ਵਿਦਿਆਰਥੀਆਂ ਨੂੰ ਇਨੋਵੇਸ਼ਨ ਅਤੇ ਸਵੈ-ਰੋਜ਼ਗਾਰ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਅਤੇ ਇੰਸਟੀਚਿਊਸ਼ਨਲ ਇਨੋਵੇਸ਼ਨ ਕਾਊਂਸਲ ਦੇ ਸਹਿਯੋਗ ਨਾਲ ਕਰਵਾਏ ਅਬਦੁੱਲ ਕਲਾਮ ਇੰਟਰਨੈਸ਼ਨਲ ਇਨੋਵੇਸ਼ਨ ਕਨਕਲੇਵ-2021 ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੁਰਸਕਾਰਾਂ ਨਾਲ ਨਿਵਾਜਿਆ ਗਿਆ।ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਐਜੂਕੇਸ਼ਨ ਇਨੋਵੇਸ਼ਨ ਸੈਲ ਦੇ ਇਨੋਵੇਸ਼ਨ ਡਾਇਰੈਕਟਰ ਸ਼੍ਰੀ ਮੋਹਿਤ ਗੰਭੀਰ ਵੱਲੋਂ ਰਾਸ਼ਟਰੀ ਪੱਧਰ ’ਤੇ ਜੇਤੂਆਂ ਦਾ ਐਲਾਨ ਕੀਤਾ ਗਿਆ।ਇਸ ਦੌਰਾਨ ਆਈ.ਆਈ.ਟੀ ਮੁੰਬਈ ਦੇ ਸ਼੍ਰੀ ਪ੍ਰਸ਼ਾਦ ਨੇ ਰੋਗੀਆਂ ਦੀ ਆਪਣੀ ਚਮੜੀ ਦਾ ਉਪਯੋਗ ਕਰਕੇ ਜ਼ਖ਼ਮਾਂ ਦਾ ਤੇਜ਼ੀ ਨਾਲ ਇਲਾਜ ਕਰਨ ਵਾਲੀ ‘ਸਕਿੱਨ ਸਪਰੇਅ ਗਨ’ ਲਈ ਪਹਿਲਾ ਸਥਾਨ ਹਾਸਲ ਕਰਦੇ ਹੋਏ ਇੱਕ ਲੱਖ ਰੁਪਏ ਦਾ ਇਨਾਮ ਜਿੱਤਿਆ।ਇਸੇ ਤਰ੍ਹਾਂ ਟਿ੍ਰਨਿਟੀ ਕਾਲਜ ਆਫ਼ ਇੰਜੀਨੀਅਰਿੰਗ ਐਂਡ ਰਿਸਰਚ ਪੂਨੇ ਰੁਤਵਿਕ ਮਹਿੰਗੇ ਅਤੇ ਸੇਤੂ ਇੰਸਟੀਚਿਊਟ ਆਫ਼ ਟੈਕਨਾਲੋਜੀ ਤਾਮਿਲਨਾਡੂ ਦੇ ਰਮਨ, ਲਕਸ਼ਮਣਨ ਨੇ ਦੂਜੇ ਸਥਾਨ ’ਤੇ ਰਹਿੰਦੇ ਹੋਏ 50 ਹਜ਼ਾਰ ਰੁਪਏ ਹਾਸਲ ਕੀਤੇ ਜਦਕਿ ਇਲੈਕਟ੍ਰੀਕਲ ਸਕੂਟਰ ਜਸਟ ਚਾਰਜ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਜੈ ਚਚਰਾ, ਆਈ.ਆਈ.ਟੀ ਖੜਗਪੁਰ, ਵੈਸਟ ਬੰਗਾਲ ਦੇ ਮਨ ਗੋਇਲ ਅਤੇ ਯੂ.ਪੀ.ਈ.ਐਸ ਦੇਹਰਾਦੂਨ ਦੀ ਆਯੂਸ਼ੀ ਸ਼ਰਮਾ ਨੇ ਤੀਜਾ ਸਥਾਨ ਹਾਸਲ ਕਰਕੇ 25 ਹਜ਼ਾਰ ਦਾ ਇਨਾਮ ਹਾਸਲ ਕੀਤਾ।ਜੇਤੂ ਰਹੇ ਵਿਦਿਆਰਥੀਆਂ ਨੂੰ ਕੁੱਲ 7 ਲੱਖ ਤੋਂ ਵੱਧ ਦੀ ਰਾਸ਼ੀ ਭੇਂਟ ਕੀਤੀ ਗਈ।
