ਫ਼ਤਹਿਗੜ੍ਹ ਸਾਹਿਬ – “ਕੌਮਾਂਤਰੀ ਪੱਧਰ ਦੀਆਂ ਖੇਡਾਂ ਵਿਚ ਜੋ ਪੰਜਾਬ ਸੂਬਾ ਤਕਰੀਬਨ ਹਰ ਖੇਡ ਵਿਚ ਪਹਿਲੇ ਦਰਜੇ ਦੇ ਤਗਮੇ ਪ੍ਰਾਪਤ ਕਰਕੇ ਕੌਮਾਂਤਰੀ ਪੱਧਰ ਉਤੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਆਨ-ਸਾਨ ਵਿਚ ਲੰਮਾਂ ਸਮਾਂ ਵਾਧਾ ਕਰਦਾ ਰਿਹਾ ਹੈ, ਹੁਣ ਅਜਿਹੀਆ ਖੇਡਾਂ ਵਿਚ ਸੂਬੇ ਵੱਲੋਂ ਕੋਈ ਸਨਮਾਨ ਪ੍ਰਾਪਤ ਨਾ ਕਰਨਾ ਵਿਸ਼ੇਸ਼ ਤੌਰ ਤੇ ਅਪਹਾਜ਼ਾਂ ਦੀਆਂ ਟੋਕੀਓ ਵਿਖੇ ਹੋਈਆ ਖੇਡਾਂ ਵਿਚ ਪੰਜਾਬ ਸੂਬੇ ਨੇ ਕੋਈ ਰਤੀਭਰ ਵੀ ਪ੍ਰਾਪਤੀ ਨਹੀਂ ਕੀਤੀ । ਜੋ ਵੱਡੇ ਅਫ਼ਸੋਸਨਾਕ ਅਮਲ ਹਨ । ਇਸ ਲਈ ਪੰਜਾਬ ਸੂਬੇ ਦੀ ਖੇਡ ਵਿਜਾਰਤ ਦੀ ਟੀਮ ਤੇ ਇਸ ਨਾਲ ਸੰਬੰਧਤ ਸਭ ਵੱਡੇ ਅਹੁਦੇਦਾਰ ਜ਼ਿੰਮੇਵਾਰ ਹਨ । ਕਿਉਂਕਿ ਖੇਡਾਂ ਦਾ ਪ੍ਰਬੰਧ ਅਜਿਹੇ ਤੁਜਰਬੇਕਾਰ ਇਨਸਾਨ ਦੇ ਹੱਕ ਵਿਚ ਹੋਣਾ ਚਾਹੀਦਾ ਹੈ ਜੋ ਖੇਡਾਂ ਦੀ ਮੁਹਾਰਤ ਰੱਖਦਾ ਹੋਵੇ ਅਤੇ ਉਸਦਾ ਜਿਆਦਾ ਜੀਵਨ ਕੌਮਾਂਤਰੀ ਸਟੇਟ ਪੱਧਰ ਦੀਆਂ ਖੇਡਾਂ ਵਿਚ ਗੁਜਰਿਆ ਹੋਵੇ । ਅਜੋਕੀ ਖੇਡ ਵਿਜਾਰਤ ਦੇ ਵਜ਼ੀਰ ਰਾਣਾ ਗੁਰਮੀਤ ਸਿੰਘ ਸੋਢੀ ਭਾਵੇ ਨੇਕ ਇਨਸਾਨ ਹਨ, ਪਰ ਉਨ੍ਹਾਂ ਦੀ ਅਗਵਾਈ ਵਿਚ ਕੌਮਾਂਤਰੀ ਪੱਧਰ ਦੀਆਂ ਖੇਡਾਂ ਦੀ ਸਾਖ ਵਿਚ ਬਹੁਤ ਵੱਡੀ ਗਿਰਾਵਟ ਆਈ ਹੈ । ਇਸ ਲਈ ਸਾਡੀ ਪੰਜਾਬ ਸਰਕਾਰ ਨੂੰ ਇਹ ਗੁਜਾਰਿਸ ਤੇ ਅਰਜੋਈ ਹੈ ਕਿ ਪੰਜਾਬ ਦੇ ਖੇਡ ਵਿਭਾਗ ਦੀ ਵਿਜਾਰਤ ਰਾਣਾ ਗੁਰਮੀਤ ਸਿੰਘ ਸੋਢੀ ਦੀ ਬਜਾਇ ਸ. ਪ੍ਰਗਟ ਸਿੰਘ ਐਮ.ਐਲ.ਏ. ਨੂੰ ਪੰਜਾਬ ਦੀ ਰਹਿੰਦੀ ਵਿਜਾਰਤ ਦੇ ਸਮੇਂ ਵਿਚ ਦੇ ਦੇਣੀ ਚਾਹੀਦੀ ਹੈ ਅਤੇ ਸੋਢੀ ਸਾਹਿਬ ਨੂੰ ਪ੍ਰਾਹੁਣਚਾਰੀ ਵਿਭਾਗ ਦਾ ਮੁੱਖੀ ਬਣਾਉਣਾ ਚਾਹੀਦਾ ਹੈ ਕਿਉਂਕਿ ਉਹ ਇਸ ਵਿਚ ਵੱਡੀ ਮੁਹਾਰਤ ਰੱਖਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਟੋਕਿਓ ਵਿਖੇ ਹੁਣੇ ਹੀ ਇੰਡੀਆਂ ਦੇ ਅਪਹਾਜ਼ ਖਿਡਾਰੀਆਂ ਵੱਲੋ ਖੇਡਕੇ ਵਾਪਸ ਪਰਤਣ ਉਤੇ ਪੰਜਾਬ ਸੂਬੇ ਦੀ ਕੋਈ ਵੀ ਪ੍ਰਾਪਤੀ ਨਾ ਹੋਣ ਉਤੇ ਅਫ਼ਸੋਸ ਜਾਹਰ ਕਰਦੇ ਹੋਏ ਅਤੇ ਖੇਡ ਵਿਭਾਗ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਦੇਣ ਦੀ ਬਜਾਇ ਖੇਡਾਂ ਦੀ ਮੁਹਾਰਤ ਰੱਖਣ ਵਾਲੇ ਸ. ਪ੍ਰਗਟ ਸਿੰਘ ਨੂੰ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਹਾਕੀ, ਫੁੱਟਬਾਲ, ਹੈਮਰਥ੍ਰੋਹ, ਡਿਸਕਸ ਥ੍ਰੋਹ, ਦੌੜ, ਸੂਟਿੰਗ ਆਦਿ ਖੇਡਾਂ ਵਿਚ ਪੰਜਾਬ ਸੂਬਾ ਅਤੇ ਉਸਦੇ ਖਿਡਾਰੀ ਵੱਡੀ ਗਿਣਤੀ ਵਿਚ ਸੋਨੇ ਦੇ ਤਗਮੇ ਜਿੱਤਕੇ ਵਾਪਸ ਪਰਤਦੇ ਰਹੇ ਹਨ ਜਿਸ ਨਾਲ ਲੰਮਾਂ ਸਮਾਂ ਕੌਮਾਂਤਰੀ ਪੱਧਰ ਉਤੇ ਖੇਡਾਂ ਦੇ ਮੈਦਾਨ ਵਿਚ ਪੰਜਾਬ ਸੂਬੇ ਦੀ ਝੰਡੀ ਰਹੀ ਹੈ । ਜੋ ਸਾਡੇ ਪੰਜਾਬੀਆਂ ਅਤੇ ਸਿੱਖ ਕੌਮ ਲਈ ਵੱਡੀ ਫਖਰ ਵਾਲੀ ਗੱਲ ਰਹੀ ਹੈ। ਲੇਕਿਨ ਕੁਝ ਬੀਤੇ ਸਮੇਂ ਤੋਂ ਖੇਡ ਖੇਤਰ ਵਿਚ, ਖੇਡ ਵਿਜਾਰਤ ਇਸ ਲਾਇਨ ਦੇ ਮੁਹਾਰਤ ਲੋਕਾਂ ਕੋਲ ਨਹੀਂ ਰਹੀ ਅਤੇ ਨਾ ਹੀ ਤੁਜਰਬੇਕਾਰ ਕੋਚਾ ਨੂੰ ਅਜਿਹੀ ਜ਼ਿੰਮੇਵਾਰੀ ਸੌਪੀ ਗਈ । ਜਿਸਦੀ ਬਦੌਲਤ ਅੱਜ ਪੰਜਾਬ ਸੂਬਾ ਕੌਮਾਂਤਰੀ ਖੇਡਾਂ ਵਿਚ ਪੱਛੜਕੇ ਰਹਿ ਗਿਆ ਹੈ । ਜੋ ਪੰਜਾਬ ਦੇ ਹੁਕਮਰਾਨਾਂ ਅਤੇ ਖੇਡ ਵਿਜਾਰਤ ਦੇ ਖਿਡਾਰੀਆਂ ਤੇ ਸਾਡੇ ਲਈ ਨਮੋਸ਼ੀ ਦਾ ਕਾਰਨ ਬਣਦੀ ਜਾ ਰਹੀ ਹੈ । ਇਸ ਕਮੀ ਨੂੰ ਦੂਰ ਕਰਨ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਦਾ ਖੇਡ ਵਿਭਾਗ ਖੇਡਾਂ ਦੀ ਮੁਹਾਰਤ ਰੱਖਣ ਵਾਲੇ ਸ. ਪ੍ਰਗਟ ਸਿੰਘ ਐਮ.ਐਲ.ਏ. ਵਰਗੀ ਸਖਸ਼ੀਅਤ ਨੂੰ ਸੌਪਿਆ ਜਾਵੇ ਅਤੇ ਜੋ ਹੁਣ ਖੇਡ ਵਿਜਾਰਤ ਰਾਣਾ ਗੁਰਮੀਤ ਸਿੰਘ ਸੋਢੀ ਦੇ ਅਧੀਨ ਹੈ, ਇਨ੍ਹਾਂ ਨੇ ਬੀਤੇ ਕੁਝ ਦਿਨ ਪਹਿਲੇ 64 ਦੇ ਕਰੀਬ ਪੰਜਾਬ ਦੇ ਐਮ.ਐਲ.ਏਜ਼ ਨੂੰ ਆਪਣੇ ਗ੍ਰਹਿ ਵਿਖੇ ਬੁਲਾਕੇ ਜੋ ਸ਼ਾਮ ਦਾ ਖਾਣ-ਪੀਣ ਦਾ ਬਹੁਤ ਵਧੀਆ ਢੰਗ ਨਾਲ ਪ੍ਰਬੰਧ ਕਰਕੇ ਆਓ-ਭਗਤ ਅਤੇ ਪ੍ਰਾਹੁਣਚਾਰੀ ਬਹੁਤ ਜੋਸ ਨਾਲ ਕੀਤੀ ਹੈ । ਪ੍ਰਾਹੁਣਚਾਰੀ ਕਰਨ ਦੇ ਢੰਗਾਂ ਦੀ ਪੂਰੀ ਮੁਹਾਰਤ ਰੱਖਦੇ ਹਨ ਇਸ ਲਈ ਇਨ੍ਹਾਂ ਨੂੰ ਵਿਜਾਰਤ ਵਿਚ ਬਾਹਰ ਨਾ ਕਰਕੇ ਪੰਜਾਬ ਦਾ ਪ੍ਰਾਹੁਣਚਾਰੀ ਵਿਭਾਗ ਦੇਣਾ ਬਣਦਾ ਹੈ ਤਾਂ ਕਿ ਇਨ੍ਹਾਂ ਦਾ ਸਤਿਕਾਰ ਵੀ ਕਾਇਮ ਰਹੇ ।