ਦਿੱਲੀ : ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕੋ-ਆਪਸ਼ਨ ਅਰਥਾਨ ਨਾਮਜਦਗੀ ਲਈ ਦਿੱਲੀ ਗੁਰੂਦੁਆਰਾ ਚੋਣ ਡਾਇਰੈਕਟਰ ਵਲੌਂ ਅਜ ਸੱਦੀ ਮੀਟਿੰਗ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਮਾਹਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਅਜ 9 ਮੈਂਬਰਾਂ ਦੀ ਨਾਮਜਦਗੀ ਹੋਣੀ ਸੀ, ਜਿਸ ‘ਚ ਚਾਰ ਤਖਤਾਂ ਸ੍ਰੀ ਅਕਾਲ ਤਖਤ ਸਾਹਿਬ ਅਮ੍ਰਿਤਸਰ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਪਟਨਾ ਸਾਹਿਬ ‘ਤੇ ਸ੍ਰੀ ਹਜੂਰ ਸਾਹਿਬ ਦੇ ਜੱਥੇਦਾਰ ਸਾਹਿਬਾਨਾਂ ਤੋਂ ਇਲਾਵਾ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਨੁਮਾਇੰਦਾ, ਦੋ ਮੈਂਬਰ ਵੋਟਾਂ ਰਾਹੀ ‘ਤੇ ਦੋ ਮੈਂਬਰ ਦਿੱਲੀ ਦੇ ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਧਾਨਾਂ ‘ਚੋਂ ਲਾਟਰੀ ਰਾਹੀ ਨਾਮਜਦ ਕੀਤੇ ਜਾਣੇ ਸਨ। ਉਨ੍ਹਾਂ ਦਸਿਆ ਕਿ ਦੋ ਮੈਂਬਰਾਂ ਦੀ ਵੋਟਾਂ ਰਾਹੀ ਚੋਣ ਕਰਵਾਈ ਗਈ ਜਿਸ ‘ਚ ਸਰਨਾ ਦਲ ਦੇ ਪਰਮਜੀਤ ਸਿੰਘ ਸਰਨਾ ਨੂੰ 18 ‘ਤੇ ਬਾਦਲ ਦਲ ਦੇ ਦੋ ਉਮੀਦਵਾਰਾਂ ਨੂੰ 15 ‘ਤੇ 12 ਵੋਟਾਂ ਹਾਸਿਲ ਹੋਈਆਂ, ਜਦਕਿ ਬਾਦਲ ਦਲ ਦੇ ਇਕ ਮੈਂਬਰ ਦੀ ਵੋਟ ਅਦਾਲਤ ਦੇ ਆਦੇਸ਼ਾਂ ਮੁਤਾਬਿਕ ਸੀਲ ਬੰਦ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ‘ਚ ਜੇਤੂ ਉਮੀਦਵਾਰ ਨੂੰ 16 ਵੋਟਾਂ ਹਾਸਿਲ ਕਰਣੀਆਂ ਲਾਜਮੀ ਸਨ। ਹਾਲਾਂਕਿ ਚੋਣ ਨਤੀਜੇ ਕਲ ਦਿੱਲੀ ਹਾਈ ਕੋਰਟ ਦੇ ਸਨਮੁਖ ਐਲਾਨੇ ਜਾਣਗੇ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਇਸ ਪ੍ਰਕਿਆ ਤੋਂ ਉਪਰੰਤ ਮੋਜੂਦ ਮੈਂਬਰਾਂ ਵਲੋਂ ਸਿੰਘ ਸਭਾ ਗੁਰੂਦੁਆਰਿਆਂ ਦੀ ਲਿਸਟ ‘ਚ ਖਾਮੀਆਂ ਸਬੰਧੀ ਕੀਤੇ ਇਤਰਾਜਾਂ ਕਾਰਨ ਮੀਟਿੰਗ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ, ਜਿਸ ਨਾਲ ਨਾਂ ਤਾਂ ਇਹਨਾਂ ਪ੍ਰਧਾਨਾਂ ਦੀ ਲਾਟਰੀ ਕੱਢੀ ਜਾ ਸਕੀ ‘ਤੇ ਨਾ ਹੀ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ‘ਤੇ ਚਾਰ ਤਖਤਾਂ ਦੇ ਜੱਥੇਦਾਰ ਸਾਹਿਬਾਨ ਨਾਮਜਦ ਹੋ ਸਕੇ। ਉਨ੍ਹਾਂ ਦਸਿਆ ਕਿ ਚੋਣ ਵਿਭਾਗ ਵਲੌਂ ਸਿੰਘ ਸਭਾ ਦੀ ਸੂਚੀਆਂ ਦੁਰਸਤ ਕਰਨ ਤੋਂ ਉਪਰੰਤ ਕੋ-ਆਪਸ਼ਨ ਦੀ ਅਗਲੇਰੀ ਮੀਟਿੰਗ ਦੀ ਤਾਰੀਖ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋ-ਆਪਸ਼ਨ ਦੀ ਪ੍ਰਕਿਆ ਪੂਰੀ ਹੋਣ ਤੋਂ ਉਪਰੰਤ ਹੀ ਦਿੱਲੀ ਕਮੇਟੀ ਦੇ ਕਾਰਜਕਾਰੀ ਬੋਰਡ ਦੀ ਚੋਣਾਂ ਦੀ ਤਾਰੀਖ ਮਿੱਥੀ ਜਾਵੇਗੀ।
ਦਿੱਲੀ ਗੁਰੂਦੁਆਰਾ ਚੋਣਾਂ ਦੀ ਕੋ-ਆਪਸ਼ਨ ਦੀ ਮੀਟਿੰਗ ਅਣਮਿੱਥੇ ਸਮੇਂ ਲਈ ਮੁਲਤਵੀ – ਇੰਦਰ ਮੋਹਨ ਸਿੰਘ
This entry was posted in ਭਾਰਤ.