ਇਸ ਤੋਂ ਇਲਾਵਾ ਦਾਸ ਐਂਡ ਬ੍ਰਾਊਨ ਸਕੂਲ ਫ਼ਿਰੋਜ਼ਪੁਰ ਦੀ ਪਾਰਥੀ ਅਤੇ ਐਸ.ਐਸ ਪਬਲਿਕ ਸਕੂਲ ਦੇ ਸ਼ੰਖਾ ਨੇ ਰਿਸਰਚ ਦੇ ਖੇਤਰ ’ਚ ਸਕੂਲ ਪੱਧਰ ਦੇ ਜੇਤੂਆਂ ’ਚ ਜਗ੍ਹਾ ਪੱਕੀ ਕੀਤੀ। ਇਸੇ ਤਰ੍ਹਾਂ ਅੰਤਰਰਾਸ਼ਟਰੀ ਪੱਧਰ ’ਤੇ ਜੇਤੂਆਂ ਦਾ ਐਲਾਨ ਵੀ ਕੀਤਾ ਗਿਆ, ਜਿਸ ਦੌਰਾਨ ਇੰਡੋਨੇਸ਼ੀਆ ਦੇ ਜੇਮਸ ਓ ਰਿਚਰਡ ਨੇ ਪਹਿਲੇ ਸਥਾਨ ’ਤੇ ਰਹਿੰਦੇ ਹੋਏ 1300 ਯੂ.ਐਸ ਡਾਲਰ, ਬ੍ਰਾਜ਼ੀਲ ਦੇ ਕਿ੍ਰਸ਼ਣਨ ਫਰਨਾਡਿਸ ਨੇ ਦੂਜੇ ਸਥਾਨ ’ਤੇ ਰਹਿੰਦਿਆਂ 650 ਡਾਲਰ ਅਤੇ ਬ੍ਰਾਜ਼ੀਲ ਦੇ ਮਾਰਕੋਜ਼ ਨੇ ਤੀਜੇ ਸਥਾਨ ’ਤੇ ਰਹਿੰਦਿਆਂ 300 ਡਾਲਰ ਦਾ ਇਨਾਮ ਹਾਸਲ ਕੀਤਾ। ਕਨਕਲੇਵ ਦਾ ਥੀਮ ਆਈ.ਓ.ਟੀ/ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਖੇਤੀਬਾੜੀ, ਸਿਹਤ, ਸਥਿਰ ਵਿਕਾਸ ਟੀਚੇ, ਊਰਜਾ ਅਤੇ ਪਾਣੀ ਸੰਭਾਲ, ਕੂੜਾ ਪ੍ਰਬੰਧਨ ਅਤੇ ਉਤਪਾਦ ਵਿਕਾਸ ਆਦਿ ਵਿਸ਼ਿਆਂ ’ਤੇ ਆਧਾਰਿਤ ਸੀ, ਇਨ੍ਹਾਂ ਖੇਤਰਾਂ ’ਚ ਦਰਪੇਸ਼ ਚਣੌਤੀਆਂ ਦੇ ਹੱਲਾਂ ਸਬੰਧੀ ਅਮਰੀਕਾ, ਕੈਨੇਡਾ, ਜਰਮਨੀ, ਯੂਕੇ ਸਮੇਤ 32 ਦੇਸ਼ਾਂ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਸ਼ੁਰੂਆਤੀ ਦੌਰ ’ਚ 5000 ਤੋਂ ਵੱਧ ਵਿਚਾਰ ਅਤੇ ਉਤਪਾਦ ਜਮ੍ਹਾਂ ਕਰਵਾਏ। ਦੂਜੇ ਪੜਾਅ ਦੌਰਾਨ 800 ਸਰਬੋਤਮ ਵਿਚਾਰਾਂ ਦੀ ਚੋਣ ਕੀਤੀ ਗਈ ਅਤੇ ਅੰਤ ਵਿੱਚ 30 ਉਤਮ ਵਿਚਾਰਾਂ ਨੂੰ ਤਰਜੀਹ ਦਿੱਤੀ ਗਈ। ਸਮੁੱਚੇ ਸੰਮੇਲਨ ਦੌਰਾਨ 30 ਸਰਬੋਤਮ ਵਿਚਾਰਾਂ ਵਿਚੋਂ ਸਕੂਲੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ 3 ਵਿਚਾਰ ਸਾਰਿਆਂ ਲਈ ਪ੍ਰੇਰਨਾ ਸਰੋਤ ਬਣੇ ਹਨ।
