ਗ੍ਰਹਿਣ

ਪਵਨ ਦੀ ਇੱਕੋ ਗੱਲ ਨਾਲ ਸ਼ੁਸ਼ਮਾ ਨੂੰ ਇੰਝ ਮਹਿਸੂਸ ਹੋਇਆ ਸੀ ਜੀਵੇਂ ਅਚਾਨਕ ਕਿਸੇ ਨੇ ਇੱਟ ਉਸਦੇ ਮੱਥੇ ’ਚ ਮਾਰਤੀ ਹੋਵੇ।
‘ਯਾਰ ਬੱਸ ਤੂੰ ਕੁਝ ਨਾ ਪੁੱਛ ਸ਼ੁਸ਼ਮਾ ਵੈਸੇ ਈ ਮੇਰਾ ਦਿਲ ਜਿਹਾ ਨੀ ਮੰਨਦਾ ਹੁਣ।
‘‘ਫਿਰ ਐਦਾਂ ਕਹਿ ਦੇਣਾ ਸੀ ਨਾ ਇਹ ਕਹਿਣ ਦੀ ਕੀ ਲੋੜ ਸੀ ਕੀ ਤੁਹਾਨੂੰ ਹੁਣ ਮੇਰੇ ’ਚੋਂ ਮੁਸ਼ਕ ਆਉਣ ਲੱਗ ਪਿਆ।
‘ਉਹ ਨਹੀਂ-ਨਹੀਂ ਸ਼ੁਸ਼ਮਾ ਤੂੰ ਤਾਂ ਸੱਚ ਮੰਨ ਗਈ ਇਹ ਗੱਲ ਤਾਂ ਮੈਂ ਉਂਝ ਹੀ ਮਜ਼ਾਕ ’ਚ ਕਹਿ ਦਿੱਤੀ ਸੀ।
‘‘ਅੱਛਾ ਇਸ ਤਰ੍ਹਾਂ ਦੇ ਮਜ਼ਾਕ ਵੀ ਕਰ ਲੈਂਦੇ ਤੁਸੀਂ ਪਹਿਲਾਂ ਤਾਂ ਕਦੇ ਨੀ ਕਿਹਾ ਐਦਾਂ।
‘‘ਹਾ-ਹਾ-ਹਾ ਅੱਛਾ ਚੱਲ ਇਹ ਦੱਸ ਪਹਿਲਾਂ ਕੀ ਕਹਿੰਦਾ ਹੁੰਦਾ ਸੀ?
‘‘ਪਹਿਲਾਂ ਦੀ ਛੱਡੋ ਮੈਨੂੰ ਨੀ ਬਹੁਤਾ ਯਾਦ ਕੁਝ।
‘‘ਉਹ ਅੱਛਾ ਐਨੀਂ ਜਲਦੀ ਭੁੱਲ ਜਾਂਦੀ ਤੂੰ।
‘‘ਸਾਡੇ ਇਸ ਧੰਦੇ ’ਚ ਯਾਦਾਸ਼ਤ ਜ਼ਿਆਦਾ ਤੇਜ਼ ਰੱਖਣ ਵਾਲੇ ਦਾ ਗੁਜ਼ਾਰਾ ਨੀ ਹੁੰਦਾ ਸਾਨੂੰ ਹੋਇਆ ਬਿਤਿਆ ਭੁੱਲਣਾ ਈ ਪੈਂਦਾ।
‘ਚੱਲ ਮੈਨੂੰ ਵੀ ਭੁੱਲ ਜਾਵੀਂ ਹੁਣ ਸੁਸ਼ਮਾ।
‘‘ਨਹੀਂ-ਨਹੀਂ ਐਦਾ ਨਾ ਕਹੋ ਤੁਹਾਡੀ ਗੱਲ ਹੋਰ ਹੈ।
