ਫ਼ਤਹਿਗੜ੍ਹ ਸਾਹਿਬ – “ਇੰਡੀਅਨ ਪਾਰਲੀਮੈਂਟ ਅਤੇ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੋਵਾਂ ਦੀ ਚੋਣ ਇੰਡੀਅਨ ਵਿਧਾਨ ਦੇ ਅਨੁਸਾਰ ਹਰ 5 ਸਾਲ ਬਾਅਦ ਹੁੰਦੀਆਂ ਹਨ । ਜਦੋਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਵਿਚ ਅੰਗਰੇਜ਼ਾਂ ਸਮੇਂ ਹੋਂਦ ਵਿਚ ਆਈ ਸੀ ਅਤੇ ਇੰਡੀਅਨ ਪਾਰਲੀਮੈਂਟ 1952 ਵਿਚ ਹੋਂਦ `ਚ ਆਈ ਸੀ । ਪਾਰਲੀਮੈਂਟ ਦੀਆਂ 5 ਸਾਲਾ ਦੇ ਸਮੇਂ ਅਨੁਸਾਰ ਹੁਣ ਤੱਕ 17 ਵਾਰ ਚੋਣਾਂ ਹੋ ਚੁੱਕੀਆਂ ਹਨ, ਲੇਕਿਨ ਜੋ 27 ਸਾਲ ਪਹਿਲੇ ਐਸ.ਜੀ.ਪੀ.ਸੀ. ਪਾਰਲੀਮੈਂਟ ਹੋਂਦ ਵਿਚ ਆਈ ਸੀ ਉਸਦੀਆਂ ਅੱਜ ਤੱਕ ਕੇਵਲ 8 ਵਾਰ ਜਰਨਲ ਚੋਣਾਂ ਹੋਈਆ ਹਨ । ਕਹਿਣ ਤੋਂ ਭਾਵ ਹੈ ਇੰਡੀਆਂ ਦੇ ਹੁਕਮਰਾਨਾਂ ਨੇ ਆਪਣੀ ਸਿਆਸਤ ਵਿਚ ਭਾਈਵਾਲ ਜਮਾਤ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸੀ ਅਤੇ ਹਕੂਮਤੀ ਫਾਇਦੇ ਪਹੁੰਚਾਉਣ ਲਈ ਇਨ੍ਹਾਂ ਦੀ ਸਲਾਹ ਉਤੇ ਹੀ ਬਣਦੇ ਸਮੇਂ ਉਤੇ ਚੋਣਾਂ ਨਾ ਕਰਵਾਕੇ ਅਤੇ ਕਈ-ਕਈ ਟਰਮਾਂ ਚੋਣਾਂ ਦਾ ਪ੍ਰਬੰਧ ਨਾ ਕਰਕੇ ਅਸਲੀਅਤ ਵਿਚ ਹੁਕਮਰਾਨ ਅਤੇ ਐਸ.ਜੀ.ਪੀ.ਸੀ. ਉਤੇ ਕਾਬਜ ਹੁਕਮਰਾਨਾਂ ਦੇ ਹੱਥਠੋਕੇ ਬਣੇ ਸਿਆਸਤਦਾਨ ਜਮਹੂਰੀਅਤ ਦਾ ਨਿਰੰਤਰ ਜਨਾਜ਼ਾਂ ਕੱਢਦੇ ਆ ਰਹੇ ਹਨ । ਹੁਣ ਜੋ ਜਰਨਲ ਚੋਣ ਐਸ.ਜੀ.ਪੀ.