ਵਰਚੁਅਲ ਪ੍ਰੋਗਰਾਮ ਦੌਰਾਨ ਦੱਖਣੀ ਪੂਰਬੀ ਫਿਲੀਪੀਂਜ਼ ਯੂਨੀਵਰਸਿਟੀ ਦੀ ਪ੍ਰੈਜੀਡੈਂਟ ਡਾ. ਲੌਰਡਸ ਸੀ ਜੇਨੇਰਾਲੋ, ਯੂ.ਐਸ ਅੰਬੈਸੀ ਨਵੀਂ ਦਿੱਲੀ ਦੀ ਅਸਿਸਟੈਂਟ ਕਲਚਰਲ ਅਫ਼ੇਅਰ ਜ਼ਅਫ਼ਸਰ ਮਿਸ ਜੋਅ ਕਿੰਗ, ਮਨਿਸਟਰੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਭਾਰਤ ਸਰਕਾਰ ਤੋਂ ਸਲਾਹਕਾਰ ਅਤੇ ਵਿਗਿਆਨ ਨਮਿਤਾ ਗੁਪਤਾ ਅਤੇ ਨੈਕਸਸ ਇਨਕੁਬੇਸ਼ਨ ਹੱਬ ਦੇ ਡਾਇਰੈਕਟਰ ਵਿਕਾਸ ਸੂਦ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ.ਆਰ.ਐਸ ਬਾਵਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ‘ਇਨੋਵੇਸ਼ਨ ਨਾਲ ਬਦਲਾਅ ਲਿਆਉਣਾ ਸਿੱਖੋ’ ਵਿਸ਼ੇ ’ਤੇ ਨਵੀਨਤਾ ਅਤੇ ਨਵੇਂ ਵਿਚਾਰਾਂ ਵੱਲ ਸੇਧ ਪ੍ਰਦਾਨ ਕੀਤੀ।
ਸੈਸ਼ਨ ਨੂੰ ਸੰਬੋਧਨ ਕਰਦਿਆਂ ਡਾ. ਮੋਹਿਤ ਗੰਭੀਰ ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਇਨੋਵੇਸ਼ਨ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਭਾਰਤ ਸਰਕਾਰ ਦੇ ਡੀ.ਐਸ.ਟੀ, ਡੀ.ਬੀ.ਟੀ ਅਤੇ ਇਨੋਵੇਸ਼ਨ ਸੈੱਲ ਵਰਗੀਆਂ ਸੰਸਥਾਵਾਂ ਅਤੇ ਏਜੰਸੀਆਂ ਅਗਲੀ ਪੀੜ੍ਹੀ ਦੇ ਉਦਮੀਆਂ ਲਈ ਢੁੱਕਵਾਂ ਵਾਤਾਵਰਣ ਬਣਾਉਣ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਸਕੂਲੀ ਸਿੱਖਿਆ ਨੂੰ ਇੱਕ ਅਜਿਹਾ ਪੜਾਅ ਦੱਸਿਆ ਜਿੱਥੇ ਵਿਦਿਆਰਥੀ ਦੀ ਮਜ਼ਬੂਤ ਬੁਨਿਆਦ ਤਿਆਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਕੂਲ ਪੱਧਰ ’ਤੇ ਵਿਦਿਆਰਥੀਆਂ ਨੂੰ ਇਨੋਵੇਸ਼ਨ ਪ੍ਰਤੀ ਉਤਸ਼ਾਹਿਤ ਕਰਨ ਲਈ 10 ਹਜ਼ਾਰ ਤੋਂ ਵੱਧ ਸਕੂਲ ਇਨੋਵੇਸ਼ਨ ਕਾਊਂਸਲ ਸਥਾਪਿਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜਦਕਿ ਵੱਖ-ਵੱਖ ਕਾਲਜਾਂ, ਯੂਨੀਵਰਸਿਟੀਆਂ ’ਚ 2500 ਤੋਂ ਵੱਧ ਇੰਸਟੀਚਿਊਸ਼ਨਲ ਇਨੋਵੇਸ਼ਨ ਕਾਊਂਸਲਾਂ ਪਹਿਲਾਂ ਤੋਂ ਹੀ ਚਲਾਈਆਂ ਜਾ ਰਹੀਆਂ ਹਨ, ਜੋ ਡਿਜ਼ਾਇਨ ਵਿਚਾਰਾਂ, ਸਿਰਜਣਾਤਮਕਤਾ, ਉਦਮਤਾ ਸਬੰਧੀ ਹੁਨਰਾਂ ਆਦਿ ਰਾਹੀਂ ਨੌਜਵਾਨਾਂ ਦਾ ਵਿਕਾਸ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਇਹ ਚੰਗੀ ਤਰ੍ਹਾਂ ਸਮਝਿਆ ਗਿਆ ਹੈ ਕਿ ਭਵਿੱਖ ਦੀਆਂ ਇਨੋਵੇਸ਼ਨਾਂ ਪਿਰਾਮਿਡ ਦੇ ਆਧਾਰ ਤੋਂ ਉਭਰਣਗੀਆਂ, ਜਿੱਥੇ ਹਰ ਕੋਈ ਆਪਣੀਆਂ ਜ਼ਰੂਰਤਾਂ ਲਈ ਇਨੋਵੇਸ਼ਨ ’ਤੇ ਨਿਰਭਰ ਰਹੇਗਾ। ਪਿਰਾਮਿਡ ਦਾ ਇਹ ਆਧਾਰ ਸਮਾਜ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਨੂੰ ਸਿਖਲਾਈ ਦੇਣ ਦੀ ਜ਼ਰੂਰਤ ਹੈ।
ਸਵੈ-ਰੋਜ਼ਗਾਰ ਦੀ ਮਹੱਤਤਾ ਸਬੰਧੀ ਗੱਲਬਾਤ ਕਰਦਿਆਂ ਸ਼੍ਰੀ ਵਿਕਾਸ ਸੂਦ ਨੇ ਕਿਹਾ ਕਿ ਭਾਰਤ ਮੌਜੂਦਾ ਸਮੇਂ ’ਚ ਦੁਨੀਆਂ ਦਾ ਤੀਜਾ ਸੱਭ ਤੋਂ ਵੱਡਾ ਸਟਾਰਟਅੱਪ ਇਕੋਸਿਸਟਮ ਹੈ ਅਤੇ ਦੇਸ਼ ’ਚ 40 ਹਜ਼ਾਰ ਤੋਂ ਜ਼ਿਆਦਾ ਰਜਿਸਟਰਡ ਸਟਾਰਟਅੱਪ ਹੈ।ਭਾਰਤ ’ਚ 50 ਤੋਂ ਜ਼ਿਆਦਾ ਫਰਮਾ ਹਨ, ਜਿਨ੍ਹਾਂ ਦਾ ਮੁੱਲ 1 ਬਿਲੀਅਨ ਅਮਰੀਕੀ ਡਾਲਰ ਤੋਂ ਜ਼ਿਆਦਾ ਹੈ। ਈ-ਕਮਰਸ ਤੋਂ ਲੈ ਕੇ ਇਲੈਕਟਿ੍ਰਕ ਵਾਹਨਾਂ ਤੱਕ ਭਾਰਤੀ ਸਟਾਰਟਅੱਪ ਦੇਸ਼ ਦੇ ਇਨੋਵੇਟਰਾਂ ਅਤੇ ਉਦਮੀਆਂ ਦੀ ਭਾਵਨਾ ਲਈ ਮਿਸਾਲ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਟਾਰਟਅੱਪ ਈਕੋਸਿਸਟਮ ਦੇਸ਼ ਦੇ ਡਿਜੀਟਲਾਈਜੇਸ਼ਨ ਅਤੇ ਸਮਾਜ ਦੇ ਸਾਰੇ ਵਰਗਾਂ ਵਿੱਚ ਧੰਨ ਅਤੇ ਨੌਕਰੀਆਂ ਦੇ ਨਿਰਮਾਣ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ।ਗਲੋਬਲ ਪੂੰਜੀ ਭਾਰਤ ਵਿੱਚ ਪਹਿਲਾਂ ਨਾਲੋਂ ਤੇਜ਼ੀ ਨਾਲ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ 15 ਤੋਂ ਵੱਧ ਅਜਿਹੇ ਸਟਾਰਟਅੱਪ ਹਨ ਜੋ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਯੂਨੀਕੋਰਨ ਬਣ ਗਏ ਹਨ ਜਦਕਿ 4 ਮਹੀਨੇ ਹਾਲੇ ਬਾਕੀ ਹਨ।
