ਪੰਜਾਬ ਦੇ ਪੇਂਡੂ ਖੇਤਰਾਂ ਦਾ ਖੇਤਰਾਂ ਦੇ ਵਿਚ ਖੇਡ ਹੁਨਰ ਨੂੰ ਤਰਾਸ਼ਣ ਅਤੇ ਗ਼ਰੀਬ ਘਰਾਂ ਦੇ ਬੱਚਿਆਂ ਨੂੰ ਓਲੰਪੀਅਨ ਬਣਾਉਣ ਦਾ ਟੀਚਾ ਰੱਖਣ ਵਾਲੀ 5ਜੈਬ ਫਾਊਂਡੇਸ਼ਨ ਪੰਜਾਬੀ ਖਿਡਾਰੀਆਂ ਲਈ ਇੱਕ ਨਵੀਂ ਆਸ ਦੀ ਕਿਰਨ ਪੈਦਾ ਕਰੇਗੀ। ਇਹ ਫਾਊਂਡੇਸ਼ਨ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਕੋਚਿੰਗ , ਅਧੁਨਿਕ ਖੇਡ ਸਹੂਲਤਾਂ, ਵਜੀਫਾ ਪ੍ਰਨਾਲੀ ਅਤੇ ਹੋਰ ਸਹੂਲਤਾਂ ਉਪਲੱਬਧ ਕਰਵਾਏਗੀ ।
ਇਸ ਫੈਡਰੇਸ਼ਨ ਨੂੰ ਬਣਾਉਣ ਦਾ ਸੁਪਨਾ ਅੰਤਰ ਰਾਸ਼ਟਰੀ ਮੁੱਕੇਬਾਜ਼ ਜਗਦੀਪ ਸਿੰਘ ਸਿੰਘ ਘੁੰਮਣ ਵੱਲੋਂ ਲਿਆ ਗਿਆ।ਇਸ ਫਾਊਡੇਸ਼ਨ ਦੀ ਪਹਿਲੀ ਕਤਾਰ ਵਿੱਚ ਤਿੰਨ ਸ਼ਖਸੀਅਤਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।ਸੇਵਾ-ਮੁਕਤ ਸੂਬੇਦਾਰ ਮੇਜਰ ਆਨਰੇਰੀ ਕੈਪਟਨ ਸਵਰਨ ਸਿੰਘ ਘੁੰਮਣ, ਖੇਡ ਪ੍ਰਮੋਟਰ ਸ. ਜਗਰੂਪ ਸਿੰਘ ਜਰਖੜ ਅਤੇ ਪਿੰ. ਬਲਵੰਤ ਸਿੰਘ ਸੰਧੂ ਚਕਰ ਨੂੰਹ ਫਾਊਂਡੇਸ਼ਨ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ । ਇਹ ਤਿੰਨੇ ਸ਼ਖਸੀਅਤਾਂ ਲੰਮੇ ਸਮੇਂ ਤੋਂ ਖੇਡ ਖੇਤਰ ਨਾਲ ਜੁੜੀਆਂ ਹੋਈਆਂ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਪੇਂਡੂ ਇਲਾਕਿਆਂ ਵਿੱਚੋਂ ਅੰਤਰ ਰਾਸ਼ਟਰੀ ਖਿਡਾਰੀ ਪੈਦਾ ਕਰ ਕੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ।