ਸੀ. ਦੀ ਹੋਈ ਸੀ, ਉਹ 2011 ਵਿਚ ਹੋਈ ਸੀ । ਇੰਡੀਅਨ ਵਿਧਾਨ ਤੇ ਕਾਨੂੰਨ ਅਨੁਸਾਰ 2016 ਵਿਚ ਮਿਆਦ ਖਤਮ ਹੋਣ ਉਪਰੰਤ ਇਸਦੀ ਚੋਣ ਹੋਣੀ ਜ਼ਰੂਰੀ ਸੀ, ਜੋ ਨਹੀਂ ਕਰਵਾਈ ਗਈ । ਫਿਰ ਦੂਸਰੀ ਵਾਰ ਇਸ ਐਸ.ਜੀ.ਪੀ.ਸੀ. ਦੀ ਮਿਆਦ ਸਤੰਬਰ 2021 ਵਿਚ ਖਤਮ ਹੋਣ ਜਾ ਰਹੀ ਹੈ, ਕਹਿਣ ਤੋਂ ਭਾਵ ਹੈ ਕਿ ਬੀਤੇ 10 ਸਾਲਾਂ ਤੋਂ (ਦੋ ਟਰਮਾਂ) ਚੋਣਾਂ ਨਾ ਕਰਵਾਕੇ ਇਸ ਸੰਸਥਾਂ ਉਤੇ ਪ੍ਰਬੰਧ ਨੂੰ ਚਲਾਉਣ ਲਈ ਸਿੱਖ ਕੌਮ ਤੋਂ ਫਤਵਾ ਨਾ ਲੈਕੇ ਜਬਰੀ ਗੈਰ ਕਾਨੂੰਨੀ ਅਤੇ ਗੈਰ ਵਿਧਾਨਿਕ ਤਰੀਕੇ ਸੈਂਟਰ ਦੀ ਸਰਕਾਰ ਦੀ ਸਹਾਇਤਾ ਨਾਲ ਚਲਾਉਦੇ ਆ ਰਹੇ ਹਨ । ਜਿਸ ਨੂੰ ਸਿੱਖ ਕੌਮ ਦੀ ਕੋਈ ਕਾਨੂੰਨੀ ਮਾਨਤਾ ਪ੍ਰਾਪਤ ਨਹੀਂ ਅਤੇ ਨਾ ਹੀ ਇਸਦੇ ਪ੍ਰਧਾਨ, ਐਸ.ਜੀ.ਪੀ.ਸੀ. ਮੈਬਰ ਅਤੇ ਮੌਜੂਦਾ ਜਥੇਦਾਰ ਸਾਹਿਬਾਨ ਨੂੰ ਕੋਈ ਹੱਕ ਹੈ ਕਿ ਉਹ ਸਿੱਖ ਕੌਮ ਉਤੇ ਜ਼ਬਰੀ ਹੁਕਮ ਲਾਗੂ ਕਰਨ ਅਤੇ ਇਸ ਸੰਸਥਾਂ ਦੇ ਪ੍ਰਬੰਧ ਨੂੰ ਸਿੱਖ ਕੌਮ ਦੀ ਰਾਏ ਦੇ ਵਿਰੁੱਧ ਜ਼ਬਰੀ ਚਲਾਉਣ । ਇਸ ਲਈ ਅਸੀਂ 18 ਸਤੰਬਰ 2021 ਨੂੰ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਖ਼ਾਲਸਾ ਪੰਥ ਦਾ ਇਕੱਠ ਰੱਖਿਆ ਹੈ ਤਾਂ ਕਿ ਉਸ ਦਿਨ ਇਨ੍ਹਾਂ ਨੂੰ ਗੈਰ ਕਾਨੂੰਨੀ ਕਰਾਰ ਦੇ ਕੇ ਇਨ੍ਹਾਂ ਦੇ ਕਿਸੇ ਤਰ੍ਹਾਂ ਦੇ ਹੁਕਮ ਮੰਨਣ ਜਾਂ ਐਸ.ਜੀ.ਪੀ.ਸੀ. ਸੰਸਥਾਂ ਦੇ ਪ੍ਰਬੰਧ ਨੂੰ ਮਾਨਤਾ ਨਾ ਦੇਣ ਲਈ ਚੁਣੋਤੀ ਦਿੱਤੀ ਜਾ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਖ਼ਾਲਸਾ ਪੰਥ ਨੂੰ ਮੌਜੂਦਾ ਐਸ.ਜੀ.ਪੀ.