ਅਜੋਕੇ ਤਕਨਾਲੋਜੀ ਦੇ ਯੁੱਗ ਵਿੱਚ ਉੱਚ ਸਿੱਖਿਆ ਸੰਸਥਾਵਾਂ ਨੂੰ ਨਵੀਂਆਂ ਤਕਨਾਲੋਜੀਆਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਕਿਉਂਕਿ ਡਿਜੀਟਲ ਤਕਨਾਲੋਜੀ ਵਿਦਿਆਰਥੀਆਂ ਦੇ ਕਲਾਸਰੂਮਾਂ ਸਬੰਧੀ ਤਜ਼ਰਬਿਆਂ ਨੂੰ ਬਿਹਤਰ ਬਣਾ ਸਕਦੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਨੀਵਰਸਿਟੀ ਆਫ਼ ਫਿਜ਼ੀ ਦੀ ਵਾਈਸ ਚਾਂਸਲਰ ਪ੍ਰੋ. ਡਾ. ਸੁਸ਼ੀਲਾ ਚਾਂਗ ਨੇ ਕੀਤਾ।ਇਸ ਮੌਕੇ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਕਰਵਾਏ ਦੋ ਰੋਜ਼ਾ ‘ਗਲੋਬਲ ਐਜੂਕੇਸ਼ਨ ਸਿਖਰ ਸੰਮੇਲਨ’ ਦੌਰਾਨ ਕਰਵਾਈ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰ ਰਹੇ ਸਨ। ਵਿਚਾਰ ਗੋਸ਼ਟੀ ‘ਨਵੇਂ ਯੁੱਗ ਦੀਆਂ ਯੂਨੀਵਰਸਿਟੀਆਂ: ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਰੋਡਮੈਪ’ ਵਿਸ਼ੇ ’ਤੇ ਅਧਾਰਿਤ ਸੀ। ਦੋ ਦਿਨ ਚੱਲੇ ਸਿਖਰ ਸੰਮੇਲਨ ਦੌਰਾਨ ਭਾਰਤ, ਯੂਕੇ, ਆਸਟ੍ਰੇਲੀਆ, ਇਟਲੀ ਸਮੇਤ 26 ਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੇ 50 ਤੋਂ ਵੱਧ ਕੁਲਪਤੀ, ਉਪ-ਕੁਲਪਤੀ, ਪ੍ਰੈਜੀਡੈਂਟ ਅਤੇ ਸਿੱਖਿਆ ਸ਼ਾਸਤਰੀਆਂ ਨੇ ਵੱਖ-ਵੱਖ ਸੈਸ਼ਨਾਂ ਦੌਰਾਨ ਆਪਣੀਆਂ ਤਕਰੀਰਾਂ ਪੇਸ਼ ਕੀਤੀਆਂ। ‘ਗਲੋਬਲ ਅਕਾਦਮਿਕ ਭਾਈਵਾਲੀ ਦੁਆਰਾ ਸਥਿਰ ਵਿਕਾਸ ਲਈ ਸਮਾਜਿਕ ਨਵੀਨਤਾ’ ਦੇ ਬੈਨਰ ਹੇਠ ਵੱਖ-ਵੱਖ ਵਿਸ਼ਿਆਂ ਅਧੀਨ ਨਵੇਂ ਯੁੱਗ ਦੀਆਂ ਉੱਚ ਵਿਦਿਅਕ ਸੰਸਥਾਵਾਂ ਲਈ ਵਿਸ਼ੇਸ਼ ਰੂਪ-ਰੇਖਾ ਤਿਆਰ ਕਰਨ ਦੁਨੀਆਂ ਭਰ ਦੀਆਂ ਵਿਦਿਅਕ ਸੰਸਥਾਵਾਂ ਦੇ ਨੁਮਾਇੰਦੇ, ਸਿੱਖਿਆ ਸ਼ਾਸ਼ਤਰੀ ਇੱਕ ਮੰਚ ’ਤੇ ਇਕੱਠੇ ਹੋਏ।