16 ਸਿੱਖ ਰੈਜੀਮੈਂਟ ਨਾਲ ਸੰਬੰਧ ਰੱਖਣ ਵਾਲੇ ਸੂਬੇਦਾਰ ਮੇਜਰ ਆਨਰੇਰੀ ਕੈਪਟਨ ਸਵਰਨ ਸਿੰਘ ਘੁੰਮਣ ਖੁਦ ਅਥਲੈਟਿਕਸ ਅਤੇ ਬਾਸਕਿਟਬਾਲ ਦੇ ਨਾਮੀ ਖਿਡਾਰੀ ਰਹਿ ਚੁੱਕੇ ਹਨ।ਕਾਰਗਿੱਲ ਦੀ ਲੜਾਈ ਵੇਲੇ ਵੀ ਉਨ੍ਹਾਂ ਨੇ ਆਪਣੀ ਰੈਜੀਮੈਂਟ ਵੱਲੋਂ ਹਿੱਸਾ ਲਿਆ।ਉਨ੍ਹਾਂ ਨੂੰ ਸਪੋਰਟਸ ਨਾਲ ਸ਼ੁਰੂ ਤੋਂ ਹੀ ਬਹੁਤ ਲਗਾਓ ਹੋਣ ਕਾਰਨ ਉਨ੍ਹਾਂ ਨੇ ਆਪਣੇ ਦੋਵਾਂ ਬੱਚਿਆਂ ਨੂੰ ਖੇਡਾਂ ਵਿੱਚ ਪਾਇਆ ਤੇ ਉਨ੍ਹਾਂ ਦਾ ਇੱਕ ਪੁੱਤਰ ਸ. ਜਗਦੀਪ ਸਿੰਘ ਖੁਦ ਪ੍ਰੋਫੈਸ਼ਨਲ ਬਾਕਸਿੰਗ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਬਣਿਆ।ਉਨ੍ਹਾਂ ਦੀ ਇੱਛਾ ਸੀ ਕਿ ਉਹ ਪੰਜਾਬ ਦੇ ਖਿਡਾਰੀਆਂ ਲਈ ਇੱਕ ਵੱਖਰਾ ਤੇ ਵਧੀਆ ਪਲੇਟਫਾਰਮ ਤਿਆਰ ਕਰਨ।ਸੇਵਾ ਮੁਕਤੀ ਤੋਂ ਬਾਅਦ ਉਹ ਖਿਡਾਰੀਆਂ ਦੀ ਸੇਵਾ ਵਿੱਚ ਜੁਟੇ ਹੋਏ ਹਨ।ਇਸੇ ਸੇਵਾ ਦੇ ਸੰਕਲਪ ਵਿੱਚੋਂ ਇਸ ਫਾਊਂਡੇਸ਼ਨ ਦਾ ਜਨਮ ਹੋਇਆ।ਉਨ੍ਹਾਂ ਨੇ ਆਪਣੇ ਪਿੰਡ ਤਲਵਾੜਾ (ਕਪੂਰਥਲਾ) ਵਿੱਚ ਵੀ ਬਾਕਸਿੰਗ ਸ਼ੁਰੂ ਕਰਵਾਈ ਹੈ ਜਿਸ ਵਿੱਚ ਇਸ ਮੌਕੇ ਪੰਜਾਹ ਤੋਂ ਵਧੇਰੇ ਬੱਚੇ ਮੁੱਕੇਬਾਜ਼ੀ ਦੇ ਗੁਰ ਸਿੱਖ ਰਹੇ ਹਨ।
ਸ. ਜਗਰੂਪ ਸਿੰਘ ਜਰਖੜ ਵੀ ਇੱਕ ਬਹੁਗੁਣੀ ਸ਼ਖਸੀਅਤ ਹੈ ।ਉੁਨ੍ਹਾਂ ਦਾ ਜ਼ਰਾ ਜ਼ਰਾ ਖੇਡਾਂ ਨੂੰ ਸਮਰਪਿਤ ਹੈ। ਉਹ ਅੰਤਰਰਾਸ਼ਟਰੀ ਪੱਧਰ ਦੇ ਖੇਡ ਲੇਖਕ ਹਨ।ਉਹ ਆਪਣੇ ਹੀ ਪੱਧਰ ਤੇ ‘ਖੇਡ ਮੈਦਾਨ ਬੋਲਦਾ ਹੈ’ ਨਾਮ ਦਾ ਖੇਡ ਮੈਗਜ਼ੀਨ ਵੀ ਚਲਾ ਰਹੇ ਹਨ।ਜਰਖੜ ਹਾਕੀ ਅਕੈਡਮੀ ਲਈ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਪੰਜਾਬ ਦੇ ਵਿੱਚ ਉਹ ਹਾਕੀ ਦੇ ਧੁਰੇ ਵਜੋਂ ਕਾਰਜ ਕਰ ਰਹੇ ਹਨ।ਆਪਣੇ ਯਤਨਾਂ ਨਾਲ ਉਨ੍ਹਾਂ ਨੇ ਕਈ ਕੌਮੀ ਅਤੇ ਕੌਮਾਤਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ।
ਪ੍ਰਿੰ. ਬਲਵੰਤ ਸਿੰਘ ਸੰਧੂ ਜੋ ਪੇਸ਼ੇ ਵਜੋਂ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਕਮਲਾਪੁਰਾ (ਲੁਧਿਆਣਾ) ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਹੇ ਹਨ, ਨੇ 2005 ਵਿੱਚ ਚਕਰ ਵਿੱਚ ਬਾਕਸਿੰਗ ਦਾ ਅਜਿਹਾ ਬੂਟਾ ਲਗਾਇਆ ਕਿ ਹੁਣ ਤੱਕ ਸੈਂਕੜੇ ਖਿਡਾਰੀ ਪੈਦਾ ਹੋ ਚੁੱਕੇ ਹਨ।ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਚਕਰ ਅਕੈਡਮੀ ਵਿੱਚੋਂ ਕਈ ਅੰਤਰਰਾਸ਼ਟਰੀ ਮੁੱਕੇਬਾਜ਼ ਪੈਦਾ ਹੋਏ।ਟੋਕੀਓ ਉਲੰਪਿਕ-2020 ਵਿੱਚ ਭਾਗ ਲੈਣ ਵਾਲੀ ਸਿਮਰਨਜੀਤ ਕੌਰ ਅਤੇ 2015 ਦੀ ਜੂਨੀਅਰ ਵਿਸ਼ਵ ਬਾਕਸਿੰਗ ਚੈਂਪੀਅਨ ਮਨਦੀਪ ਕੌਰ ਸੰਧੂ ਵੀ ਇਸੇ ਅਕੈਡਮੀ ਦੇਣ ਹਨ।ਇਸੇ ਤਰ੍ਹਾਂ ਕਈ ਹੋਰ ਖਿਡਾਰੀ ਵੀ ਅੰਤਰ ਰਾਸ਼ਟਰੀ ਖੇਡ ਮੰਚਾਂ ਉੱਤੇ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ।ਆਪਣੇ ਖਿਡਾਰੀਆਂ ਨੂੰ ਉਲੰਪਿਕ ਵਿੱਚ ਪਹੁੰਚਾਉਣ ਦਾ ਟੀਚਾ ਉਨ੍ਹਾਂ ਨੇ ਮਹਿਜ਼ ਪੰਦਰਾਂ ਸਾਲ ਵਿੱਚ ਹੀ ਪੂਰਾ ਕਰ ਲਿਆ।ਹੁਣ ਉਹ ਹੋਰ ਨਵੀਂ ਪਨੀਰੀ ਤਿਆਰ ਕਰਨ ਵਿੱਚ ਲੱਗੇ ਹੋਏ ਹਨ।
ਇਸ ਫਾਊਡੇਸ਼ਨ ਦੀਆਂ ਮੁੱਖ ਤਰਜ਼ੀਹਾਂ ਦੂਰ ਦਰਾਜ਼ ਇਲਾਕਿਆਂ ਦੇ ਹੋਣਹਾਰ ਬੱਚਿਆਂ ਨੂੰ ਸਹੂਲਤਾਂ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਖੇਡ ਖੇਤਰ ਦੇ ਅੰਤਰ ਰਾਸ਼ਟਰੀ ਮੰਚਾਂ ਤੇ ਚੜ੍ਹਾਉਣਾ ਹੈ।ਬੱਚਿਆਂ ਲਈ ਢੁਕਵੀਂ ਕੋਚਿੰਗ ਦਾ ਪ੍ਰਬੰਧ, ਖੇਡਾਂ ਦਾ ਸਮਾਨ, ਖਿਡਾਰੀਆਂ ਲਈ ਖੁਰਾਕ, ਟਰਾਂਸਪੋਰਟ ਆਦਿ ਦਾ ਪ੍ਰਬੰਧ ਕਰਨ ਦਾ ਉਪਰਾਲਾ ਕੀਤਾ ਜਾਵੇਗਾ।ਇਸ ਫਾਊਂਡੇਸ਼ਨ ਦਾ ਹੋਂਦ ਵਿੱਚ ਆਉਣਾ ਸਚਮੁੱਚ ਖੇਡ ਜਗਤ ਲਈ ਇਹ ਖੁਸ਼ਗਵਾਰ ਖਬਰ ਹੈ।