ਸੀ. ਦੇ ਬੀਤੇ 10 ਸਾਲਾਂ ਤੋਂ ਗੈਰ ਕਾਨੂੰਨੀ ਤਰੀਕੇ ਚੱਲਦੇ ਆ ਰਹੇ ਪ੍ਰਬੰਧ ਅਤੇ ਤਾਨਾਸ਼ਾਹੀ ਅਮਲਾਂ ਤੋਂ ਜਾਣਕਾਰੀ ਦਿਵਾਉਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਇਸ ਪ੍ਰਬੰਧ ਨੂੰ ਚੁਣੋਤੀ ਦੇਣ ਹਿੱਤ 18 ਸਤੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ 10 ਸਾਲਾਂ ਵਿਚ ਹੀ ਨਹੀਂ ਬਲਕਿ ਪਹਿਲੇ ਵੀ ਇਸਦੇ ਪ੍ਰਬੰਧ ਵਿਚ ਬਹੁਤ ਵੱਡੀਆਂ ਖਾਮੀਆ ਉਤਪੰਨ ਹੋ ਚੁੱਕੀਆ ਸਨ । ਇਹੀ ਵਜਹ ਹੈ ਕਿ ਐਸ.ਜੀ.ਪੀ.ਸੀ. ਦੇ ਅਧੀਨ ਪ੍ਰਕਾਸਿਤ ਹੋਣ ਵਾਲੇ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ 5-6 ਸਾਲ ਪਹਿਲੇ ਅਧਿਕਾਰੀਆਂ ਵੱਲੋਂ ਕਿਸੇ ਡੂੰਘੀ ਸਾਜ਼ਿਸ ਤਹਿਤ ਅਲੋਪ ਕਰ ਦਿੱਤੇ ਗਏ ਸਨ । ਤਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਵੀ ਤਬਦੀਲੀ ਕਰਕੇ ਇੰਡੀਆਂ ਦੇ ਮੁਤੱਸਵੀ ਹੁਕਮਰਾਨ ਬੀਜੇਪੀ-ਆਰ.ਐਸ.ਐਸ. ਆਦਿ ਇਥੇ ਹਿੰਦੂਤਵ ਸੋਚ ਨੂੰ ਵਧੇਰੇ ਪ੍ਰਫੁੱਲਿਤ ਕਰ ਸਕਣ । ਅਜਿਹੀਆ ਸਭ ਸਾਜ਼ਿਸਾਂ ਵਿਚ ਸਾਡੇ ਰਵਾਇਤੀ ਅਖੌਤੀ ਲੀਡਰ ਲੰਮੇ ਸਮੇਂ ਤੋਂ ਹੁਕਮਰਾਨਾਂ ਨੂੰ ਸਾਥ ਦਿੰਦੇ ਆ ਰਹੇ ਹਨ ਅਤੇ ਸਮੁੱਚੀ ਐਸ.ਜੀ.ਪੀ.ਸੀ. ਦੀ ਕੌਮੀ ਗੋਲਕ ਦੀ ਵੱਡੇ ਪੱਧਰ ਤੇ ਦੁਰਵਰਤੋਂ ਕਰਦੇ ਆ ਰਹੇ ਹਨ । ਇਥੋਂ ਤੱਕ ਕਿ ਲੰਗਰਾਂ ਵਿਚ ਵਰਤੋਂ ਆਉਣ ਵਾਲੀਆ ਦਾਲਾਂ, ਆਟਾ, ਦੇਸ਼ੀ ਘੀਓ ਅਤੇ ਹੋਰ ਵਸਤਾਂ ਦੀ ਖਰੀਦੋ-ਫਰੋਖਤ ਵਿਚ ਵੀ ਵੱਡੇ ਘਪਲੇ ਕੀਤੇ ਜਾਂਦੇ ਆ ਰਹੇ ਹਨ । ਇਥੋਂ ਤੱਕ ਚੰਦੋਆ ਸਾਹਿਬ, ਰੁਮਾਲਿਆ, ਸਿਰਪਾਓ ਆਦਿ ਵਿਚ ਵੀ ਅਪਮਾਨਜਨਕ ਢੰਗ ਨਾਲ ਵੱਡੇ ਘਪਲੇ ਹੋ ਰਹੇ ਹਨ । ਐਸ.