ਉਸ ਦਿਨ ਤੋਂ ਬਾਅਦ ਜਦ ਪਵਨ ਮੁੜ ਕੇ ਸੁਸ਼ਮਾ ਕੋਲ ਕਦੇ ਵੀ ਨਾ ਆਇਆ ਤਾਂ ਕੁਝ ਦਿਨਾਂ ਬਾਅਦ ਉਸਨੂੰ ਕੁੜੀਆਂ ਤੋਂ ਪਤਾ ਲੱਗ ਗਿਆ ਕੀ ਪਵਨ ਦਾ ਵਿਆਹ ਹੋ ਗਿਆ ਹੈ ਤੇ ਉਸਦੀ ਘਰਵਾਲੀ ਚੰਨ ਵਰਗੀ ਸੋਹਣੀ ਆ। ਫਿਰ ਜਦ ਸੁਸ਼ਮਾ ਨੇ ਸ਼ੀਸ਼ੇ ’ਚ ਆਪਣਾ ਚਿਹਰਾ ਦੇਖਿਆ ਤਾਂ ਉਸਨੂੰ ਆਪਣਾ ਆਪ ਵੀ ਚੰਨ ਵਰਗਾ ਲੱਗਾ ਪਰ ਉਹ ਚੰਨ ਜਿਸਨੂੰ ਗ੍ਰਹਿਣ ਲੱਗਾ ਹੋਵੇ।

ਸਤੀ-ਸਵਿੱਤਰੀ

ਪਾਰਕ ’ਚ ਬੈਠੀਆਂ ਸੀ ਉਹ ਸਾਰੀਆਂ ਉਹਨਾਂ ਵਿੱਚੋਂ ਕੋਈ ਕੁੜੀ ਆਸ-ਪਾਸ ਥੋੜਾ ਅਲੱਗ ਹੋ ਕੇ ਬੈਠੀ ਹੋਈ ਸੀ। ਕਿਸੇ-ਕਿਸੇ ਕੁੜੀ ਨੇ ਸਿਰ ਧੋਤਾ ਹੋਇਆ ਸੀ ਉਹ ਆਪਣੇ ਬਾਲ ਸੁਕਾ ਰਹੀ ਸੀ। ਕੁਝ ਸਮੇਂ ਬਾਅਦ ਸ਼ਾਰਧਾ ਉਠ ਕੇ ਉਸ ਪਾਸੇ ਵੱਲ ਨੂੰ ਚਲੀ ਗਈ ਜਿਧਰ ਸ਼ਬਜੀਆਂ ਅਤੇ ਫਲਾਂ ਵਾਲਿਆਂ ਦੀਆਂ ਰੇਹੜ੍ਹੀਆਂ ਲੱਗੀਆਂ ਹੋਈਆਂ ਸੀ। ਜਦੋਂ ਸ਼ਾਰਧਾ ਫਲਾਂ ਵਾਲੀ ਰੇਹੜ੍ਹੀ ਕੋਲ ਖੜ੍ਹੀ ਫਲਾਂ ਨੂੰ ਹੱਥ ਲਾ-ਲਾ ਰੇਹੜ੍ਹੀ ਵਾਲੇ ਤੋਂ ਮੁੱਲ ਪੁੱਛ ਰਹੀ ਸੀ ਤਾਂ ਅਚਾਨਕ ਨਾਲ ਦੀ ਰੇਹੜ੍ਹੀ ਤੋਂ ਸਬਜ਼ੀ ਖਰੀਦ ਰਹੀ ਔਰਤ ਦਾ ਬੱਚਾ ਸ਼ਾਰਧਾ ਦੀ ਸਾੜ੍ਹੀ ਖਿੱਚਣ ਲੱਗ ਪਿਆ। ਸ਼ਾਰਧਾ ਨੂੰ ਬੱਚੇ ਤੇ ਪਿਆਰ ਆਇਆ ਤੇ ਉਸਨੇ ਉਸਦੀਆਂ ਗੱਲ੍ਹਾਂ ਨੂੰ ਹੱਥ ਨਾਲ ਪਲੋਸਤਾ ਜਿੱਦਾਂ ਹੀ ਬੱਚੇ ਦੀ ਮਾਂ ਨੇ ਸ਼ਾਰਧਾ ਦਾ ਪਹਿਰਾਵਾ ਦੇਖਿਆ ਤਾਂ ਉਹ ਕਲਪ ਗਈ।
‘ਕਿਉਂ ਸ਼ਰਮ ਲਾਹੀ ਆ ਤੁਸੀਂ ਬੇਸ਼ਰਮੋ ਛੋਟੇ-ਛੋਟੇ ਬੱਚੇ ਤਾਂ ਛੱਡ ਦਿਉ ਗੰਦੀਓ ਨਰਕ ’ਚ ਰਹਿ-ਰਹਿ ਐਨੀ ਸੋਚ ਗੰਦੀ ਤੁਹਾਡੀ?
‘‘ਕਿਉਂ ਬੀਬੀ ਜੀ ਐਨਾ ਕਿਉਂ ਖਿਝ ਗਏ ਹੱਥ ਈ ਲਾਤਾ ਬੱਚੇ ਨੂੰ ਮਾੜਾ ਜਿਹਾ।
‘ਤੂੰ ਹੱਥ ਵੀ ਕਿੱਦਾਂ ਲਾਇਆ ਵੱਡਿਆਂ ਨੂੰ ਵੀ ਤੁਸੀਂ ਪਿੱਛੇ ਲਾਉਂਦੀਆਂ।
‘‘ਜ਼ੁਬਾਨ ਸੰਭਾਲ ਬੀਬੀ ਅਸੀਂ ਕਿਸੇ ਨੂੰ ਪਿੱਛੇ ਨੀ ਲਾਉਂਦੀਆਂ ਜਿਹੜਾ ਆਉਂਦਾ ਆਪ ਚਲ ਕੇ ਆਉਂਦਾ ਸਾਡੇ ਕੋਲ ਨਾਲ਼ੇ ਤੂੰ ਬਹੁਤੀ ਚਲਾਕ ਨਾ ਬਣ ਤੂੰ ਉਹੀ ਕੋਠੀ ਵਾਲੀ ਆਂ ਨਾ ਜੋ ਸਾਇਕਲਾਂ ਦੀ ਦੁਕਾਨ ਕੋਲ ਆ?
‘ਆਹੋ ਤੂੰ ਕੀ ਲੈਣਾ ਉਹ ਸਾਡੀ ਕੋਠੀ ਆ ਤੂੰ ਚੋਰੀ ਲਾਉਣੀ ਉੱਥੇ?
‘‘ਹਾ-ਹਾ ਸਭ ਤੋਂ ਵੱਡੀ ਚੋਰਨੀ ਤਾਂ ਤੂੰ ਈ ਬੈਠੀ ਉੱਥੇ ਤੇਰੇ ਪਤੀ ਦਾ ਡਰਾਇਵਰ ਆਉਂਦਾ ਹੁੰਦਾ ਕਦੇ-ਕਦੇ ਦਾਰੂ ਨਾਲ ਟੁੰਨ ਹੋਇਆ ਉਹ ਸਭ ਦੱਸਦਾ ਹੁੰਦਾ ਕਿ ਕਿੱਦਾਂ ਤੂੰ ਉਸਦੇ ਨਾਲ ਹਮ-ਬਿਸਤਰੀ ਕਰਦੀ ਆਂ। ਇੱਥੇ ਮੈਨੂੰ ਤੂੰ ਸਤਿ-ਸਵੀਤਰੀ ਬਣ ਕੇ ਦੱਸਦੀ ਆਂ ਤੁਸੀਂ ਘਰਾਂਵਾਲੀਆਂ ਵੀ ਬਹੁਤ ਚੰਨ ਚਾੜ੍ਹੀ ਜਾਂਦੀਆਂ ਸਾਨੂੰ ਸਭ ਪਤਾ ਆ।

This entry was posted in ਕਠਪੁਤਲੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>