ਫ਼ਤਹਿਗੜ੍ਹ ਸਾਹਿਬ – “ਆਉਣ ਵਾਲੇ ਕੱਲ੍ਹ ਇੰਡੀਅਨ ਏਅਰ ਫੋਰਸ ਆਪਣਾ ‘ਏਅਰ ਫੋਰਸ ਡੇਅ’ ਮਨਾਉਣ ਜਾ ਰਹੀ ਹੈ । ਪਰ ਉਸ ਕੋਲ ਬਰਤਾਨੀਆ ਦੇ ਜੈਗੂਅਰ-100, ਫ਼ਰਾਂਸ ਦੇ ਮਿਰਾਜ-50 ਅਤੇ 60 ਮਿਗ-29 ਤਾਂ ਪੁਰਾਤਨ ਕੰਡਮ ਹਾਲਾਤ ਵਿਚ ਹਨ ਜੋ ਖ਼ਤਮ ਹੋ ਚੁੱਕੇ ਹਨ । 5ਵੀਂ ਅਤੇ 6ਵੀਂ ਪੀੜ੍ਹੀ ਦੇ ਆਧੁਨਿਕ ਸਟੈਲਥ ਜੈਟ ਇਨ੍ਹਾਂ ਕੋਲ ਨਹੀਂ ਹਨ, ਜੋ ਰਾਡਾਰ ਦੀ ਮਾਰ ਵਿਚ ਨਹੀਂ ਆਉਦੇ । ਜਦੋਂਕਿ ਪਾਕਿਸਤਾਨ ਕੋਲ ਜੇ-20 ਜੈਟ ਹਨ ਅਤੇ ਚੀਨ ਕੋਲ ਸਟੈਲਥ ਜੇ-20 ਅਤੇ ਐਸ.ਯੂ-35 ਹੈ । ਰੂਸ ਤੋਂ ਚੀਨ ਨੇ ਐਸ.ਯੂ-57 ਵੀ ਖ਼ਰੀਦ ਲਿਆ ਹੈ । ਇਹ ਪਾਕਿ ਤੇ ਚੀਨ ਕੋਲ ਜੋ ਸਟੈਲਥ ਲੜਾਕੂ ਜਹਾਜ਼ ਹਨ, ਇਹ ਰਾਡਾਰ ਦੀ ਮਾਰ ਵਿਚ ਨਹੀਂ ਆਉਦੇ । ਫਿਰ ਇੰਡੀਅਨ ਏਅਰ ਫੋਰਸ ਚੀਨ ਜਾਂ ਪਾਕਿਸਤਾਨ ਦੀ ਏਅਰ ਫੋਰਸ ਨਾਲ ਮੁਕਾਬਲਾ ਕਿਵੇ ਕਰ ਸਕਦੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਏਅਰ ਫੋਰਸ ਡੇਅ ਮਨਾਉਣ ਦੇ ਮੌਕੇ ਉਤੇ ਪਾਕਿ-ਚੀਨ ਦੀ ਏਅਰ ਫੋਰਸ ਦੇ ਬਰਾਬਰ ਆਧੁਨਿਕ ਜੰਗੀ ਉਪਕਰਨਾਂ ਅਤੇ ਹਵਾਈ ਲੜਾਕੂ ਜਹਾਜ਼ਾਂ ਦੀ ਵੱਡੀ ਘਾਟ ਹੋਣ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਹੁਕਮਰਾਨਾਂ ਵੱਲੋ ਡਿਫੈਸ ਨੂੰ ਮਜ਼ਬੂਤ ਕਰਨ ਦੀ ਬਜਾਇ ਹਿੰਦੂਤਵ ਦਿਸ਼ਾਹੀਣ ਸਿਆਸਤ ਉਤੇ ਬੇਫਾਇਦਾ ਖ਼ਰਚ ਕਰਨ ਉਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ 