ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਨਵੰਬਰ 1984 ਵਿਚ ਦਿੱਲੀ ਅੰਦਰ ਹੋਏ ਸਿੱਖ ਕਤਲੇਆਮ ਵਿਚ ਨਾਮਜਦ ਮੁੱਖ ਦੋਸ਼ੀ ਸੱਜਣ ਕੁਮਾਰ ਜੋ ਕਿ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ, ਨੂੰ ਅਜ ਵੀਡੀਓ ਕਾਨਫਰੰਸ ਰਾਹੀਂ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਅੰਦਰ ਪੇਸ਼ ਕੀਤਾ ਗਿਆ । ਇਹ ਕੇਸ ਦੋ ਸਿੱਖ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਦੇ ਕਤਲ ਨਾਲ ਸਬੰਧਤ ਹੈ ਜਿਸ ਲਈ ਪੰਜਾਬੀ ਬਾਗ ਪੁਲਿਸ ਠਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਪੁਲਿਸ ਵਲੋਂ ਇਹ ਕੇਸ 1993 ਵਿੱਚ ਬੰਦ ਕਰ ਦਿਤਾ ਗਿਆ ਸੀ ਜਿਸਨੂੰ ਸੁਪਰੀਮ ਕੋਰਟ ਵਲੋਂ ਬਣਾਈ ਗਈ।
ਐਸਆਈਟੀ ਨੇ ਕੁਝ ਸਾਲ ਪਹਿਲਾਂ ਦੁਬਾਰਾ ਖੋਲ੍ਹਿਆ ਸੀ। ਅੱਜ, ਰਾਉਜ਼ ਐਵੇਨਿਉ ਅਦਾਲਤ ਵਿੱਚ ਵਿਸ਼ੇਸ਼ ਸੀਬੀਆਈ ਜੱਜ ਨੇ ਮਾਮਲੇ ਦੀ ਸੁਣਵਾਈ ਕੀਤੀ ਅਤੇ ਮਾਮਲੇ ਵਿਚ ਲਗਾਏ ਗਏ ਚਾਰਜ ਉੱਤੇ ਬਹਿਸ ਹੋਣੀ ਸੀ। ਅਦਾਲਤ ਅੰਦਰ ਸਰਕਾਰੀ ਨੇ ਮਾਮਲੇ ਦਾ ਪਿਛੋਕੜ ਦਸਿਆ, ਗਵਾਹਾਂ ਦੇ ਬਿਆਨ ਪੜ੍ਹੇ ਅਤੇ ਅਦਾਲਤ ਨੂੰ ਦਸਿਆ ਕਿ ਸੱਜਣ ਕੁਮਾਰ ਹੀ ਭੀੜ ਦੀ ਅਗਵਾਈ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਭੜਕਾ ਰਿਹਾ ਸੀ। ਅਦਾਲਤ ਅੰਦਰ ਪੀੜਿਤ ਧਿਰ ਵਲੋਂ ਨੌਜੁਆਨ ਵਕੀਲ ਹਰਪ੍ਰੀਤ ਸਿੰਘ ਹੋਰਾਂ ਅਤੇ ਗੁਰਬਖਸ਼ ਸਿੰਘ ਪੇਸ਼ ਹੋਏ ਸਨ, ਜਿਨ੍ਹਾਂ ਕਿਹਾ ਕਿ ਅਸੀ ਸੱਜਣ ਅਤੇ ਹੋਰਾਂ ਨੂੰ ਜਿਨ੍ਹਾਂ ਨੇ ਸਿੱਖ ਕਤਲੇਆਮ ਵਿਚ ਭੂਮਿਕਾ ਨਿਭਾਈ ਸੀ ਅਦਾਲਤੀ ਕਰਵਾਈ ਰਾਹੀਂ ਸੱਜਣ ਵਾਂਗ ਸਲਾਖਾ ਪਿੱਛੇ ਪਹੁੰਚਾ ਕੇ ਰਹਾਂਗੇ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 23 ਅਕਤੂਬਰ ਨੂੰ ਹੋਵੇਗੀ ।