ਡਾ. ਸੁਸ਼ੀਲਾ ਚਾਂਗ ਨੇ ਕਿਹਾ ਕਿ ਤਕਨਾਲੋਜੀ ਵਿੱਚ ਤਰੱਕੀ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਆਪਸ ’ਚ ਬਿਹਤਰ ਰਾਬਤਾ ਬਣਾਉਣ ਦੇ ਵੱਖ-ਵੱਖ ਤਰੀਕਿਆਂ ਦੀ ਪੇਸ਼ਕਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਟੈਕਨਾਲੋਜੀ ਵਿਦਿਆਰਥੀਆਂ ਲਈ ਕੋਰਸ ਸਮੱਗਰੀ ਅਤੇ ਅਕਾਦਮਿਕਤਾ ਨੂੰ ਵਧੇਰੇ ਪਹੁੰਚਯੋਗ ਬਣਾਉਦੀ ਹੈ। ਡਾ. ਚਾਂਗ ਨੇ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਲਈ ਮਾਨਸਿਕ ਸਿਹਤ ਵਿੱਚ ਨਿਵੇਸ਼ ਕਰਨਾ ਇੱਕ ਤਰਜੀਹ ਹੋਣੀ ਚਾਹੀਦੀ ਹੈ ਅਤੇ ਵਿਦਿਆਰਥੀਆਂ ਦੀ ਸਲਫ਼ਤਾ ਲਈ ਲਾਭਕਾਰੀ, ਸੁਰੱਖਿਅਤ ਅਤੇ ਸਹਾਇਕ ਵਾਤਾਵਰਣ ਪ੍ਰਦਾਨ ਕਰਨਾ ਵਿਦਿਅਕ ਸੰਸਥਾਵਾਂ ਦੀ ਜ਼ੁੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਦੀ ਵਧਦੀ ਮੰਗ, ਨਿਰਸੰਦੇਹ ਅਕਾਦਮਿਕ ਨੇਤਾਵਾਂ ਨੂੰ ਵਿਦਿਅਕ ਪ੍ਰੀਕਿਰਿਆ ਦੀ ਗੁਣਵੱਤਾ ’ਤੇ ਕੰਮ ਕਰਨ, ਕਾਰਵਾਈ ਦੇ ਪ੍ਰਭਾਵਸ਼ਾਲੀ ਢੰਗ ਵਿਕਸਤ ਕਰਨ, ਦੂਜੇ ਦੇਸ਼ਾਂ ਨਾਲ ਸਹਿਯੋਗ ਕਰਨ ਅਤੇ ਤਜ਼ਰਬਿਆਂ ਦੇ ਅਦਾਨ-ਪ੍ਰਦਾਨ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਹੋ ਰਹੀਆਂ ਉਦਯੋਗਿਕ ਤਬਦੀਲੀਆਂ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਨੂੰ ‘ਲਾਈਫ਼ ਲੌਂਗ ਲਰਨਿੰਗ’ ਮੁਹੱਈਆ ਕਰਵਾਈ ਜਾਣੀ ਮਹੱਤਵਪੂਰਨ ਹੈ।
‘ਨਵੇਂ ਯੁੱਗ ਦੀਆਂ ਯੂਨੀਵਰਸਿਟੀਆਂ: ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਰੋਡਮੈਪ’ ਵਿਸ਼ੇ ’ਤੇ ਗੱਲਬਾਤ ਕਰਦਿਆਂ ਯੂਨੀਵਰਸਿਟੀ ਆਫ਼ ਪੁਥੀਸਤਰ ਕੰਬੋਡੀਆ ਦੇ ਪ੍ਰੈਜੀਡੈਂਟ ਅਤੇ ਵਾਈਸ ਚਾਂਸਲਰ ਪ੍ਰੋ. ਇਆਨ ਫਾਈਂਡਲੇ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਦੇਸ਼ ਦੀ ਭਲਾਈ ਅਤੇ ਵਿਅਕਤੀਗਤ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਮਹੱਤਵਪੂਰਨ ਹੈ, ਪਰ ਕੋਵਿਡ ਮਹਾਂਮਾਰੀ ਨੇ ਇਸ ਨੂੰ ਚੁਣੌਤੀਪੂਰਨ ਤਰੀਕੇ ਨਾਲ ਖ਼ਤਰੇ ’ਚ ਪਾ ਦਿੱਤਾ ਹੈ। ਮਹਾਂਮਾਰੀ ਕਾਰਨ ਈ-ਲਰਨਿੰਗ ਦੇ ਵਿਲੱਖਣ ਉਭਾਰ ਸਦਕਾ ਵਿਦਿਅਕ ਖੇਤਰ ’ਚ ਵੱਡਾ ਤਕਨੀਕੀ ਬਦਲਾਅ ਨਜ਼ਰ ਆਇਆ ਹੈ, ਜਿਸ ਨਾਲ ਸਿੱਖਿਆ ਦਾ ਪ੍ਰਵਾਹ ਸੰਪੂਰਨ ਤੌਰ ’ਤੇ ਡਿਜੀਟਲ ਮੰਚਾਂ ’ਤੇ ਆ ਗਿਆ ਹੈ। ਪ੍ਰੋ. ਫਾਈਂਡਲੇ ਨੇ ਕਿਹਾ ਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ ਰਿਵਾਇਤੀ ਵਿਦਿਅਕ ਢਾਂਚੇ ਨੂੰ ਅਪਣਾ ਕੇ ਚੁਣੌਤੀ ਭਰੇ ਭਵਿੱਖ ਦਾ ਸਾਹਮਣਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉੱਚ ਵਿਦਿਅਕ ਸੰਸਥਾਵਾਂ ਨੂੰ ਨਵੀਂਆਂ ਉਭਰ ਰਹੀਆਂ ਤਕਨੀਕਾਂ ਦੇ ਅਨੁਕੂਲ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਕੋਵਿਡ ਦੀ ਸੁਆਹ ਤੋਂ ਅਸੀਂ ਇੱਕ ਨਵਾਂ ਭਵਿੱਖ ਬਣਾ ਸਕਦੇ ਹਨ, ਪਰ ਇਸਦੇ ਲਈ ਵਚਨਬੱਧ, ਮਜ਼ਬੂਤ ਅਤੇ ਨਵੀਨਤਾਕਾਰੀ ਲੀਡਰਸ਼ਿਪ ਦੀ ਜ਼ਰੂਰਤ ਹੋਵੇਗੀ, ਜੋ ਰਿਵਾਇਤੀ ਵਿਦਿਅਕ ਮਾਡਲ ਤੋਂ ਉਪਰ ਉਠ ਕੇ ਵਿਦਿਆਰਥੀਆਂ ਦੀ ਮੰਗ ਨੂੰ ਪੂਰਾ ਕਰਨ ’ਤੇ ਕੇਂਦਰਤ ਹੋਵੇ।
ਕੰਪਾਲਾ ਇੰਟਰਨੈਸ਼ਨਲ ਯੂਨੀਵਰਸਿਟੀ ਯੂਗਾਂਡਾ ਦੇ ਵਾਈਸ ਚਾਂਸਲਰ ਪ੍ਰੋ. ਮੁਹੰਮਦ ਐਮਪੇਜ਼ਾਮਿਹੋਗੋ ਨੇ ਕਿਹਾ ਕਿ ਉਚੇਰੀ ਸਿੱਖਿਆ ਨੂੰ ਸਮਾਜ ਅਤੇ ਰਾਸ਼ਟਰੀ ਅਰਥਵਿਵਸਕਾ ਦੇ ਵਿਕਾਸ ਦੇ ਸਾਧਨ ਵਜੋਂ ਵੇਖਿਆ ਜਾਂਦਾ ਹੈ। ਜਿਸ ਦੇ ਮੱਦੇਨਜ਼ਰ ’ਵਰਸਿਟੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਰ ਤਰ੍ਹਾਂ ਦੀ ਸਿਖਲਾਈ, ਹੁਨਰ, ਯੋਗਤਾ ਨਿਰਮਾਣ, ਵਿਸ਼ਵਵਿਆਪੀ ਸੰਚਾਰ ਅਤੇ ਨੈਟਵਰਕ ਪ੍ਰਦਾਨ ਕਰਵਾਉਣ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਨੂੰ ਅਕਾਦਮਿਕ ਉਤਮਤਾ, ਖੋਜ, ਅੰਤਰ-ਅਨੁਸ਼ਾਸਨੀ ਅਧਿਐਨ, ਸਥਿਰਤਾ ਅਤੇ ਭਾਈਚਾਰਕ ਸ਼ਮੂਲੀਅਤ ਦੇ ਖੇਤਰ ਵਿੱਚ ਆਪਸੀ ਸਹਿਯੋਗ ਨਾਲ ਕੰਮ ਕਰਨਾ ਚਾਹੀਦਾ ਹੈ ਜਦਕਿ ਮਹੱਤਵਪੂਰਨ ਹੈ ਕਿ ਨਵੇਂ ਯੁੱਗ ਦੀਆਂ ਯੂਨੀਵਰਸਿਟੀਆਂ ਦੀਆਂ ਵਿਦਿਅਕ ਨੀਤੀਆਂ ਵਿਸ਼ਵ ਪੱਧਰ ’ਤੇ ਢੁੱਕਵੀਂਆਂ ਹੋਣ। ਉਨ੍ਹਾਂ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਨੂੰ ਨਵੀਂ ਦੁਨੀਆਂ ਵਿੱਚ ਸਫ਼ਲ ਹੋਣ ਲਈ ਲੋੜੀਂਦੇ ਹੁਨਰ ਪ੍ਰਦਾਨ ਕਰਵਾਉਣ ਦੀ ਅਪੀਲ ਕੀਤੀ।
