ਸਰੀ, (ਹਰਦਮ ਮਾਨ) – ਕੈਨੇਡਾ ਵਿਚ 20 ਸਤੰਬਰ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਲਈ ਇਸ ਵੇਲੇ ਮਾਹੌਲ ਪੂਰੀ ਤਰ੍ਹਾ ਭਖਿਆ ਹੋਇਆ ਹੈ। ਇਨ੍ਹਾਂ ਚੋਣਾਂ ਵਿਚ 338 ਪਾਰਲਮੈਂਟ ਮੈਂਬਰ ਚੁਣੇ ਜਾਣੇ ਹਨ ਅਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ, ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਿਨ ਓ ਟੂਲ ਅਤੇ ਐਨ.ਡੀ.ਪੀ. ਦੇ ਪ੍ਰਧਾਨ ਜਗਮੀਤ ਸਿੰਘ ਇਸ ਵੇਲੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਲ ਤਿੰਨ ਪ੍ਰਮੁੱਖ ਖਿਡਾਰੀ ਹਨ।
ਇਨ੍ਹਾਂ ਚੋਣਾਂ ਵਿਚ 2019 ਦੀਆਂ ਚੋਣਾਂ ਦੇ ਮੁਕਾਬਲੇ ਔਰਤਾਂ ਨੇ ਵਧੇਰੇ ਰੁਚੀ ਦਿਖਾਈ ਹੈ। ਪਿਛਲੀਆਂ ਚੋਣਾਂ ਵਿਚ 42 ਪ੍ਰਤੀਸ਼ਤ ਔਰਤਾਂ ਚੋਣ ਮੈਦਾਨ ਵਿਚ ਸਨ ਪਰ ਇਸ ਵਾਰ 44 ਪ੍ਰਤੀਸ਼ਤ ਔਰਤਾਂ ਚੋਣ ਮੈਦਾਨ ਵਿਚ ਨਿੱਤਰੀਆਂ ਹਨ। ਪੰਜਾਬਣਾਂ ਵੀ ਇਸ ਚੋਣ ਵਿਚ ਪਿੱਛੇ ਨਹੀਂ ਰਹੀਆਂ ਅਤੇ ਇਸ ਵਾਰ 21 ਪੰਜਾਬਣਾਂ ਚੋਣਾਂ ਲੜ ਰਹੀਆਂ ਹਨ। ਚੋਣ ਅਖਾੜੇ ਵਿਚ ਉੱਤਰੀਆਂ ਪੰਜਾਬਣਾਂ ਵਿਚ ਸੋਨੀਆ ਸਿੱਧੂ, ਸਬੀਨਾ ਸਿੰਘ, ਜੈਗ ਸਹੋਤਾ, ਰੂਬੀ ਸਹੋਤਾ, ਕਮਲ ਖਹਿਰਾ, ਬਰਦੀਸ਼ ਚੱਗੜ, ਅੰਜੂ ਢਿੱਲੋਂ, ਰਾਜਪ੍ਰੀਤ ਤੂਰ, ਸੁੱਖੀ ਜੰਡੂ, ਟੀਨਾ ਬੈਂਸ, ਇੰਦਰਾ ਬੈਂਸ, ਈਸ਼ਾ ਕੋਹਲੀ, ਮੇਢਾ ਜੋਸ਼ੀ, ਪ੍ਰੀਤੀ ਲਾਂਬਾ, ਜਸਵੀਨ ਰਤਨ, ਅਨੀਤਾ ਅਨੰਦ, ਗੁਨੀਤ ਗਰੇਵਾਲ, ਮਨਿੰਦਰਜੀਤ ਕੌਰ, ਲਖਵਿੰਦਰ ਝੱਜ, ਨਰਵੀਨ ਗਿੱਲ ਤੇ ਸਰਬੀਨਾ ਗਰੋਵਰ ਸ਼ਾਮਲ ਹਨ। ਇਨ੍ਹਾਂ ਵਿੱਚੋਂ ਜੈਗ ਸਹੋਤਾ, ਕਮਲ ਖਹਿਰਾ, ਸੋਨੀਆ ਸਿੱਧੂ, ਅਨੀਤਾ ਅਨੰਦ, ਬਰਦੀਸ਼ ਚੱਗੜ, ਅੰਜੂ ਢਿੱਲੋਂ, ਰੂਬੀ ਸਹੋਤਾ ਪਿਛਲੀ ਪਾਰਲੀਮੈਂਟ ਵਿਚ ਵੀ ਐਮ.ਪੀ. ਚੁਣੀਆਂ ਗਈਆਂ ਸਨ।