ਇਸ ਮੌਕੇ ਬੋਲਦਿਆਂ ਡਾ. ਲੌਰਡਸ ਸੀ ਜੇਨੇਰਾਲੋ ਨੇ ਕਿਹਾ ਕਿ ਹਰ ਚੀਜ਼ ਇੱਕ ਵਿਚਾਰ ਨਾਲ ਆਰੰਭ ਹੁੰਦੀ ਹੈ, ਅਸਲ ਵਿੱਚ ਅਸੀਂ ਆਪਣੇ ਆਲੇ ਦੁਆਲੇ ਜੋ ਕੁੱਝ ਵੇਖਦੇ ਹਾਂ, ਭਾਵੇਂ ਉਹ ਤਕਨਾਲੋਜੀ, ਦਵਾਈ, ਉਤਪਾਦ, ਬੁਨਿਆਦੀ ਢਾਚਾਂ ਆਦਿ ਛੋਟੇ ਵਿਚਾਰਾਂ ਤੋਂ ਬਣਾਏ ਗਏ ਹਨ, ਜੋ ਬਾਅਦ ਵਿੱਚ ਇੱਕ ਮਹਾਨ ਖੋਜ ਵਿੱਚ ਬਦਲ ਜਾਂਦਾ ਹੈ।ਉਨ੍ਹਾਂ ਕਿਹਾ ਕਿ ਵਿਚਾਰ ਹੁਣ ਸਿਰਫ਼ ਸੰਕਲਪ ਨਹੀਂ ਹਨ, ਉਨ੍ਹਾਂ ਨੂੰ ਹਕੀਕਤ ਵਿੱਚ ਢਾਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਸਮਾਗਮ ਬਹੁਤ ਮਹੱਤਵਪੂਰਨ ਹੋਣ ਜਾ ਰਿਹਾ ਹੈ, ਖਾਸਕਰ ਮਹਾਂਮਾਰੀ ਦੇ ਦੌਰਾਨ, ਕਿਉਂਕਿ ਇਹ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਵਿਚਾਰਾਂ ਲਈ ਇੱਕ ਮੰਚ ਪ੍ਰਦਾਨ ਕਰਵਾਉਂਦਾ ਹੈ।ਵਿਦਿਆਰਥੀਆਂ ਨੂੰ ਮੁਕਾਬਲਿਆਂ ਵਿੱਚ ਭਾਗ ਲੈਣ ਅਤੇ ਇਨੋਵੇਸ਼ਨ ਅਤੇ ਤਕਨਾਲੋਜੀ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਸ਼ੁਭਕਾਮਨਾਵਾਂ ਦਿੰਦਿਆਂ ਜੋਯ ਕਿੰਗ ਨੇ ਕਿਹਾ ਕਿ ਤੁਸੀਂ ਇਹ ਮੁਕਾਬਲਾ ਅਜਿਹੇ ਸਮੇਂ ਵਿੱਚ ਪੂਰਾ ਕੀਤਾ ਹੈ ਜਦੋਂ ਪੂਰਾ ਵਿਸ਼ਵ ਕੋਵਿਡ-19 ਕਾਰਨ ਨਾਜ਼ੁਕ ਸਥਿਤੀ ਨੂੰ ਵੇਖ ਰਿਹਾ ਹੈ, ਜੋ ਤੁਹਾਡੇ ਉਚ ਵਿਚਾਰਾਂ ਅਤੇ ਦਿ੍ਰੜਤਾ ਨੂੰ ਦਰਸਾਉਂਦਾ ਹੈ।ਉਨ੍ਹਾਂ ਕਿਹਾ ਕਿ ਸੰਕਟ ਨੇ ਨਵੇਂ ਮੌਕੇ ਪੈਦਾ ਕੀਤੇ ਹਨ ਅਤੇ ਇਨੋਵੇਟਰ ਕਿਸੇ ਵੀ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।ਖੋਜਾਰਥੀ ਨਵੇਂ ਉਤਪਾਦਾਂ, ਸਾਧਨਾਂ ਅਤੇ ਬਿਹਰਤ ਸੇਵਾਵਾਂ ਦੁਆਰਾ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਦੇ ਹੋਏ ਸਮਾਜਕ ਤਬਦੀਲੀ ਨੂੰ ਉਤਸ਼ਾਹਤ ਕਰਦਾ ਹੈ।