ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਆਪਣੇ ਸੱਭਿਆਚਾਰ, ਵਿਰਸੇ ਤੇ ਇਮਾਰਤਸਾਜ਼ੀ ਪੱਖੋਂ ਬਹੁਤ ਅਮੀਰ ਹੈ। ਨੇੜਿਓਂ ਦੇਖਿਆਂ ਹੀ ਅਹਿਸਾਸ ਹੁੰਦਾ ਹੈ ਕਿ ਸਾਡੇ ਆਲੇ ਦੁਆਲੇ ਕੁਦਰਤ ਦੇ ਕ੍ਰਿਸ਼ਮੇ ਅਤੇ ਮਨੁੱਖ ਦੁਆਰਾ ਤਿਆਰ ਕੀਤੀਆਂ ਤੇ ਸਾਂਭੀਆਂ ਕਿਰਤਾਂ ਕਿੰਨੀਆਂ ਦੁਰਲੱਭ ਹਨ। ਸੱਭਿਆਚਾਰ, ਵਿਰਾਸਤ ਅਤੇ ਇਮਾਰਤਸਾਜ਼ੀ ਨੂੰ ਲੋਕਾਂ ਨੂੰ ਨੇੜਿਓਂ ਦੀਦਾਰੇ ਕਰਵਾਉਣ ਲਈ ਹਰ ਸਾਲ ਸਤੰਬਰ ਮਹੀਨੇ 13 ਤੋਂ 19 ਸਤੰਬਰ ਤੱਕ ਦਾ ਰਫਤਾ “ਗਲਾਸਗੋ ਡੋਰਜ਼ ਓਪਨ ਡੇਅਜ਼” ਫੈਸਟੀਵਲ ਵਜੋਂ ਮਨਾਇਆ ਜਾਂਦਾ ਹੈ। ਜਿਸ ਤਰ੍ਹਾਂ ਨਾਂ ਤੋਂ ਹੀ ਅੰਦਾਜ਼ਾ ਹੋ ਜਾਂਦਾ ਹੈ, ਇਨ੍ਹੀਂ ਦਿਨੀਂ 100 ਤੋਂ ਵਧੇਰੇ ਪ੍ਰਭਾਵਸ਼ਾਲੀ ਤੇ ਦੇਖਣਯੋਗ ਇਮਾਰਤਾਂ ਦੇ ਦਰਵਾਜ਼ੇ ਆਮ ਲੋਕਾਈ ਲਈ ਖੁੱਲ੍ਹੇ ਰੱਖੇ ਜਾਂਦੇ ਹਨ। ਇਨ੍ਹਾਂ ਇਮਾਰਤਾਂ ਵਿੱਚ ਇਤਿਹਾਸਕ ਇਮਾਰਤਾਂ, ਥੀਏਟਰ, ਅਜਾਇਬ ਘਰ ਪੁਰਾਣੀਆਂ ਫੈਕਟਰੀਆਂ, ਸਟੂਡੀਓ, ਸ਼ਰਾਬ ਬਣਾਉਣ ਦੇ ਕਾਰਖਾਨੇ ਅਤੇ ਧਾਰਮਿਕ ਅਸਥਾਨ ਬਿਲਕੁਲ ਮੁਫਤ ਲੋਕਾਂ ਦੇ ਆਉਣ ਜਾਣ ਲਈ ਖੁੱਲ੍ਹੇ ਰੱਖੇ ਜਾਂਦੇ ਹਨ।
ਵੱਖ ਵੱਖ ਫਿਰਕਿਆਂ, ਧਰਮਾਂ, ਖਿੱਤਿਆਂ ਦੇ ਲੋਕ ਇਨ੍ਹਾਂ ਖੁੱਲ੍ਹਿਆਂ ਦਰਵਾਜ਼ਿਆਂ ਰਾਹੀਂ ਖੁੱਲ੍ਹੇ ਦਿਲ ਨਾਲ ਗਲਾਸਗੋ ਦੇ ਦਿਲ ‘ਚ ਧੜਕਦੇ ਇੰਨਾ ਖ਼ੂਬਸੂਰਤ ਪਲਾਂ ਦਾ ਆਨੰਦ ਮਾਣਨ ਪਹੁੰਚਦੇ ਹਨ। ਏਸ਼ੀਆਈ ਭਾਈਚਾਰੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਇਸ ਫੈਸਟੀਵਲ ਦੌਰਾਨ ਸ਼ਾਮਲ ਕੀਤੀਆਂ ਇਮਾਂਰਤਾਂ ਵਿੱਚ ਮਸਜਿਦ ਅਤੇ ਗਲਾਸਗੋ ਗੁਰਦੁਆਰਾ ਸਾਹਿਬ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਯੂਰਪੀਅਨ ਸਿਟੀ ਆਫ ਕਲਚਰ ਸੈਲੀਬਰੇਸ਼ਨ ਦੇ ਹਿੱਸੇ ਵਜੋਂ ਡੋਰਜ਼ ਓਪਨ ਡੇਅਜ਼ ਪਹਿਲੀ ਵਾਰ 1990 ਵਿੱਚ ਗਲਾਸਗੋ ਤੇ ਏਅਰ ਵਿੱਚ ਮਨਾਇਆ ਗਿਆ ਸੀ। ਇਸ ਦੀ ਸਫਲਤਾ ਤੋਂ ਬਾਅਦ ਸਕਾਟਲੈਂਡ ਦੇ ਲਗਭਗ ਹਰ ਇਲਾਕੇ ਵਿੱਚ ਹੀ ਇਸ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਣ ਲੱਗਿਆ ਹੈ। ਇਸੇ ਤਰ੍ਹਾਂ ਰਾਹੀਂ ਦਾ ਹੀ ਪਹਿਲਾ ਡੋਰਜ਼ ਓਪਨ ਡੇਅ 1984 ਵਿੱਚ ਫਰਾਂਸ ਵਿੱਚ ਮਨਾਇਆ ਗਿਆ ਸੀ। ਸਕਾਟਲੈਂਡ ਵਿੱਚ ਡੋਰਜ਼ ਓਪਨ ਡੇਅਜ਼ ਸਕਾਟਿਸ਼ ਸਿਵਿਕ ਟਰੱਸਟ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਪਰ ਇਨ੍ਹਾਂ ਪ੍ਰਬੰਧਾਂ ਵਿੱਚ ਸਥਾਨਕ ਕੌਂਸਲਾਂ, ਸਿਵਿਕ ਟਰੱਸਟ, ਹੈਰੀਟੇਜ ਆਰਗੇਨਾਈਜੇਸ਼ਨ ਅਤੇ ਆਰਕਿਉਲੋਜੀਕਲ ਟਰੱਸਟਾਂ ਦੀ ਵੀ ਮਾਣ ਮੱਤੀ ਸ਼ਮੂਲੀਅਤ ਹੁੰਦੀ ਹੈ।
ਸਕਾਟਲੈਂਡ ਵਿੱਚ 900 ਤੋਂ ਵਧੇਰੇ ਇਮਾਰਤਾਂ ਇਸ ਤਿਉਹਾਰ ਦਾ ਹਿੱਸਾ ਬਣਦੀਆਂ ਹਨ। ਅੰਕੜੇ ਦੱਸਦੇ ਹਨ ਕਿ ਸੰਨ 2008 ਵਿੱਚ 2 ਲੱਖ 25 ਹਜ਼ਾਰ ਲੋਕਾਂ ਨੇ ਇਸ ਤਿਉਹਾਰ ਦਾ ਆਨੰਦ ਮਾਣਿਆ ਸੀ ਤੇ ਸਕਾਟਿਸ਼ ਆਰਥਿਕਤਾ ਨੂੰ 2 ਮਿਲੀਅਨ ਪੌਂਡ ਦਾ ਫਾਇਦਾ ਹੋਇਆ ਸੀ । ਸਕਾਟਿਸ਼ ਸਿਵਕ ਟਰੱਸਟ ਦਾ ਮੰਨਣਾ ਹੈ ਕਿ ਕੋਵਿਡ ਕਰਕੇ ਘਰਾਂ ‘ਚ ਬੰਦ ਰਹੇ ਲੋਕ ਡੋਰਜ਼ ਓਪਨ ਡੇਅਜ਼ ਮੌਕੇ ਵੱਡੀ ਗਿਣਤੀ ਵਿੱਚ ਸਕਾਟਲੈਂਡ ਦੀ ਖੂਬਸੂਰਤੀ ਦਾ ਆਨੰਦ ਮਾਨਣ ਬਾਹਰ ਨਿਕਲਣਗੇ।