‘ਵਿਦਿਆਰਥੀਆਂ ਦੀਆਂ ਇਛਾਵਾਂ ਨੂੰ ਪੂਰਾ ਕਰਨਾ: ਗਲੋਬਲ ਭਾਈਵਾਲੀਆਂ ਰਚਨਾਤਮਕਤਾ ਨੂੰ ਜਨਮ ਦਿੰਦੀਆਂ ਹਨ’ ਵਿਸ਼ੇ ’ਤੇ ਹੋਈ ਵਿਚਾਰ ਗੋਸ਼ਟੀ ਦੌਰਾਨ ਗੱਲਬਾਤ ਕਰਦਿਆਂ ਯੂਨੀਵਰਸਿਟੀ ਆਫ਼ ਸਾਊਥ ਪੈਸੀਫਿਕ ਦੇ ਪ੍ਰੈਜੀਡੈਂਟ ਅਤੇ ਵਾਈਸ ਚਾਂਸਲਰ ਪ੍ਰੋ. ਪਾਲ ਆਹਲੂਵਾਲੀਆ ਨੇ ਕਿਹਾ ਕਿ ਵੱਖ-ਵੱਖ ਉਪਯੋਗਾਂ ਲਈ ਮੌਜੂਦਾ ਅਣਵਰਤੀਆਂ ਥਾਵਾਂ ਨੂੰ ਦੁਬਾਰਾ ਡਿਜ਼ਾਇਨ ਕਰਨ ਅਤੇ ਵਿਦਿਅਕ ਤਕਨਾਲੋਜੀਆਂ ਵਿੱਚ ਇਨੋਵੇਸ਼ਨ ਨੂੰ ਵਧਾਉਣ ਲਈ ਯੂਨੀਵਰਸਿਟੀਆਂ ਨੂੰ ਇੱਕ ਹਾਈਬਿ੍ਰਡ ਉੱਚ ਸਿੱਖਿਆ ਮਾਡਲ ਲਾਗੂ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ ਵਿਦਿਆਰਥੀਆਂ ਦੀਆਂ ਇਛਾਵਾਂ ਨੂੰ ਪੂਰਾ ਕਰਨ ਲਈ ਉੱਚ ਸਿੱਖਿਆ ਸੰਸਥਾਵਾਂ ਨੂੰ ਅਜਿਹੀਆਂ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ ਜੋ ਫੀਡਬੈਕ ਅਤੇ ਮੁਲਾਂਕਣ ਪ੍ਰੀਕਿਰਿਆ ਨੂੰ ਜਿੰਨਾ ਸੰਭਵ ਹੋ ਸਕੇ ਪਰਸਪਰ ਪ੍ਰਭਾਵਸ਼ਾਲੀ ਅਤੇ ਆਕਰਸ਼ਕ ਬਣਾਉਣ।
ਪੱਛਮੀ ਮਿੰਡਾਨਾਉ ਸਟੇਟ ਯੂਨੀਵਰਸਿਟੀ ਫਿਲੀਪੀਨਜ਼ ਦੀ ਪ੍ਰੈਜੀਡੈਂਟ ਪ੍ਰੋ. ਡਾ. ਕਾਰਲਾ ਉਚੋਟੋਰੇਨਾ ਨੇ ਕਿਹਾ ਕਿ ਸਿੱਖਿਆ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਵਿੱਚ ਸੰਪੂਰਨ ਸੰਭਵ ਵਿਕਾਸ ਪ੍ਰਦਾਨ ਕਰਵਾਉਂਦੀ ਹੈ। ਵਿਦਿਆਰਥੀਆਂ ਨੂੰ ਨਵੇਂ ਮੌਕਿਆਂ ਤੋਂ ਜਾਣੂ ਕਰਵਾਉਣਾ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਕਮਜ਼ੋਰੀਆਂ ਬਾਰੇ ਜਾਣਨ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੋਜੈਕਟ ਅਧਾਰਤ ਸਿੱਖਿਆ ਵਿੱਚ ਸ਼ਾਮਲ ਕਰਨਾ ਵਿਦਿਆਰਥੀਆਂ ’ਚ ਦਿ੍ਰੜਤਾ ਨੂੰ ਵਿਕਸਤ ਕਰਨ ’ਚ ਸਹਾਇਤਾ ਕਰੇਗਾ। ਡਾ. ਕਾਰਲਾ ਨੇ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਦੀ ਲੋੜ ਨੂੰ ਪੂਰਾ ਕਰਨ ਲਈ ਸਿੱਖਿਆ ਪ੍ਰਣਾਲੀ ਦਾ ਵਿਕਾਸ ਹੋਣਾ ਲਾਜ਼ਮੀ ਹੈ। ਵਿਸ਼ਵ ਦੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ ਸਹਿਯੋਗ ਦੇ ਵਧੇਰੇ ਮੌਕੇ ਖੋਲ੍ਹਣ ਲਈ ਵਿਦਿਆਰਥੀਆਂ ਦੀ ਹਿੱਤਧਾਰਕਾਂ ਨਾਲ ਡੂੰਘੀ ਸਾਂਝ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਸੰਕਟ ਦੀ ਤਿਆਰੀ ਲਈ ਯੋਜਨਾਬੰਦੀ ਅਤੇ ਪ੍ਰਬੰਧਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸਲਾਮਿਕ ਯੂਨੀਵਰਸਿਟੀ ਆਫ਼ ਗਾਜ਼ਾ, ਫਲਿਸਤੀਨ ਦੇ ਪ੍ਰੋ. ਡਾ. ਨਾਜ਼ਮੀ ਅਲ ਮਸਰੀ ਨੇ ਕਿਹਾ ਕਿ ਸਰਕਾਰ ਅਤੇ ਉੱਚ ਸਿੱਖਿਆ ਸੰਸਥਾਵਾਂ ਦੀ ਰਣਨੀਤਕ ਯੋਜਨਾ ਸਥਾਈ ਵਿਕਾਸ ਟੀਚਿਆਂ, 21ਵੀਂ ਸਦੀ ਦੇ ਹੁਨਰਾਂ, ਇਨੋਵੇਸ਼ਨ, ਭਾਗੀਦਾਰੀ ਅਤੇ ਸਹਿਯੋਗੀ ਪਹੁੰਚ ਦੇ ਆਧਾਰਿਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾਵਾਂ 20ਵੀਂ ਸਦੀ ਦੇ ਕਲਾਸਰੂਪ ਨੂੰ 21ਵੀਂ ਸਦੀ ਦੇ ਅਕਾਦਮਿਕ ਵਾਤਾਵਰਣ ’ਚ ਬਦਲਣ ਦੀ ਲੋੜ ’ਤੇ ਜ਼ੋਰ ਦੇਣ।
ਇਸ ਮੌਕੇ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਕਿਹਾ ਕਿ ਸਿੱਖਿਆ ਜਗਤ ’ਚ ਸਮੇਂ-ਸਮੇਂ ’ਤੇ ਬਦਲਾਅ ਅਤੇ ਵਿਕਾਸ ਹੁੰਦੇ ਆਏ ਹਨ ਪਰ ਮਹਾਂਮਾਰੀ ਸੰਕਟ ਦੌਰਾਨ ਪੈਦਾ ਹੋਈ ਸਥਿਤੀ ਨੇ ਉੱਚ ਸਿੱਖਿਆ ਸੰਸਥਾਵਾਂ ਨੂੰ ਦੁਬਾਰਾ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ ਹੈ। ਨਵੇਂ ਯੁੱਗ ਦੀਆਂ ਯੂਨੀਵਰਸਿਟੀਆਂ ਦੀਆਂ ਅਧਿਆਪਨ ਵਿਧੀਆਂ ਵਿਸ਼ਵਵਿਆਪੀ ਪੱਧਰ ਦੀਆਂ ਹੋਣੀਆਂ ਲਾਜ਼ਮੀ ਹਨ, ਜਿਸ ਸਬੰਧੀ ਸਾਂਝੀ ਵਿਚਾਰ ਚਰਚਾ ਲਈ ਸਿਖਰ ਸੰਮੇਲਨ ਦੇ ਮਾਧਿਅਮ ਰਾਹੀਂ ਦੁਨੀਆਂ ਭਰ ਦੀਆਂ ਸੰਸਥਾਵਾਂ ਨੂੰ ਇੱਕ ਮੰਚ ’ਤੇ ਇਕੱਠੇ ਕੀਤਾ ਗਿਆ ਹੈ।
ਕੋਵਿਡ ਤੋਂ ਬਾਅਦ ਵਿਦਿਆ ਦਾ ਨਵਾਂ ਭਵਿੱਖ ਸਿਰਜਣ ਲਈ ਮਜ਼ਬੂਤ ਅਤੇ ਨਵੀਨਤਾਕਾਰੀ ਲੀਡਰਸ਼ਿਪ ਦੀ ਜ਼ਰੂਰਤ: ਪ੍ਰੋ. ਇਆਨ ਫਾਈਂਡਲੇ
This entry was posted in ਪੰਜਾਬ.