114 ਹਵਾਈ ਜੈਟ 83-ਮਾਰਕ ਦੇ ਤਿਆਰ ਹੋ ਰਹੇ ਹਨ, ਇਹ ਹਾਂਪੱਖੀ ਗੱਲ ਹੈ । ਪਰ ਇਹ ਹਿੰਦੂਸਤਾਨ ਐਰੋਨਾਟਿਕਸ ਲਿਮਟਿਡ ਤੋਂ 2024 ਵਿਚ ਪ੍ਰਾਪਤ ਹੋਣਗੇ । ਮੌਜੂਦਾ ਸਥਿਤੀ ਜਾਹਰ ਕਰਦੀ ਹੈ ਕਿ ਚੀਨ ਅਤੇ ਪਾਕਿਸਤਾਨ ਦੀਆਂ ਹਵਾਈ ਫ਼ੌਜਾਂ ਇੰਡੀਆ ਤੋਂ ਬਹੁਤ ਅੱਗੇ ਲੰਘ ਚੁੱਕੀਆ ਹਨ । ਉਨ੍ਹਾਂ ਕਿਹਾ ਕਿ ਜੋ ਹਵਾਈ ਡਿਫੈਸ ਸਿਸਟਮ ਐਸ-400 ਰੂਸ ਤੋਂ ਪ੍ਰਾਪਤ ਕਰਨਾ ਹੈ, ਉਹ ਅਜੇ ਪੂਰਾ ਨਹੀਂ ਹੋਇਆ । ਇੰਡੀਅਨ ਏਅਰ ਫੋਰਸ ਦਾ ਜੋ 42 ਸੁਕਾਰਡਨਜ਼ ਦਾ ਟੀਚਾ ਹੈ, ਉਸਨੂੰ ਪੂਰਾ ਹੋਣ ਵਿਚ 10 ਤੋਂ 15 ਸਾਲ ਹੋਰ ਲੱਗਣਗੇ । ਕਹਿਣ ਤੋਂ ਭਾਵ ਹੈ ਇੰਡੀਅਨ ਏਅਰ ਫੋਰਸ ਅਜੇ ਬਹੁਤ ਪਿੱਛੇ ਹੈ ।
ਉਨ੍ਹਾਂ ਇਸ ਗੱਲ ਉਤੇ ਵੀ ਡੂੰਘਾਂ ਦੁੱਖ ਜਾਹਰ ਕੀਤਾ ਕਿ ਜਿਨ੍ਹਾਂ ਹਵਾਈ ਉਪਕਰਨਾਂ ਤੇ ਜਹਾਜ਼ਾਂ ਦੀ ਵਰਤੋਂ ਬਾਹਰੀ ਹਮਲੇ ਸਮੇ ਹੋਣੀ ਚਾਹੀਦੀ ਹੈ, ਉਸਦੀ ਦੁਰਵਰਤੋਂ ਹੁਕਮਰਾਨਾਂ ਨੇ ਪਹਿਲੇ 28 ਫਰਵਰੀ 1966 ਵਿਚ ਮੀਜੋ ਨਿਵਾਸੀਆ ਦਾ ਕਤਲੇਆਮ ਕਰਨ ਲਈ ਕੀਤੀ, ਫਿਰ 1984 ਵਿਚ ਹਵਾਈ ਤਾਕਤ ਦੀ ਦੁਰਵਰਤੋਂ ਕਰਕੇ ਸਿੱਖ ਕੌਮ ਦਾ ਕਤਲੇਆਮ ਅਤੇ ਗੁਰੂਘਰਾਂ ਦਾ ਤਹਿਸ-ਨਹਿਸ ਕਰਨ ਲਈ ਕੀਤੀ ਗਈ । ਜੋ ਮਨੁੱਖੀ ਹੱਕਾਂ ਅਤੇ ਕੌਮਾਂਤਰੀ ਕਾਨੂੰਨੀ ਨਿਯਮਾਂ ਦੀ ਘੋਰ ਉਲੰਘਣਾ ਕੀਤੀ ਗਈ ਹੈ, ਜੋ ਹਵਾਈ ਫ਼ੌਜ ਦੀ ਦੁਰਵਰਤੋਂ ਆਪਣੇ ਨਿਵਾਸੀਆ ਨੂੰ ਕੁੱਚਲਣ ਲਈ ਹੋ ਰਹੀ ਹੈ ਅਤੇ ਹੁਕਮਰਾਨ ਇਥੇ ਹਿੰਦੂਤਵ ਸੋਚ ਤੇ ਅਮਲਾਂ ਨੂੰ ਜ਼ਬਰੀ ਲਾਗੂ ਕਰ ਰਹੇ ਹਨ, ਇਹ ਅਤਿ ਗੰਭੀਰ ਵਿਸ਼ਾ ਹੈ। ਜਿਸ ਉਤੇ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ ਨੂੰ ਉਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਹੁਕਮਰਾਨ ਏਅਰ ਫੋਰਸ ਦੀ ਮਨੁੱਖਤਾ ਵਿਰੋਧੀ ਦੁਰਵਰਤੋਂ ਨਾ ਕਰ ਸਕੇ । ਹੁਕਮਰਾਨ ਏਅਰ ਫੋਰਸ ਨੂੰ ਮਜ਼ਬੂਤ ਕਰਨ ਦੀ ਬਜਾਇ ਹਿੰਦੂਤਵ ਸੋਚ ਨੂੰ ਲਾਗੂ ਕਰਨ, ਰਿਸਵਤਖੋਰੀ ਨੂੰ ਬੁੜਾਵਾ ਦੇਣ, ਗੈਰ ਕਾਨੂੰਨੀ ਕਾਰਵਾਈਆ ਕਰਨ ਵਾਲਿਆ ਦੀ ਸਰਪ੍ਰਸਤੀ ਕਰਨ ਵਿਚ ਮਸਰੂਫ ਹਨ । ਜੋ ਪੰਡੋਰਾ ਜਾਂਚ ਰਾਹੀ ਸਭ ਸਾਹਮਣੇ ਆ ਰਿਹਾ ਹੈ, ਸ੍ਰੀ ਚੌਧਰੀ ਵੱਲੋਂ ਏਅਰ ਫੋਰਸ ਦੀਆਂ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਕਾਰਵਾਈਆ ਨੂੰ ਰੋਕਣ ਅਤੇ ਹਵਾਈ ਫ਼ੌਜ ਵਿਚ ਸਿਆਸੀ ਦਖਲ ਵੱਧਣ ਨੂੰ ਰੋਕਣ ਦੇ ਉਦਮ ਕਰਨੇ ਚਾਹੀਦੇ ਹਨ । 22 ਮਈ ਨੂੰ ਮੋਗਾ ਵਿਖੇ ਮਿਗ-21 ਅਤੇ ਪਿਛਲੇ ਮਹੀਨੇ ਰਾਜਸਥਾਨ ਅਤੇ ਊਧਮਪੁਰ ਵਿਚ ਹੋਏ ਹਵਾਈ ਹਾਦਸੇ ਇਨ੍ਹਾਂ ਹਵਾਈ ਜਹਾਜ਼ਾਂ ਦੀ ਮਿਆਦ ਖਤਮ ਹੋਣ ਦੀ ਪ੍ਰਤੱਖ ਕਰ ਰਹੇ ਹਨ । ਜਿਸ ਵਿਚ ਸਾਡੇ ਪਾਇਲਟਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ । ਇਸ ਉਤੇ ਵੀ ਸੰਜ਼ੀਦਾ ਅਮਲ ਹੋਣਾ ਜ਼ਰੂਰੀ ਹੈ । ਤਦ ਹੀ ਇੰਡੀਅਨ ਏਅਰ ਫੋਰਸ ਆਪਣੇ ਇਸ ਦਿਹਾੜੇ ਨੂੰ ਸਹੀ ਮਕਸਦ ਨਾਲ ਮਨਾਉਣ ਅਤੇ ਸੰਦੇਸ਼ ਦੇਣ ਵਿਚ ਕਾਮਯਾਬ ਹੋ ਸਕੇਗੀ ।