ਜੀ.ਪੀ.ਸੀ. ਦੀਆਂ ਕੌਮੀ ਜਾਇਦਾਦਾਂ, ਵਿਦਿਅਕ ਸੰਸਥਾਵਾਂ, ਸਿਹਤਕ ਸੰਸਥਾਵਾਂ ਦੇ ਨਿੱਜੀ ਪਰਿਵਾਰਿਕ ਟਰੱਸਟ ਬਣਾਕੇ ਕੁਝ ਗਿਣਤੀ ਦੇ ਸਿਆਸਤਦਾਨ ਅਤੇ ਉਨ੍ਹਾਂ ਦੇ ਰਿਸਤੇਦਾਰ ਕੌਮੀ ਖਜਾਨੇ, ਜਾਇਦਾਦਾਂ ਦੀ ਲੁੱਟ-ਖਸੁੱਟ ਵਿਚ ਮਸਰੂਫ ਹੋਈ ਪਈ ਹੈ । ਗੁਰੂਘਰਾਂ ਦੀਆਂ ਇਮਾਰਤਾਂ ਵਿਚ ਵਰਤੋਂ ਆਉਣ ਵਾਲੇ ਰੇਤਾ, ਬਜਰੀ, ਸੀਮੇਟ, ਲੱਕੜੀ ਅਤੇ ਹੋਰ ਬਿਜਲੀ ਉਪਕਰਨਾਂ ਵਿਚ ਵੀ ਵੱਡੇ ਘਪਲੇ ਹੁੰਦੇ ਆ ਰਹੇ ਹਨ । ਇਸ ਲੁੱਟ-ਖਸੁੱਟ ਨੂੰ ਜਾਰੀ ਰੱਖਣ ਲਈ ਹੀ ਹੁਕਮਰਾਨ ਅਤੇ ਕਾਬਜ ਸਿਆਸਤਦਾਨ ਇਸ ਸੰਸਥਾਂ ਦੀ ਜਰਨਲ ਚੋਣ ਕਰਵਾਉਣ ਤੋਂ ਆਨਾਕਾਨੀ ਕਰਦੇ ਆ ਰਹੇ ਹਨ । ਲੇਕਿਨ 18 ਸਤੰਬਰ ਦਾ ਇੱਕਠ ਸੈਂਟਰ ਦੇ ਹੁਕਮਰਾਨਾਂ, ਗ੍ਰਹਿ ਵਿਭਾਗ ਇੰਡੀਆਂ ਅਤੇ ਕਾਬਜ ਗੈਰ ਇਖਲਾਕੀ ਧਿਰ ਨੂੰ ਚੁਣੋਤੀ ਦੇ ਕੇ ਕਾਨੂੰਨ ਅਨੁਸਾਰ ਮਿਆਦ ਖਤਮ ਹੋਣ ਤੋ ਪਹਿਲੇ ਜਰਨਲ ਚੋਣਾਂ ਕਰਵਾਉਣ ਦਾ ਬਿਗਲ ਬਜਾਏਗਾ ਜਿਸ ਵਿਚ ਸਮੁੱਚੀ ਸਿੱਖ ਕੌਮ ਨੂੰ ਯੋਗਦਾਨ ਪਾ ਕੇ ਹੁਕਮਰਾਨਾਂ ਅਤੇ ਬਾਦਲ ਦਲੀਆ ਦੀਆਂ ਆਪਹੁਦਰੀਆ ਦਾ ਖਾਤਮਾ ਕਰਨ ਵਿਚ ਭੂਮਿਕਾ ਨਿਭਾਉਣੀ ਬਣਦੀ ਹੈ । ਉਨ੍ਹਾਂ ਆਸ ਕੀਤੀ ਕਿ ਇਸ ਦਿਨ ਦਾ ਵੱਡਾ ਇੱਕਠ ਹੁਕਮਰਾਨਾਂ ਨੂੰ ਸਾਡੀ ਸਿੱਖ ਪਾਰਲੀਮੈਂਟ ਦੀ ਚੋਣ ਕਰਵਾਉਣ ਲਈ ਮਜਬੂਰ ਕਰੇਗਾ ।