨੂੰ ਬੜੀ ਖੁਸ਼ੀ ਹੋਈ। ਫਿਰ ਉਸ ਸਾਇਕਲ ਵਾਲੇ ਨੇ ਇੱਕ ਦੁਕਾਨ ਕੋਲ ਸਾਇਕਲ ਰੋਕਿਆ ਤੇ ਇੱਕ-ਇੱਕ ਬਿਸਕੁਟਾਂ ਦਾ ਪੈਕਟ ਲੈ ਕੇ ਦੋਵਾਂ ਬੱਚਿਆਂ ਨੂੰ ਦੇ ਦਿੱਤਾ ਪਰ ਬੱਚੇ ਸ਼ਾਇਦ ਕਿਸੇ ਹੋਰ ਚੀਜ਼ ਦੀ ਜਿੱਦ ਕਰ ਰਹੇ ਸੀ ਤਾਂ ਹੀ ਉਹਨੀਂ ਬਿਸਕੁਟ ਦੇਖਕੇ ਸਿਰ ਫੇਰ ਦਿੱਤਾ। ਜਦ ਫਿਰ ਉਸਨੇ ਇੱਕ-ਇੱਕ ਭੁਜੀਏ ਦਾ ਪੈਕਟ ਦਿੱਤਾ ਤਾਂ ਬੱਚਿਆਂ ਨੇ ਝੱਟ ਫੜ ਲਿਆ। ਫਿਰ ਉਹ ਉਥੋਂ ਚਲੇ ਗਏ।
ਸ਼ਬਾਨਾ ਦਾ ਧਿਆਨ ਅਚਾਨਕ ਟੁੱਟਾ ਜਦ ਉਸਦੇ ਕੰਨੀਂ ਕਿਸੇ ਦੀ ਅਵਾਜ਼ ਪਾਈ। ‘‘ਸ਼ਬਾਨਾ ਛੇਤੀ ਆ ਕਿਧਰ ਆਂ ਉਹ ਗੱਡੀ ਵਾਲਾ ਸੇਠ ਆਇਆ ਆ।’’
ਸੁਣਦੇ ਸਾਰ ਸ਼ਬਾਨਾ ਨੇ ਉੱਥੇ ਖੜ੍ਹੀ ਨੇ ਹੀ ਘੁੱਟ ਕੇ ਅੱਖਾਂ ਬੰਦ ਕਰ ਲਈਆਂ ਤੇ ਉਸਤੋਂ ਵੀ ਕਿਤੇ ਵੱਧ ਘੁੱਟ ਕੇ ਉਸਨੇ ਆਪਣੀ ਮੁੱਠੀ ਬੰਦ ਕਰ ਲਈ ਜਿਵੇਂ ਉਹ ਸੇਠ ਉਸਦੀ ਮੁੱਠੀ ’ਚ ਹੋਵੇ ਤੇ ਉਹ ਉਸਨੂੰ ਘੁੱਟ ਕੇ ਹੀ ਮਾਰ ਦੇਣਾ ਚਾਹੁੰਦੀ ਹੋਵੇ ਪਰ ਅੱਖਾਂ ਖੋਹਲ ਕੇ ਜਦ ਉਸਨੇ ਮੁੱਠੀ ਖੋਲ੍ਹੀ ਤਾਂ ਉਹ ਖਾਲੀ ਸੀ।